ਡਾ. ਵਿਕਰਮ ਸਿੰਘ ਦੀ ਯੂਪੀਐੱਸਸੀ ਵਲੋਂ ਆਈਆਈਐੱਸ ਅਧਿਕਾਰੀ ਵਜੋਂ ਚੋਣ
ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਜੁਲਾਈ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਵੱਲੋਂ ਐਲਾਨੇ ਨਤੀਜੇ ਵਿੱਚ ਡਾ. ਵਿਕਰਮ ਸਿੰਘ ਦੀ ਚੋਣ ਸੀਨੀਅਰ ਗਰੇਡ ਆਫ਼ ਇੰਡੀਅਨ ਇਨਫ਼ਰਮੇਸ਼ਨ ਸਰਵਿਸ (ਆਈ.ਆਈ.ਐੱਸ) ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਯੂ.ਪੀ.ਐੱਸ.ਸੀ ਵੱਲੋਂ ਇਸ ਸਰਵਿਸ ਵਿੱਚ ਪੰਜਾਬੀ ਭਾਸ਼ਾ ਤਹਿਤ ਸਿਰਫ਼ ਇੱਕ ਉਮੀਦਵਾਰ ਦੀ ਹੀ ਚੋਣ ਕੀਤੀ ਗਈ ਹੈ। ਇਸ ਮੌਕੇ ਡਾ. ਵਿਕਰਮ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੇ ਪਿਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਤੋਂ ਸੇਵਾਮੁਕਤ ਪੰਜਾਬੀ ਮਾਸਟਰ ਜਸਬੀਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਜੀ ਦੀ ਰਹਨਿੁਮਾਈ ਅਤੇ ਸੰਘਰਸ਼ ਸ਼ਾਮਿਲ ਹੈ। ਡਾ. ਵਿਕਰਮ ਸਿੰਘ ਮੌਜੂਦਾ ਸਮੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵਿੱਚ ਮੀਡੀਆ ਅਸਿਸਟੈਂਟ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਹ ਪੰਜਾਬ ਦੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਸੰਗਰੂਰ ਵਿਚ ਸੇਵਾਵਾਂ ਨਿਭਾਅ ਚੁੱਕੇ ਹਨ, ਜਿੱਥੇ ਉਨ੍ਹਾਂ ਵੱਲੋਂ ਸਿਹਤ ਸੰਚਾਰ ਵਿੱਚ ‘ਸੱਥ ਜਾਗਰੂਕਤਾ’ ਅਤੇ ਸੋਸ਼ਲ ਮੀਡੀਆ ਤਹਿਤ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਸਨ। ਡਾ. ਵਿਕਰਮ ਪੱਤਰਕਾਰੀ ਅਤੇ ਜਨ ਸੰਚਾਰ ਦੇ ਖੇਤਰ ਵਿੱਚ ਪੀਐਚਡੀ ਹਨ ਅਤੇ ਗਰੈਜੂਏਸ਼ਨ ਵਿੱਚ ਯੂਨੀਵਰਸਿਟੀ ਮੈਡਲਿਸਟ ਰਹੇ ਹਨ। ਉਨ੍ਹਾਂ ਵੱਲੋਂ ‘ਮੀਡੀਆ ਦਾ ਮਾਇਆਜਾਲ’ ਅਤੇ ‘ਜਜ਼ਬਾਤ’ ਕਿਤਾਬਾਂ ਲਿਖੀਆਂ ਗਈਆਂ ਹਨ।