ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਭਾਸ਼ਣ
ਖੇਤਰੀ ਪ੍ਰਤੀਨਿਧ
ਪਟਿਆਲਾ, 10 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇਸ਼ ਦੇ ਉਨ੍ਹਾਂ ਚੋਣਵਿਆਂ ਅਦਾਰਿਆਂ ’ਚੋਂ ਇੱਕ ਹੈ ਜਿੱਥੇ ਹਰ ਤਰ੍ਹਾਂ ਦੇ ਖਿਆਲ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਾ ਸਕਦੀ ਹੈ। ਇਹ ਵਿਚਾਰ ਉਪ ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਭਾਸ਼ਣ ਦੀ ਪ੍ਰਧਾਨਗੀ ਕਰਦਿਆਂ ਪ੍ਰਗਟਾਏ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਯੂਨੀਵਰਿਸਟੀਆਂ ਵਿੱਚ ਅਜਿਹੇ ਮਾਹੌਲ ਦੀ ਬਰਕਰਾਰੀ ਲਈ ਨਿਰੰਤਰ ਯਤਨ ਕੀਤੇ ਜਾਣੇ ਚਾਹੀਦੇ ਹਨ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਭਾਸ਼ਣ ਇਸ ਵਾਰ ਸਟਾਕਹੋਮ ਯੂਨੀਵਰਸਿਟੀ, ਸਵੀਡਨ ਦੇ ਪ੍ਰੋਫ਼ੈਸਰ ਐਮੀਰੀਟਸ ਡਾ. ਇਸ਼ਤਿਆਕ ਅਹਿਮਦ ਨੇ ਦਿੱਤਾ। ਉਨ੍ਹਾਂ ਮਨੁੱਖੀ ਪਛਾਣ ਦੀ ਪੇਚੀਦਗੀ: ਦੱਖਣੀ ਏਸ਼ੀਆ ਦਾ ਤਜਰਬਾ ਵਿਸ਼ੇ ’ਤੇ ਆਪਣੀ ਗੱਲ ਕੀਤੀ। ਉਨ੍ਹਾਂ ਦੇਸ਼ ਵੰਡ ਅਤੇ ਮਨੁੱਖੀ ਫਿਤਰਤ ਦੇ ਹਵਾਲੇ ਨਾਲ ਬਹੁਤ ਸਾਰੀਆਂ ਅਹਿਮ ਟਿੱਪਣੀਆਂ ਕਰਦਿਆਂ ਤਕਰੀਬਨ 3000 ਸਾਲ ਪੁਰਾਣੇ ਮਨੁੱਖੀ ਇਤਿਹਾਸ ਵਿੱਚੋਂ ਉਦਾਹਰਣਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ 1947 ਦੀ ਵੰਡ ਦੇਸ਼ ਦੀ ਵੰਡ ਨਹੀਂ ਸੀ ਬਲਕਿ ਅਸਲ ਅਰਥਾਂ ਵਿੱਚ ਵੇਖਿਆ ਜਾਵੇ ਤਾਂ ਇਹ ਪੰਜਾਬ ਦੀ ਵੰਡ ਸੀ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰੋ. ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਯੂਨੀਵਰਸਿਟੀਆਂ ਉਹ ਥਾਂ ਹੁੰਦੀਆਂ ਹਨ ਜਿੱਥੇ ਸਹਿਣਸ਼ੀਲਤਾ ਅਤੇ ਸੰਵਾਦ ਵਾਲਾ ਮਾਹੌਲ ਹੋਵੇ। ਡਾ. ਇਸ਼ਤਿਆਕ ਅਹਿਮਦ ਦੇ ਭਾਸ਼ਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਮਹਿਸੂਸ ਕੀਤੀਆਂ ਧਾਰਨਾਵਾਂ ਨਾਲ ਭਰਪੂਰ ਪਾਏਦਾਰ ਗੱਲਾਂ ਸਭ ਦੇ ਸਾਹਮਣੇ ਰੱਖੀਆਂ ਹਨ। ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ ਪ੍ਰੋ. ਰਾਜੇਸ਼ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ। ਪ੍ਰੋਗਰਾਮ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਇਸ ਲੜੀ ਦਾ ਪੰਜਵਾਂ ਭਾਸ਼ਣ ਹੈ। ਸਵਾਗਤੀ ਭਾਸ਼ਣ ਡਾ. ਗੁਰਮੁਖ ਸਿੰਘ ਨੇ ਦਿੱਤਾ ਜਦੋਂ ਕਿ ਧੰਨਵਾਦੀ ਸ਼ਬਦ ਦਲਜੀਤ ਅਮੀ ਵੱਲੋਂ ਬੋਲੇ ਗਏ।