ਸੰਸਦ ’ਚ ਬਿੱਲ ਲਿਆਉਣ ਲਈ ਬੇਅਦਬੀ ਮਾਮਲਿਆਂ ਨਾਲ ਸਬੰਧਤ ਖਰੜਾ ਗਾਂਧੀ ਨੂੰ ਸੌਂਪਿਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਜਨਵਰੀ
ਬੇਅਦਬੀ ਮਾਮਲੇ ਸਬੰਧੀ ਬਣੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੁਖੀ ਸੇਵਾਮੁਕਤ ਆਈਜੀ ਰਣਬੀਰ ਸਿੰਘ ਖੱਟੜਾ ਨੇ ਅੱਜ ਖਰੜਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਸੌਂਪਿਆ ਤੇ ਅਪੀਲ ਕੀਤੀ ਕਿ ਉਹ ਇਸ ਨੂੰ ਪ੍ਰਾਈਵੇਟ ਬਿੱਲ ਵਜੋਂ ਲੋਕ ਸਭਾ ਵਿੱਚ ਪੇਸ਼ ਕਰਨ। ਇਸ ’ਚ ਬੇਅਦਬੀ ਕਰਨ ਵਾਲਿਆਂ ਲਈ ਬਣੇ ਨਵੇਂ ਕਾਨੂੰਨ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 298 ਅਤੇ 299 ਵਿੱਚ ਸੋਧ ਕਰਕੇ ਧਾਰਾ 299 ਏ ਬਣਾਉਣ ਦੀ ਅਪੀਲ ਕੀਤੀ ਗਈ ਹੈ। ਖਰੜਾ ਲੈਣ ਤੋਂ ਬਾਅਦ ਡਾ. ਗਾਂਧੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਨੂੰ ਪ੍ਰਾਈਵੇਟ ਬਿੱਲ ਵਜੋਂ ਸੰਸਦ ਦੇ ਅਗਲੇ ਸੈਸ਼ਨ ਵਿੱਚ ਪੇਸ਼ ਕਰਨਗੇ। ਸ੍ਰੀ ਖੱਟੜਾ ਨੇ ਕਿਹਾ ਹੈ ਕਿ ਇਹ ਖਰੜਾ ਵਕੀਲਾਂ ਤੇ ਸਾਬਕਾ ਜੱਜਾਂ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ। ਖਰੜੇ ਵਿੱਚ ਕਿਹਾ ਗਿਆ ਹੈ ਕਿ ਬੀਐਨਐੱਸ ਧਾਰਾ ਵਿੱਚ ਸੋਧ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਮੇਂ ਦੀ ਮੁੱਖ ਲੋੜ ਹੈ।
ਇਸ ਲਈ ਬੀਐੱਨਐੱਸ ਦੀਆਂ ਧਾਰਾਵਾਂ ਵਿੱਚ ਸੋਧ ਕਰਕੇ ਧਾਰਾ 299-ਏ ਬਣਾਉਣੀ ਚਾਹੀਦੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਅਜਿਹਾ ਕਰਨ ਦੀ ਕੋਸ਼ਿਸ਼ ਜਾਂ ਸਾਜ਼ਿਸ਼ ਕਰਨ ਵਾਲੇ ਲਈ ਸੈਸ਼ਨ ਮੁਕੱਦਮੇ ਰਾਹੀਂ ਉਮਰ ਕੈਦ, ਮੌਤ ਦੀ ਸਜ਼ਾ ਅਤੇ 1 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਲਾਜ਼ਮੀ ਹੋਣੀ ਚਾਹੀਦੀ ਹੈ। ਖਰੜੇ ਅਨੁਸਾਰ ਦੋਸ਼ੀ ਦੀ ਜਾਇਦਾਦ ਦੀ ਕੁਰਕੀ ਵੀ ਕੀਤੀ ਜਾਣੀ ਚਾਹੀਦੀ ਹੈ।