For the best experience, open
https://m.punjabitribuneonline.com
on your mobile browser.
Advertisement

ਡਾ. ਨਰਿੰਦਰ ਸਿੰਘ ਕਪਾਨੀ ਨੂੰ ਯਾਦ ਕਰਦਿਆਂ

06:20 AM Oct 31, 2023 IST
ਡਾ  ਨਰਿੰਦਰ ਸਿੰਘ ਕਪਾਨੀ ਨੂੰ ਯਾਦ ਕਰਦਿਆਂ
Advertisement

ਇੰਜ. ਜਸਬੀਰ ਸਿੰਘ

ਦੇਹਰਾਦੂਨ ਦੇ ਇੱਕ ਹਾਈ ਸਕੂਲ ਵਿਚ ਪੜ੍ਹਦੇ ਬੱਚੇ ਨੂੰ ਜਦੋਂ ਉਸ ਦੇ ਸਾਇੰਸ ਅਧਿਆਪਕ ਨੇ ਦੱਸਿਆ ਕਿ ਪ੍ਰਕਾਸ਼ ਕੇਵਲ ਸਿੱਧੀਆਂ ਰੇਖਾਵਾਂ ਵਿਚ ਯਾਤਰਾ ਕਰਦਾ ਹੈ ਤਾਂ ਉਸ ਦਾ ਦਿਮਾਗ ਇਸ ਗੱਲ ਨਾਲ ਸਹਿਮਤ ਨਹੀ ਹੋਇਆ। ਦਰਅਸਲ ਨਰਿੰਦਰ ਸਿੰਘ ਨਾਮ ਦਾ ਇਹ ਬੱਚਾ ਕਈ ਸਾਲਾਂ ਤੋਂ ਬਾਕਸ ਕੈਮਰੇ ਨਾਲ ਖੇਡਦਾ ਸੀ ਅਤੇ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਪ੍ਰਕਾਸ਼ ਨੂੰ ਲੈਂਸ ਅਤੇ ਪ੍ਰਜਿ਼ਮ ਨਾਲ ਵੱਖ ਵੱਖ ਦਿਸ਼ਾਵਾਂ ਵਿਚ ਮੋੜਿਆ ਜਾ ਸਕਦਾ ਹੈ। ਜਦ ਉਸ ਬੱਚੇ ਨੇ ਅਧਿਆਪਕ ਪਾਸੋਂ ਇਸ ਬਾਰੇ ਸਵਾਲ ਪੁੱਛਣਾ ਚਾਹਿਆ ਤਾਂ ਅਧਿਆਪਕ ਨੇ ਝਿੜਕ ਕੇ ਉਸ ਦੇ ਸਵਾਲ ਨੂੰ ਸ਼ਾਂਤ ਕਰਨ ਦੀ ਕੋਸਿ਼ਸ਼ ਕੀਤੀ। ਉਸ ਵੇਲੇ ਤਾਂ ਉਹ ਬੱਚਾ ਚੁੱਪ ਰਿਹਾ ਪਰ ਪ੍ਰਕਾਸ਼ ਬਾਰੇ ਇਹ ਉਤਸੁਕਤਾ ਉਸ ਦੇ ਦਿਮਾਗ ਵਿਚ ਘਰ ਕਰ ਗਈ ਅਤੇ ਆਪਣੀ ਸਾਰੀ ਜਿ਼ੰਦਗੀ ਉਸ ਨੇ ਇਸ ਵਿਸ਼ੇ ’ਤੇ ਖੋਜ ਅਤੇ ਵਿਕਾਸ ਕਾਰਜ ਕੀਤੇ। 