ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾ. ਰਮੇਸ਼ ਕੁੰਤਲ ਮੇਘ: ਸਾਹਿਤਕ ਸੁਹਜ ਦੀ ਨਿਆਰੀ ਆਵਾਜ਼

07:51 AM Sep 18, 2023 IST

ਯਾਦਾਂ ਦੇ ਝਰੋਖੇ ’ਚੋਂ

Advertisement

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

ਹਿੰਦੀ ਸਾਹਿਤ ਦੀ ਬੁਲੰਦ ਹਸਤੀ ਡਾ. ਰਮੇਸ਼ ਕੁੰਤਲ ਮੇਘ ਜੁਝਾਰੂ ਸ਼ਖ਼ਸੀਅਤ ਦੇ ਰੂਪ ਵਿਚ ਵਿਚਰੇ। ਉਨ੍ਹਾਂ ਨੇ ਹਵਾਵਾਂ ਅਤੇ ਲਹਿਰਾਂ ਵਿਰੁੱਧ ਸੰਘਰਸ਼ਮਈ ਜੀਵਨ ਬਤੀਤ ਕੀਤਾ ਅਤੇ ਭਾਰਤੀ ਸਾਹਿਤ ਵਿਚ ਵੱਖਰੀ ਆਵਾਜ਼ ਤੇ ਪਛਾਣ ਦੀਆਂ ਬੁਲੰਦੀਆਂ ਛੋਹੀਆਂ। ਉਹ 92 ਸਾਲ ਦੀ ਉਮਰ ਵਿਚ ਸਦਾ ਲਈ ਵਿਦਾ ਹੋ ਗਏ। ਉਹ ਉਨ੍ਹਾਂ ਕੁਝ ਵਿਦਵਾਨਾਂ ਵਿਚੋਂ ਸਨ ਜਿਨ੍ਹਾਂ ਨੇ ਭਾਰਤੀ ਸੱਭਿਆਚਾਰਕ ਦਰਸ਼ਨ ਅਤੇ ਵਿਸ਼ਵ ਸੁਹਜਾਤਮਕ ਮਿਥਿਹਾਸ ਨੂੰ ਨਵੀਂ ਦ੍ਰਿਸ਼ਟੀ ਦਿੱਤੀ। ਉਹ ਜਨਵਾਦੀ ਲੇਖਕ ਸੰਘ ਦੇ ਮੋਢੀ ਮੈਂਬਰਾਂ ਵਿਚੋਂ ਸਨ।
ਪੰਜਾਬ ਨਾਲ ਉਨ੍ਹਾਂ ਦਾ ਵਿਸ਼ੇਸ਼ ਸਬੰਧ ਸੀ। 1972-86 ਅਤੇ 1989-91 ਵਿਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹਿੰਦੀ ਵਿਭਾਗ ਦੇ ਮੁਖੀ ਰਹੇ ਅਤੇ ਫਿਰ ਆਪਣੀ ਜਿ਼ੰਦਗੀ ਦਾ ਲੰਮਾ ਸਮਾਂ ਪੰਜਾਬ, ਚੰਡੀਗੜ੍ਹ ਵਿਚ ਬਿਤਾਇਆ। ਆਖ਼ਰੀ ਸਮੇਂ ਦੌਰਾਨ ਉਹ ਚੰਡੀਗੜ੍ਹ ਨੇੜੇ ਪੰਚਕੂਲਾ ਵਿਚ ਰਹਿੰਦੇ ਸਨ। ਉਨ੍ਹਾਂ ਦਾ ਜਨਮ 1 ਜੂਨ 1931 ਨੂੰ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਵਿਚ ਹੋਇਆ। ਭੌਤਿਕ ਵਿਗਿਆਨ, ਗਣਿਤ ਤੇ ਰਸਾਇਣ ਵਿਗਿਆਨ ’ਚ ਬੀਐੱਸਸੀ ਕਰਨ ਵਾਲੇ ਇਸ ਵਿਦਿਆਰਥੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਲਈ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ; ਫਿਰ ਬਿਹਾਰ, ਪੰਜਾਬ ਹੁੰਦੇ ਹੋਏ ਅਮਰੀਕੀ ਯੂਨੀਵਰਸਿਟੀ ’ਚ ਪੜ੍ਹਾਇਆ।
