ਡਾ. ਸਰੂਪ ਸਿੰਘ ਅਲੱਗ ਦੀ ਪੁਸਤਕ ‘ਹਰਿਮੰਦਰ ਦਰਸ਼ਨ’ ਰਿਲੀਜ਼
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਜੁਲਾਈ
ਸਿੱਖ ਕੌਮ ਦੇ ਮਹਾਨ ਬੁਧੀਜੀਵੀ ਸਵਰਗੀ ਡਾ. ਸਰੂਪ ਸਿੰਘ ਅਲੱਗ ਦੀ ਵਿਸ਼ਵ ਪੱਧਰੀ ਪਛਾਣ ਬਣਾ ਚੁੱਕੀ ਪੁਸਤਕ ‘ਹਰਿਮੰਦਰ ਦਰਸ਼ਨ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਿਲੀਜ਼ ਕੀਤੀ ਹੈ। ਐਡਵੋਕੇਟ ਧਾਮੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁਸਤਕ ਰਿਲੀਜ਼ ਕਰਦਿਆਂ ਡਾ. ਸਰੂਪ ਸਿੰਘ ਅਲੱਗ ਵੱਲੋਂ ਆਰੰਭੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਸਰੂਪ ਸਿੰਘ ਅਲੱਗ ਵੱਲੋਂ ਚਲਾਏ ਸ਼ਬਦ ਲੰਗਰ ਦੀ ਚਰਚਾ ਬਹੁਤ ਸਤਿਕਾਰ ਨਾਲ ਸਾਰੇ ਵਿਸ਼ਵ ਵਿੱਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਡਾ. ਅਲੱਗ ਵਰਗਾ ਕੌਮ ਦਰਦੀ ਵਿਰਲਾ ਹੀ ਪੈਦਾ ਹੁੰਦਾ ਹੈ, ਜੋ ਆਪਣੀ ਜ਼ਿੰਦਗੀ ਕਿਸੇ ਕੌਮੀ ਕਾਰਜ ਲਈ ਸਮਰਪਿਤ ਕਰਦਾ ਹੈ। ਉਨ੍ਹਾਂ ਅਲੱਗ ਸ਼ਬਦ ਯੱਗ ਟਰੱਸਟ ਦੀਆਂ ਸਰਗਰਮੀਆਂ ਨੂੰ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਟਰੱਸਟ ਦੇ ਆਗੂ ਡਾ. ਰਮਿੰਦਰ ਦੀਪ ਸਿੰਘ ਅਲੱਗ ਨੇ ਟਰੱਸਟ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਅਲੱਗ ਵੱਲੋਂ ਸ਼ੁਰੂ ਕੀਤੇ ਪੁਸਤਕ ਲੰਗਰ ਨੂੰ ਸੰਗਤ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਰੱਖਿਆ ਜਾ ਰਿਹਾ ਹੈ ਅਤੇ ਦੇਸ਼ ਵਿਦੇਸ਼ ਵਿੱਚ ਵੱਖ-ਵੱਖ ਥਾਵਾਂ ’ਤੇ ਲੱਖਾਂ ਪੁਸਤਕਾਂ ਸੰਗਤ ਨੂੰ ਭੇਟਾ ਰਹਿਤ ਵੰਡੀਆਂ ਗਈਆਂ ਹਨ।