1999 ਵਿਚ ਅਮਰੀਕਾ ਦੇ ਫੌਰਚੂਨ ਰਸਾਲੇ ਵਿਚ ਦੁਨੀਆ ਦੇ ਸੱਤ ਅਜਿਹੇ ਸਾਇੰਸਦਾਨਾਂ ਬਾਰੇ ਲਿਖਿਆ ਗਿਆ ਸੀ ਜਿਨ੍ਹਾਂ ਦਾ ਵੀਹਵੀਂ ਸਦੀ ਵਿਚ ਇਨਸਾਨੀਅਤ ਦੀ ਤਰੱਕੀ ਲਈ ਸਭ ਤੋਂ ਜਿ਼ਆਦਾ ਯੋਗਦਾਨ ਰਿਹਾ। ਉਨ੍ਹਾਂ ਵਿਚੋਂ ਡਾ. ਨਰਿੰਦਰ ਸਿੰਘ ਕਪਾਨੀ ਅਜਿਹੇ ਸਾਇੰਸਦਾਨ ਹਨ ਜਿਨ੍ਹਾਂ ਦਾ ਅੱਜ ਦੇ ਤਕਨੀਕੀ ਯੁੱਗ ਲਈ ਬਹੁਤ ਵੱਡਾ ਯੋਗਦਾਨ ਰਿਹਾ। ਡਾ. ਕਪਾਨੀ ਨੂੰ ‘ਫਾਈਬਰ ਆਪਟਿਕਸ ਦੇ ਪਤਿਾਮਾ` ਵਜੋਂ ਜਾਣਿਆ ਜਾਂਦਾ ਹੈ। ਸੂਚਨਾ ਅਤੇ ਸੰਚਾਰ ਵਿਚ ਜਿਸ ਇੰਟਰਨੈੱਟ ਦਾ ਵਿਸ਼ੇਸ਼ ਯੋਗਦਾਨ ਹੈ, ਉਸ ਦੇ ਪ੍ਰਸਾਰ ਅਤੇ ਗਤੀ ਦਾ ਆਧਾਰ ਆਪਟੀਕਲ ਫਾਈਬਰਜ਼ ਹੀ ਹਨ।
ਨਰਿੰਦਰ ਸਿੰਘ ਕਪਾਨੀ ਦਾ ਜਨਮ 31 ਅਕਤੂਬਰ 1926 ਨੂੰ ਪੰਜਾਬ ਦੇ ਮੋਗਾ ਜਿ਼ਲ੍ਹੇ ਦੇ ਇਕ ਸਿੱਖ ਪਰਿਵਾਰ ਵਿਚ ਹੋਇਆ। ਇਨ੍ਹਾਂ ਦੇ ਪਤਿਾ ਸੁੰਦਰ ਸਿੰਘ ਕਪਾਨੀ ਕੋਲੇ ਦੀ ਫੈਕਟਰੀ ਵਿਚ ਕੰਮ ਕਰਦੇ ਸਨ ਅਤੇ ਮਾਤਾ ਕੁੰਦਨ ਕੌਰ ਘਰੇਲੂ ਔਰਤ ਸੀ। ਨਰਿੰਦਰ ਸਿੰਘ ਦੀ ਮੁੱਢਲੀ ਪਾਲਣਾ ਅਤੇ ਪੜ੍ਹਾਈ ਦੇਹਰਾਦੂਨ ਵਿਚ ਹੋਈ। ਆਗਰਾ ਵਿਸ਼ਵਵਿਦਿਆਲਿਆ ਤੋਂ ਗਰੈਜੂਏਸ਼ਨ ਪਿੱਛੋਂ ਉਨ੍ਹਾਂ ਇੰਡੀਅਨ ਆਰਡੀਨੈਂਸ ਫੈਕਟਰੀ ਅਫਸਰ ਵਜੋਂ ਸੇਵਾਵਾਂ ਨਿਭਾਈਆਂ। 1952 ਵਿਚ ਉਹ ਇੰਪੀਰੀਅਲ ਕਾਲਜ ਲੰਡਨ ਵਿਚ ਆਪਟਿਕਸ ਵਿਚ ਡਾਕਟਰੇਟ ਦੀ ਡਿਗਰੀ ਲਈ ਗਏ ਜੋ ਉਨ੍ਹਾਂ ਨੇ 1955 ਵਿਚ ਹਾਸਲ ਕਰ ਲਈ।
ਇੰਪੀਰੀਅਲ ਕਾਲਜ ਵਿਚ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇਕੱਲੇ ਨਹੀਂ ਸੀ, ਕਈ ਦਹਾਕਿਆਂ ਤੋਂ ਪੂਰੇ ਯੂਰੋਪ ਦੇ ਖੋਜ ਕਰਤਾ ਲਚਕੀਲੇ ਕੱਚ ਦੇ ਫਾਈਬਰਾਂ ਰਾਹੀਂ ਰੌਸ਼ਨੀ ਨੂੰ ਸੰਚਾਰ ਕਰਨ ਦੇ ਤਰੀਕਿਆਂ ਦਾ ਅਧਿਐਨ ਕਰ ਰਹੇ ਸਨ। ਇਨ੍ਹਾਂ ਵਿਗਿਆਨੀਆਂ ਵਿਚੋਂ ਹੈਰੋਲਡ ਹੌਪਕਿਨਜ਼ ਇੱਕ ਸਨ ਅਤੇ ਉਹ ਪ੍ਰੋਫੈਸਰ ਹੌਪਕਿਨਜ਼ ਨਾਲ ਬਤੌਰ ਖੋਜ ਸਹਾਇਕ ਕੰਮ ਕਰਨ ਲੱਗੇ। ਪ੍ਰੋਫੈਸਰ ਹੌਪਕਿਨਜ਼ ਮਜ਼ਬੂਤ ਸਿਧਾਂਤਕਾਰ ਸਨ ਅਤੇ ਡਾ. ਕਪਾਨੀ ਤਕਨੀਕੀ ਤੌਰ ’ਤੇ ਵਧੇਰੇ ਦਿਮਾਗ ਵਾਲੇ ਤੇ ਵਿਹਾਰਕ ਪੱਖ ਨੂੰ ਸਮਝਣ ਵਾਲੇ ਸਨ। 1955 ਵਿਚ ਨੇਚਰ ਮੈਗਜ਼ੀਨ ਵਿਚ ਦੋਹਾਂ ਦਾ ਖੋਜ ਪੱਤਰ ਛਪਿਆ ਜਿਸ ਵਿਚ ਇਹ ਦਰਸਾਇਆ ਗਿਆ ਕਿ ਕਿਵੇਂ ਬਹੁਤ ਬਰੀਕ ਕੱਚ ਦੇ ਹਜ਼ਾਰਾਂ ਰੇਸ਼ੇ (ਫਾਈਬਰ) ਇਕੱਠੇ ਕਰ ਕੇ ਉਨ੍ਹਾਂ ਨੂੰ ਸਿਰੇ ਤੋਂ ਅੰਤ ਤੱਕ ਜੋੜਨਾ ਹੈ। ਦੋਹਾਂ ਨੇ ਇਕੱਠਿਆਂ ਆਪਟੀਕਲ ਫਾਈਬਰ ’ਤੇ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ। ਉਂਝ, ਇਹ ਖੋਜ ਪੱਤਰ ਛਪਣ ਤੋਂ ਬਾਅਦ ਜਲਦ ਹੀ ਦੋਹਾਂ ਦੇ ਰਸਤੇ ਵੱਖ ਵੱਖ ਹੋ ਗਏ।
1955 ਵਿਚ ਆਪਣੀ ਡਾਕਟਰੇਟ ਤੋਂ ਬਾਅਦ ਡਾ. ਕਪਾਨੀ ਦੀ ਸੋਚ ਭਾਰਤ ਵਾਪਸ ਆ ਕੇ ਆਪਣੀ ਕੰਪਨੀ ਸ਼ੁਰੂ ਕਰਨ ਦੀ ਸੀ ਪਰ ਇਕ ਪ੍ਰੋਫੈਸਰ ਦੋਸਤ ਦੀ ਸਲਾਹ ’ਤੇ ਉਹ ਅਮਰੀਕਾ ਚਲੇ ਗਏ ਅਤੇ ਯੂਨੀਵਰਸਿਟੀ ਆਫ ਰੋਚੈਸਟਰ (ਐੱਲਏ) ਵਿਚ ਬਤੌਰ ਪ੍ਰੋਫੈਸਰ ਅਤੇ ਕੁਝ ਕੰਪਨੀਆਂ ਨਾਲ ਬਤੌਰ ਸਲਾਹਕਾਰ ਜੁੜ ਗਏ। ਇਸ ਤੋਂ ਬਾਅਦ ਉਨ੍ਹਾਂ ਅਮਰੀਕਾ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿਚ ਪੜ੍ਹਾਇਆ। ਅਧਿਆਪਨ ਦੇ ਨਾਲ ਨਾਲ ਉਨ੍ਹਾਂ 1960 ਵਿਚ ਪਾਲੋ ਆਲਟੋ ਵਿਚ ਆਪਣੀ ਪਹਿਲੀ ਕੰਪਨੀ ‘ਆਪਟਿਕਸ ਟੈਕਨਾਲੋਜੀ’ ਸ਼ੁਰੂ ਕੀਤੀ ਅਤੇ 1967 ਵਿਚ ਇਸ ਕੰਪਨੀ ਨੂੰ ਪਬਲਿਕ ਕੀਤਾ। ਇਸ ਤੋਂ ਇਲਾਵਾ ਉਨ੍ਹਾਂ 1973 ਵਿਚ ‘ਕੈਪਟ੍ਰੋਨ’ ਅਤੇ 1999 ਵਿਚ ‘ਕੇ2 ਆਪਟ੍ਰਾਨਿਕਸ’ ਨਾਮ ਦੀਆਂ ਕੰਪਨੀਆਂ ਸ਼ੁਰੂ ਕੀਤੀਆਂ। ਦਸੰਬਰ 2020 ਵਿਚ 94 ਸਾਲ ਦੀ ਉਮਰ ਵਿਚ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਬਤੌਰ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਦੇ ਕਈ ਖੋਜ ਪੱਤਰ ਅਤੇ ਸੌ ਤੋਂ ਵੀ ਜਿ਼ਆਦਾ ਯੂਐੱਸ ਪੇਟੈਂਟ ਜਾਰੀ ਹੋਏ। 2009 ਵਿਚ ਭੌਤਿਕ ਵਿਗਿਆਨ ਦੇ ਨੋਬੇਲ ਇਨਾਮ ਲਈ ਉਹ ਸਭ ਤੋਂ ਮੋਹਰੀ ਦਾਅਵੇਦਾਰ ਸਨ ਪਰ ਕੁਝ ਕਾਰਨਾਂ ਕਰ ਕੇ ਫਾਈਬਰ ਆਪਟਿਕਸ ਲਈ ਇਹ ਇਨਾਮ ਚਾਰਲਸ ਕਾੳ ਨੂੰ ਦਿੱਤਾ ਗਿਆ। ਕਪਾਨੀ ਦੇ ਸਮਰਥਕਾਂ ਨੂੰ ਬਹੁਤ ਨਿਰਾਸ਼ਾ ਹੋਈ ਅਤੇ ਪੱਤਰਕਾਰ ਜਗਤ ਵਿਚ ਵੀ ਇਸ ਦਾ ਪੂਰਾ ਵਿਰੋਧ ਕੀਤਾ ਗਿਆ। ਕਪਾਨੀ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਦੁਨੀਆ ਦੀ ਤੱਰਕੀ ਵਿਚ ਆਪਣਾ ਯੋਗਦਾਨ ਪਾਉਣਾ ਕਿਸੇ ਵੀ ਪੁਰਸਕਾਰ ਤੋਂ ਜਿ਼ਆਦਾ ਮਾਇਨੇ ਰੱਖਦਾ ਹੈ।
ਨਰਿੰਦਰ ਸਿੰਘ ਕਪਾਨੀ ਜਿੱਥੇ ਮਹਾਨ ਸਾਇੰਸਦਾਨ ਅਤੇ ਉੱਦਮੀ ਸਨ, ਉਥੇ ਹੀ ਉਹ ਆਪਣੇ ਧਰਮ ਨਾਲ ਜੁੜੇ ਰਹਿਣ ਵਾਲੇ ਇਨਸਾਨ ਸਨ। ਸਾਰੀ ਉਮਰ ਉਨ੍ਹਾਂ ਆਪਣਾ ਸਿੱਖੀ ਸਰੂਪ ਕਾਇਮ ਰੱਖਿਆ। ਉਹ ਸਿੱਖ ਇਤਿਹਾਸ ਅਤੇ ਕਲਾ ਤੋਂ ਬੜੇ ਪ੍ਰਭਾਵਤਿ ਸਨ ਅਤੇ ਇਸ ਦੇ ਪ੍ਰਚਾਰ ਲਈ ਅਹਿਮ ਯੋਗਦਾਨ ਪਾਇਆ। ਉਨ੍ਹਾਂ ਸਿੱਖ ਇਤਿਹਾਸ ਨਾਲ ਸਬੰਧਤਿ ਕਈ ਤਰ੍ਹਾਂ ਦੀ ਚਿੱਤਰਕਾਰੀ ਅਤੇ ਕਲਾ ਨਾਲ ਸਬੰਧਤਿ ਹੋਰ ਵਸਤੂਆਂ ਦਾ ਸੰਗ੍ਰਹਿ ਕੀਤਾ। ਇਸ ਸੰਗ੍ਰਹਿ ਦਾ ਕਾਫੀ ਹਿੱਸਾ ਉਨ੍ਹਾਂ ਏਸ਼ੀਅਨ ਆਰਟ ਮਿਊਜ਼ੀਅਮ ਸਾਨ ਫ੍ਰਾਂਸਿਸਕੋ ਨੂੰ ਇਸ ਸ਼ਰਤ ’ਤੇ ਦਿੱਤਾ ਕਿ ਉਥੇ ਇਹ ਹਮੇਸ਼ਾ ਪ੍ਰਦਰਸਿ਼ਤ ਰਹੇਗਾ। ਇਸ ਤੋਂ ਇਲਾਵਾ ਲੰਡਨ, ਟੋਰਾਂਟੋ, ਨਿਊਯਾਰਕ ਅਤੇ ਵਾਸਿ਼ੰਗਟਨ ਡੀਸੀ ਦੇ ਮਿਊਜ਼ੀਅਮਾਂ ਵਿਚ ਵੀ ਇਨ੍ਹਾਂ ਦਾ ਸੰਗ੍ਰਹਿ ਪ੍ਰਦਰਸਿ਼ਤ ਹੈ। 