For the best experience, open
https://m.punjabitribuneonline.com
on your mobile browser.
Advertisement

ਡਾ. ਗਾਂਧੀ ਖ਼ਿਲਾਫ਼ ਨਰਮ ਪਈਆਂ ਕਾਂਗਰਸ ਦੀਆਂ ਟਕਸਾਲੀ ਸੁਰਾਂ

08:54 AM Apr 26, 2024 IST
ਡਾ  ਗਾਂਧੀ ਖ਼ਿਲਾਫ਼ ਨਰਮ ਪਈਆਂ ਕਾਂਗਰਸ ਦੀਆਂ ਟਕਸਾਲੀ ਸੁਰਾਂ
ਪਟਿਆਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਅਪਰੈਲ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਅੱਜ ਪਟਿਆਲਾ ਦੇ ਸਾਰੇ ਟਕਸਾਲੀ ਕਾਂਗਰਸੀ ਤੇ ਹੋਰ ਆਗੂ ਇਕਜੁੱਟ ਨਜ਼ਰ ਆਏ। ਅੱਜ ਸਾਰਿਆਂ ਨੇ ਇਕ ਸੁਰ ਵਿੱਚ ਡਾ. ਧਰਮਵੀਰ ਗਾਂਧੀ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਪਰ ਇੱਥੇ ਨਵਜੋਤ ਸਿੱਧੂ ਨੂੰ ਬਿਲਕੁਲ ਹੀ ਕਾਂਗਰਸ ਵਿੱਚੋਂ ਦਰਕਿਨਾਰ ਕਰਨ ਦਾ ਪੱਖ ਵੀ ਨਜ਼ਰ ਆਇਆ। ਨਵਜੋਤ ਸਿੱਧੂ ਦੀ ਕੋਠੀ ਤੋਂ ਮਹਿਜ਼ 400 ਮੀਟਰ ਦੂਰ ਹੋਈ ਇਸ ਪ੍ਰੈੱਸ ਕਾਨਫ਼ਰੰਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸਿੱਧੂ ਬਾਰੇ ਗੱਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ,‘‘ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ, ਇਹ ਉਨ੍ਹਾਂ ਨੂੰ ਪੁੱਛਣਾ ਬਣਦਾ ਹੈ ਕਿ ਉਹ ਕਾਂਗਰਸ ਦਾ ਪ੍ਰਚਾਰ ਕਰਨ ਲਈ ਕਦੋਂ ਆਉਣਗੇ?’’ ਇੱਥੇ ਹੀ ਰਾਜਾ ਵੜਿੰਗ ਨੇ ਮੁਅੱਤਲ ਕੀਤੇ ਨਵਜੋਤ ਸਿੱਧੂ ਦੇ ਸਮਰਥਕਾਂ ਨੂੰ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਵੀ ਚੋਣਾਂ ਦੌਰਾਨ ਕੇ ਮਿਹਨਤ ਨਾਲ ਕੰਮ ਕਰੇਗਾ ਉਸ ਨੂੰ ਪਾਰਟੀ ਵਿੱਚ ਵਾਪਸ ਲੈ ਲਿਆ ਜਾਵੇਗਾ ਪਰ ਇਸ ਵੇਲੇ ਉਨ੍ਹਾਂ ਪ੍ਰਤੀ ਸਾਡਾ ਕੋਈ ਵਿਚਾਰ ਨਹੀਂ ਹੈ।’’
ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਆਜ਼ਾਦ ਚੋਣ ਲੜਨ ਬਾਰੇ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਵੇਲੇ ਉਹ ਜਵਾਬ ਦੇ ਗਏ, ਹੁਣ ਵੀ ਉਹ ਸਾਡੇ ਪਰਿਵਾਰ ਦੇ ਮੈਂਬਰ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਪਾਰਟੀ ਨਾਲ ਬਣੇ ਰਹਿਣ। ਇਸ ਵੇਲੇ ਜਲੰਧਰ ਦੇ ਵਿਕਰਮ ਚੌਧਰੀ ਬਾਰੇ ਚੱਲ ਰਹੇ ਘਮਸਾਣ ਬਾਰੇ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੌਧਰੀ ਪਰਿਵਾਰ ਨੂੰ ਯਕਦਮ ਤਿੰਨ ਤਿੰਨ ਟਿਕਟਾਂ ਦਿੱਤੀਆਂ ਹਨ ਜੇਕਰ ਫੇਰ ਵੀ ਉਹ ਪਾਰਟੀ ਨਾਲ ਗ਼ੱਦਾਰੀ ਕਰਦੇ ਹਨ ਤਾਂ ਪੰਜਾਬ ਦੇ ਲੋਕ ਇਸ ਬਾਰੇ ਹਿਸਾਬ ਲੈਣ।
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਤੋਂ ਲੈ ਕੇ ਸਾਰੀਆਂ ਸੰਵਿਧਾਨਕ ਸੰਸਥਾਵਾਂ ’ਤੇ ਕਬਜ਼ਾ ਕਰ ਕੇ ਉਨ੍ਹਾਂ ਦੇ ਸਿਧਾਂਤ ਖ਼ਤਮ ਕਰਨ ਦੀ ਕਗਾਰ ਦੇ ਪਹੁੰਚਾ ਦਿੱਤੇ ਹਨ। ਜੇਕਰ ਭਾਰਤ ਦੇ ਲੋਕਾਂ ਨੇ ਰਾਹੁਲ ਗਾਂਧੀ ਦਾ ਸਾਥ ਦਿੱਤਾ ਤਾਂ ਪੰਜਾਬ ਦੇ ਲਟਕਦੇ ਮੁੱਦਿਆਂ ਨੂੰ ਹੱਲ ਕਰਾਉਣ ਲਈ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਾਲ ਮਿਲ ਕੇ ਚੰਡੀਗੜ੍ਹ ਪੰਜਾਬ ਨੂੰ ਦਿਵਾਉਣਾ, ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਕਰਾਉਣ ਜਿਹੇ ਮੁੱਦੇ ਹੱਲ ਕਰਵਾਉਣਗੇ।

