For the best experience, open
https://m.punjabitribuneonline.com
on your mobile browser.
Advertisement

ਡਾ. ਸੁਰਜੀਤ ਪਾਤਰ ਨੂੰ ‘ਧਰਤੀ ਦੇ ਗੀਤ’ ਸਨਮਾਨ ਨਾਲ ­ਨਿਵਾਜਿਆ

08:55 AM Jun 10, 2024 IST
ਡਾ  ਸੁਰਜੀਤ ਪਾਤਰ ਨੂੰ ‘ਧਰਤੀ ਦੇ ਗੀਤ’ ਸਨਮਾਨ ਨਾਲ ­ਨਿਵਾਜਿਆ
ਡਾ. ਸੁਰਜੀਤ ਪਾਤਰ ਦੇ ਪਰਿਵਾਰ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਲਖਵੀਰ ਸਿੰਘ ਚੀਮਾ/ਪਰਸ਼ੋਤਮ ਬੱਲੀ
ਟੱਲੇਵਾਲ/ਬਰਨਾਲਾ, 9 ਜੂਨ
ਗੁਰਸ਼ਰਨ ਸਿੰਘ ਸਲਾਮ ਕਾਫ਼ਲਾ ਵੱਲੋਂ ਮਰਹੂਮ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਲੋਕ ਸ਼ਰਧਾਂਜਲੀ ਅਤੇ ਸਨਮਾਨ ਸਮਾਗਮ ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋਇਆ। ਸਮਾਗਮ ਦੀ ਸ਼ੁਰੂਆਤ ਮੌਕੇ ਡਾ. ਪਾਤਰ ਦੀਆਂ ਮਕਬੂਲ ਸਤਰਾਂ ‘ਜਗਾ ਦੇ ਮੋਮਬੱਤੀਆਂ’ ਉਨ੍ਹਾਂ ਦੀ ਆਵਾਜ਼ ’ਚ ਗੂੰਜਿਆ ਅਤੇ ਸਭ ਨੇ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ।
ਸਲਾਮ ਕਾਫ਼ਲਾ ਮੰਚ ਵੱਲੋਂ ‘ਧਰਤੀ ਦਾ ਗੀਤ’ ਸਨਮਾਨ ਚਿੰਨ੍ਹ ਡਾ. ਪਾਤਰ ਦੇ ਪਰਿਵਾਰ ਨੂੰ ਭੇਟ ਕੀਤਾ ਗਿਆ। ਸਨਮਾਨ ਦੀ ਰਸਮ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ,­ ਪੰਜਾਬੀ ਨਾਟਕਕਾਰ ਡਾ. ਸਵਰਾਜਬੀਰ ਸਣੇ ਸਟੇਜ ’ਤੇ ਹਾਜ਼ਰ ਲੇਖਕਾਂ ਤੇ ਆਗੂਆਂ ਨੇ ਅਦਾ ਕੀਤੀ। ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਅਤੇ ਪੁੱਤਰ ਮਨਰਾਜ ਪਾਤਰ ਨੇ ਆਪਣੇ ਵਲਵਲੇ ਡਾ. ਪਾਤਰ ਦੀਆਂ ਗਜ਼ਲਾਂ ਰਾਹੀਂ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੰਚ ’ਤੇ ਮੌਜੂਦ ਸਨ।
ਪਹਿਲਾਂ ਮੰਚ ਦੇ ਆਗੂਆਂ ਅਤੇ ਸਾਹਿਤਕਾਰਾਂ ਨੇ ਲੋਕਾਂ ਨਾਲ ਸੁਰਜੀਤ ਪਾਤਰ ਦੇ ਵਿਛੋੜੇ ਮਗਰੋਂ ਦੇ ਵਲਵਲਿਆਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਸਾਹਿਤਕ ਘਾਲਣਾ ਸਣੇ ਕਵਿਤਾ ਦੀ ਅਮੀਰੀ ਬਾਰੇ ਚਰਚਾ ਕੀਤੀ। ਕਨਵੀਨਰ ਜਸਪਾਲ ਜੱਸੀ ਨੇ ਕਿਹਾ ਕਿ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਜੜ੍ਹਾਂ ਲੋਕਾਂ ਦੀ ਧਰਤੀ ’ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੀ ਕਵਿਤਾ ਹਮੇਸ਼ਾ ਲੋਕਾਂ ਦੇ ਦੁੱਖਾਂ ਸੁੱਖਾਂ ਦੀ ਆਵਾਜ਼ ਬਣ ਕੇ ਧੜਕੀ ਤੇ ਇਸ ਕਰਕੇ ਉਹ ਇੱਕ ਸ਼ਕਤੀਸ਼ਾਲੀ ਕਵੀ ਵਜੋਂ ਪ੍ਰਵਾਨ ਚੜ੍ਹੇ। ਉਨ੍ਹਾਂ ਪੰਜਾਬੀ ਸਾਹਿਤ ਦੀ ਗੁਰਬਾਣੀ ਤੋਂ ਤੁਰੀ ਆਉਂਦੀ ਅਮੀਰ ਲੋਕ ਪੱਖੀ ਵਿਰਾਸਤ ਨੂੰ ਆਤਮਸਾਤ ਕੀਤਾ ਹੋਇਆ ਸੀ।