ਭਾਰਤੀ ਸਾਹਿਤ ਦੀਆਂ ਪਰੰਪਰਾਵਾਂ ਅਤੇ ਉੱਤਰ-ਆਧੁਨਿਕਤਾਵਾਦ ਦੇ ਰੂਪ ਨੂੰ ਭਾਰਤੀ ਸਾਹਿਤ ’ਤੇ ਕੱਟੜ ਪੰਥ ਦੀ ਧਾਰਾ ਨਾਲ ਦੇਖਿਆ ਜਾ ਸਕਦਾ ਹੈ, ਉਨ੍ਹਾਂ ਨੇ ਸਭ ਤੋਂ ਪਹਿਲਾਂ ਆਲੋਚਨਾ ਦੀਆਂ ਇਹ ਰੂੜ੍ਹੀਆਂ ਤੋੜ ਕੇ ਆਧੁਨਿਕ ਲੋਕ-ਸਮੀਖਿਆ ਅਤੇ ਆਲੋਚਨਾ ਨੂੰ ਸੁਹਜ ਸ਼ਾਸਤਰ ਦੀ ਨਵੀਂ ਭੂਮਿਕਾ ਨਾਲ ਨਵਾਂ ਮੁਹਾਵਰਾ ਦਿੱਤਾ; ਭਾਰਤੀ ਸਾਹਿਤ, ਖਾਸ ਕਰ ਕੇ ਹਿੰਦੀ ਸਾਹਿਤ ਲਈ। ਉਹ ਉਨ੍ਹਾਂ ਆਲੋਚਕਾਂ ਅਤੇ ਚਿੰਤਕਾਂ ਵਿਚੋਂ ਹਨ ਜਿਨ੍ਹਾਂ ਨੇ ਕਿਸੇ ਵੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਸਮਾਜਿਕ ਮਨੋਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਵਿਸ਼ਵ-ਵਿਆਪੀ ਪ੍ਰਸੰਗ ਵਿਚ ਸਾਹਿਤ ਸਮੀਖਿਆ ਵਿਚ ਕਲਾਸੀਕਲ ਸੁਹਜਵਾਦੀ ਭਾਵਨਾ ਅਤੇ ਨਵੇਂ ਸਿਧਾਂਤ ਸਥਾਪਤ ਕਰਨ ਦੀ ਕੋਸਿ਼ਸ਼ ਕੀਤੀ।
ਮੈਨੂੰ 1980 ਵਿਚ ਪਹਿਲੀ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮੇਘ ਜੀ ਨੂੰ ਜਾਣਨ ਦਾ ਮੌਕਾ ਮਿਲਿਆ। ਪਿਛਲੇ 43 ਸਾਲਾਂ ਤੋਂ ਮੈਂ ਉਨ੍ਹਾਂ ਦੀ ਸੰਗਤ ਵਿਚ ਕਈ ਯਾਦਗਾਰੀ ਛਿਣ ਮਾਣੇ। ਉਹ ਕਿਹਾ ਕਰਦੇ ਸਨ ਕਿ ਭਾਰਤੀ ਪ੍ਰਸੰਗ ਵਿਚ, ਖਾਸ ਕਰ ਕੇ ਭਾਰਤੀ ਸਾਹਿਤ ਦੀ ਹਿੰਦੀ ਪਰੰਪਰਾ ਵਿਚ ਉਹ ਆਪਣੇ ਆਪ ਨੂੰ ਕਾਰਲ ਮਾਰਕਸ ਦੇ ਚੇਲੇ ਸਮਝਦੇ ਸਨ। ਉਨ੍ਹਾਂ ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਨਾਲ ਆਪਣਾ ਪੀਐੱਚਡੀ ਥੀਸਿਸ ਲਿਖਿਆ। ਉਨ੍ਹਾਂ ਜੈਸ਼ੰਕਰ ਪ੍ਰਸਾਦ ਅਤੇ ਕਾਮਾਯਨੀ ਵਰਗੇ ਮੱਧਕਾਲੀ ਸਾਹਿਤ ਦੇ ਸੁਹਜ ਸ਼ਾਸਤਰ ਦਾ ਵਿਸ਼ਲੇਸ਼ਣ ਕਰ ਕੇ ਆਪਣੀ ਆਲੋਚਨਾ-ਸੁਰ ਸੁਰ ਕੀਤੀ। ਜਿਸ ਤਰ੍ਹਾਂ ਉਨ੍ਹਾਂ ਆਪਣੀ ਸੁਹਜ ਦ੍ਰਿਸ਼ਟੀ ਅਤੇ ਸਮਾਜਿਕ ਭੂਮਿਕਾ ਵਿਚਕਾਰ ਸ਼ਬਦਾਂ ਦੀ ਰਚਨਾ ਕੀਤੀ ਹੈ, ਉਹ ਭਾਰਤੀ ਸ਼ੈਲੀ ਵਿਚ ਉਸ ਦੀ ਰਚਨਾ ਜਗਤ ਦਾ ਪਿਛੋਕੜ ਅਤੇ ਭਾਰਤੀ ਸੱਭਿਆਚਾਰ ਤੋਂ ਵੱਖਰਾ ਰਿਹਾ ਹੈ। ਉਨ੍ਹਾਂ ਦੀਆਂ ਮਸ਼ਹੂਰ ਕਿਤਾਬਾਂ ਵਿਚ ‘ਮਿੱਥਕ ਔਰ ਸਵਪਨ’, ‘ਤੁਲਸੀ: ਆਧੁਨਿਕ ਵਾਤਾਯਨ ਸੇ’, ‘ਮਧਿਆ ਯੁਗੀਨ ਰਸ ਦਰਸ਼ਨ ਔਰ ਸਮਕਾਲੀ ਸੌਂਦਰਯਾ ਬੋਧ’ ਆਦਿ ਸ਼ਾਮਲ ਹਨ। ਉਨ੍ਹਾਂ ਦੀਆਂ ਹੋਰ ਕਿਤਾਬਾਂ ਦੇ ਨਾਂ ‘ਸੌਂਦਰਯਾ: ਮੂਲਯ ਔਰ ਮੂਲਯਾਂਕਣ’, ‘ਸਾਕਸ਼ੀ ਹੈ ਸੌਂਦਰਯਾਬੋਧ’, ‘ਖਿੜਕੀਉਂ ਪਰ ਆਕਾਸ਼ਦੀਪ’ ਹਨ। ਉਨ੍ਹਾਂ ਨੂੰ ਸਾਹਿਤਕ ਆਲੋਚਨਾ ਦੀ ਕਿਤਾਬ ‘ਵਿਸ਼ਵ ਮਿੱਥਕ ਸਰਿਤ ਸਾਗਰ’ ਲਈ 2017 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਸ ਕਿਤਾਬ ਦੇ ਕੁਝ ਪੰਨਿਆਂ ਦਾ ਪੰਜਾਬੀ ਅਨੁਵਾਦ ਕਰਨ ਦਾ ਮੌਕਾ ਮੈਨੂੰ ਮਿਲਿਆ। ਇਸ ਵਿਚ 35 ਦੇਸ਼ਾਂ ਦੀਆਂ ਮਿਥਿਹਾਸਕ ਕਹਾਣੀਆਂ ਸ਼ਾਮਿਲ ਹਨ। 1975 ਵਿਚ ਉਨ੍ਹਾਂ ਦਾ ਕਾਵਿ ਸੰਗ੍ਰਹਿ ‘ਕਿਉਂਕਿ ਸਮਯ ਏਕ ਸ਼ਬਦ ਹੈ’ ਛਪਿਆ। ਉਨ੍ਹਾਂ ਕੁਝ ਨਾਟਕ ਵੀ ਲਿਖੇ।
ਮੈਂ ਉਨ੍ਹਾਂ ਨਾਲ ਕਈ ਕੌਮੀ ਤੇ ਕੌਮਾਂਤਰੀ ਮੰਚਾਂ ਵਿਚ ਭਾਗ ਲਿਆ ਅਤੇ ਦੂਰਦਰਸ਼ਨ ਲਈ ਉਨ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮ, ਮੀਟਿੰਗਾਂ ਅਤੇ ਇੰਟਰਵਿਊ ਰਿਕਾਰਡ ਕੀਤੇ ਜੋ ਅੱਜ ਵੀ ਸੁਰੱਖਿਅਤ ਹਨ। ਜਦੋਂ ਵੀ ਹਿੰਦੀ ਲਈ ਹਿੰਦੀ ਸਾਹਿਤ ਦੀ ਗੱਲ ਹੋਈ, ਉਹ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੇ ਨਾਲ ਨਾਲ ਭਾਰਤੀ ਭਾਸ਼ਾਵਾਂ ਬਾਰੇ ਗੱਲ ਕਰਦੇ। ਅਨੁਵਾਦ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਡਿਕਸ਼ਨਰੀ ਅਤੇ ਅਨੁਵਾਦ ਦਾ ਕੰਮ ਇੰਨਾ ਕਮਜ਼ੋਰ ਹੈ ਕਿ ਸਾਡੇ ਦੁਆਰਾ ਰਚਿਆ ਭਰਪੂਰ ਸਾਹਿਤ ਦੁਨੀਆ ਦੇ ਦਰਵਾਜ਼ੇ ਤੱਕ ਨਹੀਂ ਪਹੁੰਚਿਆ ਅਤੇ ਜੋ ਪਹੁੰਚਿਆ ਹੈ, ਉਸ ਦਾ ਮੁਲਾਂਕਣ ਨਹੀਂ ਕੀਤਾ ਗਿਆ। ਇਹ ਭਾਰਤੀ ਸਾਹਿਤ ਦੀ ਤ੍ਰਾਸਦੀ ਹੈ। ਹਿੰਦੀ ਭਾਸ਼ਾ ਦੇ ਗਿਆਨ, ਚਿੰਤਨ ਅਤੇ ਸਭਿਅਤਾ ਦੇ ਨਾਲ ਨਾਲ ਉਨ੍ਹਾਂ ਚਿੱਤਰਕਲਾ, ਮੂਰਤੀ ਕਲਾ ਅਤੇ ਭਾਰਤੀ ਸੰਸਕ੍ਰਿਤੀ ਬਾਰੇ ਕੰਮ ਕੀਤਾ। ਉਨ੍ਹਾਂ ਲਈ ਪੁਰਸਕਾਰ ਦਾ ਕੋਈ ਖਾਸ ਮਤਲਬ ਨਹੀਂ ਸੀ। ਉਹ ਆਖਦੇ ਹੁੰਦੇ ਸਨ: “ਮੈਂ ਕਦੇ ਪ੍ਰਸਿੱਧੀ ਤੇ ਪੈਸੇ ਦੀ ਲਾਲਸਾ ਨਹੀਂ ਕੀਤੀ। ਮੇਰੇ ਲਈ ਸਾਹਿਤਕ ਮਿਸ਼ਨ ਹੀ ਜੀਵਨ ਦਾ ਸਾਰ ਹੈ।”
ਡਾ. ਰਮੇਸ਼ ਕੁੰਤਲ ਮੇਘ ਸਾਡੇ ਸਾਹਮਣੇ ਅਜਿਹੇ ਪ੍ਰੇਰਨਾ ਸਰੋਤ ਅਤੇ ਆਲਮੀ ਧਾਰਾ ਦੇ ਵਿਦਵਾਨ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ ਜਿਨ੍ਹਾਂ ਨੇ ਹਿੰਦੀ ਸਾਹਿਤ ਨੂੰ ਨਵੀਂ ਭਾਸ਼ਾ, ਸੁੰਦਰਤਾ ਅਤੇ ਮੁਹਾਵਰਾ ਦਿੱਤਾ ਹੈ। ਆਪਣੀ ਹਰ ਮੁਲਾਕਾਤ ਵਿਚ ਉਹ ਆਪਣੀ ਇੱਕ ਕਵਿਤਾ ਸੁਣਾਉਂਦੇ ਹੁੰਦੇ ਸਨ ਜਿਸ ਦਾ ਇਕ ਹਿੱਸਾ ਇੱਥੇ ਸਾਂਝਾ ਕੀਤਾ ਜਾ ਰਿਹਾ ਹੈ:
ਸੱਚ ਬੋਲਣ ਵਿਚ ਸ਼ਰਮ ਆਉਂਦੀ ਹੈ
ਮੈਂ ਹਿੰਮਤ ਨਹੀਂ ਜੁਟਾ ਸਕਦਾ!
ਸਚਾਈ ਦਾ ਖੁਲਾਸਾ ਕਰਨ ਵਿਚ ਸ਼ਰਮ ਆਉਂਦੀ ਹੈ।
ਸ਼ਰਮ ਚੁੱਪ ਨੂੰ ਖੁਦਕੁਸ਼ੀ ਬਣਾ ਦੇਵੇਗੀ
ਤੁਸੀਂ ਇਸ ਨੂੰ ਜਾਣਦੇ ਹੋਵੋਗੇ
ਤੁਸੀਂ ਇਸ ਨੂੰ ਜਾਣੋਗੇ ਪਰ ਸਵੀਕਾਰ ਨਹੀਂ ਕਰ ਸਕੋਗੇ।
*ਲੇਖਕ ਭਾਰਤੀ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ
ਜਨਰਲ ਰਹਿ ਚੁੱਕੇ ਹਨ।
ਸੰਪਰਕ: 94787-30156

Advertisement

Advertisement