Advertisement

ਇੰਡੀਆ ਗੱਠਜੋੜ ਦੌਰਾਨ ‘ਆਪ’ ਨਾਲ ਸਟੇਜ ਸਾਂਝੀ ਨਹੀਂ ਕਰਾਂਗੇ: ਵੜਿੰਗ

ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਬਿਆਨ ਵੀ ਦਿੱਤਾ ਕਿ ਉਹ ਇੰਡੀਆ-ਗੱਠਜੋੜ ਦੌਰਾਨ ਚੋਣ ਲੜ ਰਹੇ ਪਾਰਟੀ ਦੇ ਕਿਸੇ ਵੀ ਉਮੀਦਵਾਰ ਦੇ ਪੱਖ ਵਿੱਚ ਨਾ ਤਾਂ ਚੰਡੀਗੜ੍ਹ ਨਾ ਹੀ ਭਾਰਤ ਵਿੱਚ ਕਿਤੇ ਹੋਰ ਚੋਣ ਪ੍ਰਚਾਰ ਕਰਨ ਲਈ ਜਾਣਗੇ ਨਾ ਹੀ ਕਿਤੇ ਵੀ ‘ਆਪ’ ਨਾਲ ਸਟੇਜ ਸਾਂਝੀ ਕਰਨਗੇ। ਉਨ੍ਹਾਂ ਕਿਹਾ ,‘‘ਜੇਕਰ ਅਜਿਹਾ ਹੀ ਕਰਨਾ ਹੁੰਦਾ ਤਾਂ ਸੰਗਰੂਰ ਤੋਂ ਉਹ ਇਕ ਕਾਬਲ ਉਮੀਦਵਾਰ ਸੁਖਪਾਲ ਖਹਿਰਾ ਨਾ ਉਤਾਰਦੇ, ਸਾਡੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨਾਲ ਤੇ ਪੰਜਾਬ ਸਰਕਾਰ ਨਾਲ ਸਿੱਧੀ ਲੜਾਈ ਹੈ ਕਿਉਂਕਿ ਪੰਜਾਬ ਦੀ ‘ਆਪ’ ਸਰਕਾਰ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ।’’

Advertisement
Author Image

sukhwinder singh

View all posts

Advertisement
Advertisement
×