ਡਾ. ਸਵਰਾਜਬੀਰ ਨੇ ਕਿਹਾ ਕਿ ਜਿਸ ਮਨੁੱਖਤਾ ਦਾ ਹੋਕਾ ਸੁਰਜੀਤ ਪਾਤਰ ਨੇ ਆਪਣੀਆਂ ਕਵਿਤਾਵਾਂ,­ ਗ਼ਜ਼ਲਾਂ ਅਤੇ ਆਪਣੀ ਸ਼ਾਇਰੀ ਵਿੱਚ ਦਿੱਤਾ,­ ਉਸ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਲੋਕਾਈ ਦੇ ਦੁੱਖਾਂ­, ਦੁਸ਼ਵਾਰੀਆਂ­, ਤਕਲੀਫ਼ਾਂ,­ ਮਜਬੂਰੀਆਂ­, ਸੰਤਾਪਾਂ ਅਤੇ ਸੰਘਰਸ਼ਾਂ ਦਾ ਬੁਲਾਰਾ ਸੀ। ਉਨ੍ਹਾਂ ਡਾ. ਪਾਤਰ ਦੀਆਂ ਲਿਖਤਾਂ ਦੇ ਹਵਾਲੇ ਦਿੰਦਿਆਂ ਉਨ੍ਹਾਂ ਦੇ ਰਾਹਾਂ ’ਤੇ ਚੱਲਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਡਾ. ਨਵਸ਼ਰਨ, ਡਾ. ਸਾਹਿਬ ਸਿੰਘ, ਸੁਖਦੇਵ ਸਿੰਘ ਸਿਰਸਾ ਨੇ ਡਾ. ਪਾਤਰ ਨੂੰ ਲੋਕਾਂ ਦਾ ਵੱਡਾ ਕਵੀ ਕਰਾਰ ਦਿੱਤਾ। ਡਾ. ਪਾਤਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਸਾਂਭੇ ਸਾਹਿਤਕ ਮੋਰਚੇ ਦੀ ਭੂਮਿਕਾ ਦੀ ਵਿਸ਼ੇਸ਼ ਤੌਰ ’ਤੇ ਚਰਚਾ ਹੋਈ। ਸਮਾਗਮ ਵਿੱਚ ਹਾਜ਼ਰ ਨਾ ਹੋ ਸਕੇ ਕਹਾਣੀਕਾਰ ਗੁਰਬਚਨ ਭੁੱਲਰ, ਵਰਿਆਮ ਸਿੰਘ ਸੰਧੂ, ਨਾਟਕਕਾਰ ਆਤਮਜੀਤ, ਸੁਖਵਿੰਦਰ ਅੰਮ੍ਰਿਤ ਅਤੇ ਕਵੀ ਗੁਰਭਜਨ ਗਿੱਲ ਵੱਲੋਂ ਭੇਜੇ ਗਏ ਸਨੇਹੇ ਮੰਚ ਤੋਂ ਸਾਂਝੇ ਕੀਤੇ ਗਏ।
ਸਲਾਮ ਕਾਫ਼ਲੇ ਵੱਲੋਂ ਪ੍ਰਕਾਸ਼ਿਤ ਡਾ. ਪਾਤਰ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੁਸਤਕ ‘ਪਿੰਜਰੇ ਤੋਂ ਪਰਵਾਜ਼ ਵੱਲ’ ਅਤੇ ਡਾ. ਪਾਤਰ ਬਾਰੇ ਪ੍ਰਕਾਸ਼ਿਤ ਮੈਗਜ਼ੀਨ ‘ਸਲਾਮ’ ਦਾ ਅੰਕ ਲੋਕ ਅਰਪਣ ਕੀਤੇ ਗਏ। ਨਾਟਕ ਨਿਰਦੇਸ਼ਕ ਕੇਵਲ ਧਾਲੀਵਾਲ ਵੱਲੋਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ’ਤੇ ਆਧਾਰਤ ਕਲਾ ਵੰਨਗੀ ‘ਅਸੀਂ ਹੁਣ ਮੁੜ ਨਹੀਂ ਸਕਦੇ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਹੋਈ। ਮੰਚ ਸੰਚਾਲਨ ਅਮੋਲਕ ਸਿੰਘ ਵੱਲੋਂ ਕੀਤਾ ਗਿਆ।

Advertisement

Advertisement
Advertisement
Author Image

sukhwinder singh

View all posts

Advertisement