For the best experience, open
https://m.punjabitribuneonline.com
on your mobile browser.
Advertisement

ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ

07:15 AM Nov 20, 2024 IST
ਡਾ  ਸੁਰਜੀਤ ਪਾਤਰ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ
ਡਾ. ਸੁਰਜੀਤ ਪਾਤਰ ਦੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਇਪਸਾ ਦੇ ਅਹੁਦੇਦਾਰ
Advertisement

ਬ੍ਰਿਸਬੇਨ:

Advertisement

ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਇੱਥੇ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਡਾ. ਸੁਰਜੀਤ ਪਾਤਰ ਯਾਦਗਾਰੀ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਭਾਰਤ ਤੋਂ ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਦੇ ਧਰਮ-ਪਤਨੀ ਸ੍ਰੀਮਤੀ ਭੁਪਿੰਦਰ ਕੌਰ ਪਾਤਰ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਭੁਪਿੰਦਰ ਕੌਰ ਪਾਤਰ ਨੇ ਸੁਰਜੀਤ ਪਾਤਰ ਦੀ ਯਾਦ ਵਿੱਚ ਸ਼ਮਾ ਰੋਸ਼ਨ ਕਰਦਿਆਂ, ਉਨ੍ਹਾਂ ਨੂੰ ਨਮਨ ਕੀਤਾ।
ਇਸ ਤੋਂ ਬਾਅਦ ਜਸਟਿਸ ਆਫ ਪੀਸ ਦਲਵੀਰ ਹਲਵਾਰਵੀ, ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ, ਇਪਸਾ ਦੇ ਸੈਕਟਰੀ ਸਰਬਜੀਤ ਸੋਹੀ, ਗੀਤਕਾਰ ਨਿਰਮਲ ਸਿੰਘ ਦਿਓਲ ਅਤੇ ਸਰਬਜੀਤ ਸਿੰਘ ਗੋਰਾਇਆ ਨੇ ਆਪੋ ਆਪਣੇ ਸ਼ਬਦਾਂ ਨਾਲ ਡਾ. ਪਾਤਰ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਵਿਚਾਰ ਰੱਖੇ। ਅਮਨਪ੍ਰੀਤ ਕੌਰ ਟੱਲੇਵਾਲ ਨੇ ਸੁਰਜੀਤ ਪਾਤਰ ਦੀ ਮਸ਼ਹੂਰ ਕਵਿਤਾ ‘ਉਡੀਕ ਖ਼ਤਾਂ ਦੀ’ ਨਾਲ ਮਾਹੌਲ ਭਾਵਪੂਰਤ ਬਣਾ ਦਿੱਤਾ। ਗਾਇਕ ਜੱਸ ਮੱਲੀ ਨੇ ਉਨ੍ਹਾਂ ਦੇ ਕੁਝ ਸ਼ਿਅਰ ਅਤੇ ਇੱਕ ਗੀਤ ਪੇਸ਼ ਕੀਤਾ।
ਸਮਾਰੋਹ ਦੇ ਦੂਸਰੇ ਭਾਗ ਵਿੱਚ ਅਮਰੀਕਾ ਤੋਂ ਆਏ ਫਿਲਮਸਾਜ਼ ਅਤੇ ਅਦਾਕਾਰ ਬੌਬ ਖਹਿਰਾ ਨੇ ਡਾ. ਪਾਤਰ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨਾਲ ਬੀਤੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਇੱਕ ਗੀਤ ਸਰੋਤਿਆਂ ਦੀ ਨਜ਼ਰ ਕੀਤਾ। ਡਾ. ਪਾਤਰ ਦੇ ਪੋਤੇ ਅਵੀਰ ਪਾਤਰ ਨੇ ਤੋਤਲੀ ਭਾਸ਼ਾ ਵਿੱਚ ਆਪਣੇ ਦਾਦਾ ਜੀ ਨਾਲ ਬਿਤਾਏ ਪਲ ਦੀਆਂ ਯਾਦਾਂ ਅਤੇ ਇੱਕ ਬਾਲ ਗੀਤ ਬੋਲ ਕੇ ਖ਼ੂਬਸੂਰਤ ਹਾਜ਼ਰੀ ਲਵਾਈ। ਅੰਤ ਵਿੱਚ ਸ੍ਰੀਮਤੀ ਭੁਪਿੰਦਰ ਕੌਰ ਪਾਤਰ ਨੇ ਡਾ. ਸੁਰਜੀਤ ਪਾਤਰ ਨਾਲ ਜੀਵਨ ਸਾਥੀ ਵਜੋਂ ਬਿਤਾਏ ਪਲਾਂ ਅਤੇ ਉਨ੍ਹਾਂ ਦੇ ਸੁਭਾਅ ਬਾਰੇ ਕੁਝ ਗੱਲਾਂ ਕੀਤੀਆਂ। ਉਨ੍ਹਾਂ ਨੇ ਸੁਰਜੀਤ ਪਾਤਰ ਦੀ ਜੀਵਨਸ਼ੈਲੀ ਅਤੇ ਆਮ ਜੀਵਨ ਵਿੱਚ ਸ਼ੌਕ ਅਤੇ ਨਜ਼ਰੀਏ ਬਾਰੇ ਕਾਫ਼ੀ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਡਾ. ਪਾਤਰ ਦੀ ਇੱਕ ਗ਼ਜ਼ਲ ਤਰੰਨੁਮ ਵਿੱਚ ਬੋਲਦਿਆਂ ਉਨ੍ਹਾਂ ਦੇ ਅੰਦਾਜ਼ ਅਤੇ ਆਵਾਜ਼ ਨੂੰ ਮੁੜ ਤਾਜ਼ਾ ਕਰਵਾ ਦਿੱਤਾ। ਇਪਸਾ ਵੱਲੋਂ ਉਨ੍ਹਾਂ ਨੂੰ ਐਵਾਰਡ ਆਫ ਆਨਰ ਨਾਲ ਨਿਵਾਜਿਆ ਗਿਆ। ਇਸ ਮੌਕੇ ਜਰਨੈਲ ਸਿੰਘ ਬਾਸੀ, ਪਾਲ ਰਾਊਕੇ, ਮੇਜਰ ਹੇਅਰ, ਗੁਰਜੀਤ ਸਿੰਘ ਉੁਪਲ, ਬਿਕਰਮਜੀਤ ਸਿੰਘ ਚੰਦੀ, ਜਸਬੀਰ ਕੌਰ ਅਤੇ ਪ੍ਰਿੰਸ ਨੀਲੋਂ ਆਦਿ ਹਾਜ਼ਰ ਸਨ। ਸਮਾਗਮ ਵਿੱਚ ਹਾਲੈਂਡ ਰਹਿੰਦੇ ਲੇਖਕ ਜੋਗਿੰਦਰ ਸਿੰਘ ਬਾਠ ਦੀ ਕਿਤਾਬ ‘ਕੈਨੇਡਾ ਮੈਂ ਜਾਣਾ’ ਲੋਕ ਅਰਪਣ ਕੀਤੀ ਗਈ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਨਿਭਾਈ ਗਈ।
ਖ਼ਬਰ ਸਰੋਤ: ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ

Advertisement

Advertisement
Author Image

joginder kumar

View all posts

Advertisement