Dr. Manmohan Singh: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਅੱਜ
* ਸੋਨੀਆ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਨੂੰ ‘ਨਿੱਜੀ ਘਾਟਾ’ ਦੱਸਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਦਸੰਬਰ
ਦੇਸ਼ ’ਚ ਆਰਥਿਕ ਸੁਧਾਰਾਂ ਦਾ ਮੁੱਢ ਬੰਨ੍ਹਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਭਲਕੇ ਸ਼ਨਿਚਰਵਾਰ ਨੂੰ ਪੂਰੇ ਰਾਜਸੀ ਸਨਮਾਨਾਂ ਨਾਲ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ ਨੂੰ ਸਵੇਰੇ ਪੌਣੇ 12 ਵਜੇ ਇਥੋਂ ਦੇ ਨਿਗਮਬੋਧ ਘਾਟ ਸ਼ਮਸ਼ਾਨਘਾਟ ’ਚ ਹੋਵੇਗਾ।
ਇਸ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਦੀ ਦੇਹ ਨੂੰ ਤਿਰੰਗੇ ’ਚ ਲਪੇਟ ਕੇ ਏਮਸ ਹਸਪਤਾਲ ਤੋਂ ਉਨ੍ਹਾਂ ਦੀ ਰਿਹਾਇਸ਼ 3, ਮੋਤੀਲਾਲ ਨਹਿਰੂ ਰੋਡ ’ਤੇ ਲਿਆਂਦਾ ਗਿਆ ਜਿਥੇ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇਪੀ ਨੱਢਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਣੇ ਹੋਰ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਪਤਨੀ ਗੁਰਸ਼ਰਨ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜਤਾਈ।
ਕੇਂਦਰੀ ਕੈਬਨਿਟ ਨੇ ਵੀ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਵਿਛੜੀ ਰੂਹ ਦੇ ਸਨਮਾਨ ’ਚ ਦੋ ਮਿੰਟ ਦਾ ਮੌਨ ਰੱਖਿਆ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਦੀ ਯਾਦ ’ਚ ਇਕ ਸੋਗ ਮਤਾ ਵੀ ਪਾਸ ਕੀਤਾ ਗਿਆ ਜਿਸ ’ਚ ਕਿਹਾ ਗਿਆ, ‘‘ਡਾਕਟਰ ਮਨਮੋਹਨ ਸਿੰਘ ਨੇ ਸਾਡੇ ਕੌਮੀ ਜੀਵਨ ’ਤੇ ਆਪਣੀ ਛਾਪ ਛੱਡੀ ਹੈ। ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ ਨੇ ਇਕ ਨਾਮਵਰ ਰਾਜਨੇਤਾ, ਮਸ਼ਹੂਰ ਅਰਥਸ਼ਾਸਤਰੀ ਅਤੇ ਉੱਘੇ ਆਗੂ ਨੂੰ ਗੁਆ ਦਿੱਤਾ ਹੈ।’’ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਸਨਮਾਨ ’ਚ ਦੇਸ਼ ’ਚ ਸੱਤ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ।