1967 ਵਿਚ ਕਪਾਨੀ ਵੱਲੋਂ ਸਿੱਖ ਫਾਊਂਡੇਸ਼ਨ ਨਾਮ ਦੀ ਸੰਸਥਾ ਬਣਾਈ ਜਿਸ ਅਧੀਨ ਸਿੱਖ ਕਲਾ ਦਾ ਪ੍ਰਦਰਸ਼ਨ, ਕਤਿਾਬਾਂ ਦਾ ਪ੍ਰਕਾਸ਼ਨ, ਸਿੱਖ ਇਤਿਹਾਸ ਨਾਲ ਜੁੜੀਆਂ ਇਮਾਰਤਾਂ ਦੀ ਦੇਖ ਭਾਲ ਅਤੇ ਸਾਂਭ-ਸੰਭਾਲ ਅਤੇ ਹੋਰ ਕਈ ਤਰ੍ਹਾਂ ਦੇ ਸਮਾਜਿਕ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਕਈ ਯੂਨੀਵਰਸਿਟੀਆਂ ਵਿਚ ਸਿੱਖ ਸਟਡੀਜ਼ ਲਈ ਚੇਅਰ ਸਥਾਪਤ ਕੀਤੀ।
ਨਰਿੰਦਰ ਸਿੰਘ ਕਪਾਨੀ ਨੂੰ ਬਹੁਆਯਾਮੀ ਸ਼ਖਸੀਅਤ ਕਿਹਾ ਜਾ ਸਕਦਾ ਹੈ। ਬਤੌਰ ਸਾਇੰਸਦਾਨ, ਅਧਿਆਪਕ, ਉੱਦਮੀ ਅਤੇ ਸਮਾਜ ਸੇਵਕ ਇੰਨਾ ਵੱਡਾ ਅਤੇ ਅਹਿਮ ਯੋਗਦਾਨ ਕੋਈ ਵਿਲੱਖਣ ਸ਼ਖ਼ਸੀਅਤ ਹੀ ਪਾ ਸਕਦੀ ਹੈ। ਬਤੌਰ ਪੰਜਾਬੀ ਸਾਨੂੰ ਨਰਿੰਦਰ ਸਿੰਘ ਕਪਾਨੀ ’ਤੇ ਮਾਣ ਹੋਣਾ ਚਾਹੀਦਾ ਹੈ। ਇਹ ਸਾਡਾ ਦੁਖਾਂਤ ਹੀ ਹੈ ਕਿ ਅਸੀਂ ਅਜਿਹੀਆਂ ਸ਼ਖ਼ਸੀਅਤਾਂ ਦੇ ਯੋਗਦਾਨ ਤੋਂ ਆਪਣੇ ਸਮਾਜ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਜਾਣੂ ਹੀ ਨਹੀਂ ਕਰਵਾਉਂਦੇ। ਉਮੀਦ ਕਰਦੇ ਹਾਂ ਕਿ ਸਾਡੇ ਨੌਜਵਾਨ ਉਨ੍ਹਾਂ ਦੀ ਮਿਸਾਲੀ ਸ਼ਖ਼ਸੀਅਤ ਤੋਂ ਪ੍ਰੇਰਨਾ ਲੈਣਗੇ।
ਸੰਪਰਕ: 99148-18333

Advertisement

Advertisement
Author Image

joginder kumar

View all posts

Advertisement
Advertisement
×