ਪਿੰਡ ਵਾਹਦ ’ਚ ਸ਼ਾਮਲਾਤ ਜ਼ਮੀਨ ’ਤੇ ਡਾ. ਅੰਬੇਦਕਰ ਦਾ ਬੁੱਤ ਲਗਾਉਣ ਤੋਂ ਤਣਾਅ
ਜਸਬੀਰ ਸਿੰਘ ਚਾਨਾ
ਫਗਵਾੜਾ, 26 ਜੁਲਾਈ
ਇਥੇ ਪਿੰਡ ਵਾਹਦ ਵਿੱਚ ਸ਼ਾਮਲਾਟ ਜ਼ਮੀਨ ’ਤੇ ਡਾਕਟਰ ਅੰਬੇਦਕਰ ਦਾ ਬੁੱਤ ਲਗਾਉਣ ਦੇ ਮਾਮਲੇ ’ਤੇ ਤਣਾਅ ਪੈਦਾ ਹੋ ਗਿਆ। ਪੁਲੀਸ ਨੂੰ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕਾਬੂ ਕੀਤਾ। ਡੀ.ਐਸ.ਪੀ. ਪਰਮਜੀਤ ਸਿੰਘ ਤੇ ਐਸ.ਐਚ.ਓ ਅਮਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪਿੰਡ ਦੇ ਗੁਰੂ ਰਵਿਦਾਸ ਗੁਰਦੁਆਰੇ ਦੇ ਨਾਲ ਲੱਗਦੀ ਜ਼ਮੀਨ ’ਤੇ ਜਗਤਾਰ ਸਿੰਘ, ਸੁਰਿੰਦਰ ਸਿੰਘ ਤੇ ਹਰਜਿੰਦਰ ਸਿੰਘ ਪਿਛਲੇ 40-50 ਸਾਲ ਤੋਂ ਕਾਬਜ਼ ਹਨ। ਇਹ ਜ਼ਮੀਨ ਪੰਚਾਇਤ ਨੇ ਸਬੰਧਿਤ ਧਿਰਾਂ ਨੂੰ ਅਲਾਟ ਕੀਤੀ ਹੋਈ ਸੀ ਜਿਸ ਦਾ ਮਾਮਲਾ ਬੀ.ਡੀ.ਪੀ.ਓ ਕੋਲ ਚੱਲ ਰਿਹਾ ਹੈ। ਕਾਬਜ਼ਕਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸਬੰਧਤ ਜ਼ਮੀਨ ’ਤੇ ਚਾਰ ਦੀਵਾਰੀ ਕੀਤੀ ਹੋਈ ਸੀ। ਪਿੰਡ ਦੇ ਕੁਝ ਲੋਕਾਂ ਨੇ ਬਾਹਰੋਂ ਬੁਲਾਏ ਲੋਕਾਂ ਦੇ ਸਹਿਯੋਗ ਨਾਲ ਹਥਿਆਰਾ ਨਾਲ ਇਸ ਜਗ੍ਹਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ’ਤੇ ਉਥੇ ਕੀਤੀ ਉਸਾਰੀ ਢਾਹੁਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਤੇ ਧਮਕੀਆਂ ਦਿੱਤੀਆਂ ਜਿਸ ਦੀ ਉਸ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਕਿ ਅੱਜ 100 ਦੇ ਕਰੀਬ ਵਿਅਕਤੀਆਂ ਨੇ ਇਕੱਠੇ ਹੋ ਕੇ ਸਬੰਧਤ ਥਾਂ ’ਤੇ ਡਾਕਟਰ ਅੰਬੇਦਕਰ ਦਾ ਬੁੱਤ ਲੱਗਾ ਜਿਸ ਕਾਰਨ ਉਥੇ ਮਾਹੌਲ ਤਣਾਅਪੂਰਨ ਹੋ ਗਿਆ। ਸੂਚਨਾ ਮਿਲਣ ’ਤੇ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਡੀ.ਐਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰ ਅੰਬੇਦਕਰ ਦੇ ਬੁੱਤ ਨੂੰ ਅਰਦਾਸ ਕਰ ਕੇ ਗੁਰਦੁਆਰੇ ਵਿੱਚ ਰਖਵਾ ਦਿੱਤਾ ਗਿਆ ਹੈ।