ਇਸ ਦੌਰਾਨ ਸਾਰੀਆਂ ਸਰਕਾਰੀ ਇਮਾਰਤਾਂ ਅਤੇ ਭਾਰਤੀ ਮਿਸ਼ਨਾਂ/ਹਾਈ ਕਮਿਸ਼ਨਾਂ ’ਤੇ ਪਹਿਲੀ ਜਨਵਰੀ ਤੱਕ ਤਿਰੰਗਾ ਅੱਧਾ ਝੁਕਿਆ ਰਹੇਗਾ। ਭਲਕੇ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਕਾਰਨ ਕੇਂਦਰ ਸਰਕਾਰ ਦੇ ਸਾਰੇ ਦਫ਼ਤਰਾਂ ਅਤੇ ਸੀਪੀਐੱਸਯੂਜ਼ ’ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਧਰ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਦੇਹ ਨੂੰ ਜਨਤਾ ਦੇ ਦਰਸ਼ਨਾਂ ਲਈ ਦਿੱਲੀ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਮੁੱਖ ਦਫ਼ਤਰ ਵਿੱਚ ਰੱਖਿਆ ਜਾਵੇਗਾ ਜਿਥੋਂ ਸ਼ਨਿਚਰਵਾਰ ਸਵੇਰੇ ਸਾਢੇ 9 ਵਜੇ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਵੇਗੀ। ਮਨਮੋਹਨ ਸਿੰਘ ਦਾ ਵੀਰਵਾਰ ਦੇਰ ਸ਼ਾਮ 92 ਸਾਲ ਦੀ ਉਮਰ ’ਚ ਦਿੱਲੀ ਦੇ ਏਮਸ ’ਚ ਦੇਹਾਂਤ ਹੋ ਗਿਆ ਸੀ।
ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮਿ੍ਤਸਰ (ਟਨਸ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਪੰਜਾਬੀਆਂ ਅਤੇ ਖਾਸਕਰ ਦਸਤਾਰ ਦੀ ਪਛਾਣ ਨੂੰ ਪੂਰੀ ਦੁਨੀਆਂ ਵਿੱਚ ਉਭਾਰਿਆ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਕਈ ਅਹਿਮ ਕਾਰਜ ਕੀਤੇ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਰਹਿੰਦਿਆਂ ਮਨਮੋਹਨ ਸਿੰਘ ਨਿਮਰਤਾ, ਤਿਆਗ, ਦ੍ਰਿੜ੍ਹਤਾ, ਸੰਜਮ ਤੇ ਸਾਦਗੀ ਵਰਗੇ ਗੁਣਾਂ ਨੂੰ ਹਮੇਸ਼ਾ ਸਮਰਪਿਤ ਰਹੇ ਅਤੇ ਇਹੀ ਵਿਸ਼ੇਸ਼ਣ ਉਨ੍ਹਾਂ ਦੀ ਆਖਰੀ ਸਾਹਾਂ ਤੱਕ ਪਛਾਣ ਬਣੇ ਰਹੇ।
ਪਾਕਿਸਤਾਨ ਵਿਚਲੇ ਜੱਦੀ ਪਿੰਡ ਗਾਹ ਵਿੱਚ ਸੋਗ
ਗਾਹ (ਪਾਕਿਸਤਾਨ):
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਲੰਘੀ ਰਾਤ ਹੋਏ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਾਕਿਸਤਾਨ ਸਥਿਤ ਪਿੰਡ ਗਾਹ ਵਿੱਚ ਸੋਗ ਹੈ। ਇਸ ਸਬੰਧੀ ਅੱਜ ਪਿੰਡ ਵਿੱਚ ਇਕ ਸ਼ੋਕ ਮੀਟਿੰਗ ਕੀਤੀ ਗਈ। ਇਕ ਪਿੰਡ ਵਾਸੀ ਅਲਤਾਫ ਹੁਸੈਨ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਸਾਰਾ ਪਿੰਡ ਸੋਗ ਵਿੱਚ ਹੈ। ਸਾਨੂੰ ਇੰਝ ਲੱਗ ਰਿਹਾ ਹੈ ਜਿਵੇਂ ਸਾਡੇ ਆਪਣੇ ਪਰਿਵਾਰ ’ਚੋਂ ਹੀ ਕੋਈ ਮਰ ਗਿਆ ਹੈ।’’ ਹੁਸੈਨ ਗਾਹ ਪਿੰਡ ਦੇ ਸਕੂਲ ਵਿੱਚ ਹੀ ਅਧਿਆਪਕ ਹੈ, ਜਿੱਥੇ ਕਿ ਮਨਮੋਹਨ ਸਿੰਘ ਨੇ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ ਸੀ। ਮਨਮੋਹਨ ਸਿੰਘ ਦੇ ਦੋਸਤ ਉਨ੍ਹਾਂ ਨੂੰ ‘ਮੋਹਣਾ’ ਕਹਿੰਦੇ ਸਨ। -ਪੀਟੀਆਈ
ਰਾਜਾਂ ਵੱਲੋਂ ਸੱਤ ਦਿਨ ਦੇ ਸੋਗ ਦਾ ਐਲਾਨ
ਪਟਨਾ, ਦੇਹਰਾਦੂਨ, ਸ਼ਿਮਲਾ:
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ’ਤੇ ਕਈ ਸੂਬਿਆਂ ਨੇ ਸੱਤ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਬਿਹਾਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਝਾਰਖੰਡ, ਅਸਾਮ, ਹਰਿਆਣਾ, ਰਾਜਸਥਾਨ, ਮਨੀਪੁਰ, ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਸਮੇਤ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਹੋਰ ਆਗੂਆਂ ਨੇ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। ਬਿਹਾਰ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਗਤੀ ਯਾਤਰਾ ਰੱਦ ਕਰ ਦਿੱਤੀ ਗਈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਹਿਮਾਚਲ ’ਚ ਵਿਛੜੀ ਰੂਹ ਦੇ ਸਨਮਾਨ ’ਚ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ ਅਤੇ ਵਿਦਿਅਕ ਅਦਾਰਿਆਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ਼ਿਮਲਾ ਮਿਊਂਸਿਪਲ ਕਾਰਪੋਰੇਸ਼ਨ ਨੇ ਵਿੰਟਰ ਕਾਰਨੀਵਲ ਮੁਲਤਵੀ ਕਰ ਦਿੱਤਾ ਹੈ। ਸੂਬੇ ’ਚ ਸਾਰੇ ਸਰਕਾਰੀ ਪ੍ਰੋਗਰਾਮ ਹੁਣ 2 ਜਨਵਰੀ ਤੋਂ ਸ਼ੁਰੂ ਹੋਣਗੇ। ਇਸ ਦੌਰਾਨ ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਰਵਾਨਾ ਹੋ ਗਏ ਹਨ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ’ਚ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕੀਤੇ ਜਾਂਦੇ ਹਨ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਰਾਜਪਾਲ ਸੰਤੋਸ਼ ਗੰਗਵਾਰ ਨੇ ਵੀ ਅਫ਼ਸੋਸ ਪ੍ਰਗਟ ਕਰਦਿਆਂ ਸੂਬੇ ’ਚ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰਨ ਦਾ ਐਲਾਨ ਕੀਤਾ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਦੇਸ਼ ਦੇ ਅਰਥਚਾਰੇ ਨੂੰ ਨਵੀਂ ਸੇਧ ਦੇਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। -ਪੀਟੀਆਈ
ਮਨਮੋਹਨ ਸਿੰਘ ਦੇ ਜੀਵਨ ਤੋਂ ਭਵਿੱਖ ਦੀਆਂ ਪੀੜ੍ਹੀਆਂ ਸਬਕ ਲੈਣਗੀਆਂ: ਮੋਦੀ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਦੇਹਾਂਤ ਨੂੰ ਮੁਲਕ ਲਈ ਬਹੁਤ ਵੱਡਾ ਘਾਟਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਹਲੀਮੀ ਇਨਸਾਨ, ਵਿਦਵਾਨ ਅਰਥਸ਼ਾਸਤਰੀ ਅਤੇ ਸੁਧਾਰਾਂ ਲਈ ਸਮਰਪਿਤ ਆਗੂ ਵਜੋਂ ਯਾਦ ਕੀਤਾ ਜਾਵੇਗਾ। ਮੋਦੀ ਨੇ ਵੀਡੀਓ ਸੁਨੇਹੇ ’ਚ ਮਨਮੋਹਨ ਸਿੰਘ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਭਵਿੱਖ ਦੀਆਂ ਪੀੜ੍ਹੀਆਂ ਲਈ ਸਬਕ ਹੈ ਕਿ ਕਿਵੇਂ ਸੰਘਰਸ਼ ਅਤੇ ਮਾੜੇ ਹਾਲਾਤ ਤੋਂ ਉਪਰ ਉੱਠ ਕੇ ਸਫ਼ਲਤਾਂ ਦੇ ਸਿਖਰ ਤੱਕ ਪਹੁੰਚਿਆ ਜਾ ਸਕਦਾ ਹੈ। ਮੋਦੀ ਨੇ ਕਿਹਾ, ‘‘ਡਾਕਟਰ ਮਨਮੋਹਨ ਸਿੰਘ ਦਾ ਦੇਹਾਂਤ ਮੁਲਕ ਲਈ ਵੱਡਾ ਘਾਟਾ ਹੈ। ਜ਼ਿੰਦਗੀ ਦੇ ਹਰ ਖੇਤਰ ’ਚ ਸਫ਼ਲਤਾ ਹਾਸਲ ਕਰਨਾ ਕੋਈ ਆਮ ਪ੍ਰਾਪਤੀ ਨਹੀਂ ਹੈ। ਵੰਡ ਦੌਰਾਨ ਭਾਰਤ ਆਉਣ ਮਗਰੋਂ ਬਹੁਤ ਕੁਝ ਖੁੱਸਣ ਦੇ ਬਾਵਜੂਦ ਉਨ੍ਹਾਂ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ।’’ ਉਨ੍ਹਾਂ ਆਰਥਿਕ ਮਾਹਿਰ ਵਜੋਂ ਵੱਖ ਵੱਖ ਪੱਧਰ ’ਤੇ ਡਾਕਟਰ ਸਿੰਘ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਔਖੇ ਵੇਲੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਪੀਵੀ ਨਰਸਿਮਹਾ ਰਾਓ ਦੀ ਸਰਕਾਰ ’ਚ ਵਿੱਤ ਮੰਤਰੀ ਵਜੋਂ ਮਨਮੋਹਨ ਸਿੰਘ ਨੇ ਦੇਸ਼ ਨੂੰ ਵਿੱਤੀ ਸੰਕਟ ’ਚੋਂ ਬਾਹਰ ਕੱਢਿਆ ਸੀ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਵਜੋਂ ਦੇਸ਼ ਦੇ ਵਿਕਾਸ ਅਤੇ ਤਰੱਕੀ ’ਚ ਡਾਕਟਰ ਮਨਮੋਹਨ ਸਿੰਘ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।’’ ਮੋਦੀ ਨੇ ਕਿਹਾ ਕਿ ਡਾਕਟਰ ਸਿੰਘ ਦੇ ਜੀਵਨ ’ਚੋਂ ਉਨ੍ਹਾਂ ਦੀ ਇਮਾਨਦਾਰੀ ਅਤੇ ਸਾਦਗੀ ਝਲਕਦੀ ਸੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਮੌਜੂਦਾ ਵਰ੍ਹੇ ਦੇ ਸ਼ੁਰੂ ’ਚ ਰਾਜ ਸਭਾ ’ਚ ਮਨਮੋਹਨ ਸਿੰਘ ਦਾ ਕਾਰਜਕਾਲ ਮੁਕੰਮਲ ਹੋਣ ’ਤੇ ਉਨ੍ਹਾਂ ਡਾਕਟਰ ਸਿੰਘ ਦੇ ਸਮਰਪਣ ਨੂੰ ਸਾਰਿਆਂ ਲਈ ਪ੍ਰੇਰਣਾ ਦੱਸਦਿਆਂ ਪ੍ਰਸ਼ੰਸਾ ਕੀਤੀ ਸੀ। ਮੋਦੀ ਨੇ ਮਨਮੋਹਨ ਸਿੰਘ ਦੇ ਵ੍ਹੀਲਚੇਅਰ ’ਤੇ ਬੈਠ ਕੇ ਸੰਸਦ ਦੇ ਅਹਿਮ ਸੈਸ਼ਨਾਂ ’ਚ ਹਿੱਸਾ ਲੈਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਸੰਸਦੀ ਫਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਕਿਹਾ ਕਿ ਡਾਕਟਰ ਸਿੰਘ ਨੇ ਹਮੇਸ਼ਾ ਸਿਆਸਤ ਤੋਂ ਉਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਵਿਅਕਤੀਆਂ ਨਾਲ ਸੰਪਰਕ ਬਣਾਈ ਰੱਖਿਆ। -ਪੀਟੀਆਈ
ਬੀਐੱਮਡਬਲਿਊ ਦੀ ਥਾਂ ਮਾਰੂਤੀ ਸੁਜ਼ੂਕੀ 800 ਨੂੰ ਤਰਜੀਹ ਦਿੱਤੀ
ਲਖਨਊ:
ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਲਗਜ਼ਰੀ ਬੀਐੱਮਡਬਲਿਊ’ਜ਼ ਦੀ ਥਾਂ ਆਪਣੀ ਮਾਰੂਤੀ ਸੁਜ਼ੂਕੀ 800 ਨੂੰ ਤਰਜੀਹ ਦਿੱੱਤੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਉਨ੍ਹਾਂ ਦੀ ਮੱਧ ਵਰਗ ਨਾਲ ਨੇੜਤਾ ਤੇ ਆਮ ਆਦਮੀ ਲਈ ਕੰਮ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉੱਤਰ ਪ੍ਰਦੇਸ਼ ਦੇ ਸਮਾਜ ਭਲਾਈ (ਆਜ਼ਾਦ ਚਾਰਜ) ਬਾਰੇ ਰਾਜ ਮੰਤਰੀ ਅਸੀਮ ਅਰੁਣ, ਜੋ ਸਾਬਕਾ ਆਈਪੀਐੱਸ ਅਧਿਕਾਰੀ ਹਨ ਤੇ ਜਿਨ੍ਹਾਂ ਤਿੰਨ ਸਾਲਾਂ ਤੱਕ ਸਿੰਘ ਨਾਲ ਉਨ੍ਹਾਂ ਦੇ ਮੁੱਖ ਅੰਗਰੱਖਿਅਕ ਵਜੋਂ ਕੰਮ ਕੀਤਾ, ਨੇ ਸੋਸ਼ਲ ਮੀਡੀਆ ਪੋਸਟ ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਨਿਮਰ ਤੇ ਸਰਲ ਸੁਭਾਅ ਉੱਤੇ ਰੌਸ਼ਨੀ ਪਾਈ ਹੈ। ਅਰੁਣ ਨੇ ਕਿਹਾ ਕਿ ਬੀਐੱਮਡਬਲਿਊ ਸਣੇ ਉੱਚ ਸੁਰੱਖਿਆ ਵਾਲੇ ਵਾਹਨਾਂ ਦੀ ਵੱਡੀ ਫਲੀਟ ਦੇ ਬਾਵਜੂਦ ਸਿੰਘ ਸਰਕਾਰੀ ਯਾਤਰਾ ਲਈ ਅਕਸਰ ਆਪਣੀ ਮਾਰੂਤੀ ਕਾਰ ਨੂੰ ਤਰਜੀਹ ਦਿੰਦੇ ਸਨ। ਅਰੁਣ ਨੇ ਕਿਹਾ ਸਿੰਘ ਉਸ ਨੂੰ ਕਹਿੰਦੇ ਸੀ, ‘‘ਅਸੀਮ, ਮੈਨੂੰ ਇਸ ਕਾਰ (ਬੀਐੱਮਡਬਲਿਊ) ਵਿਚ ਯਾਤਰਾ ਕਰਨਾ ਪਸੰਦ ਨਹੀਂ। ਮੇਰੀ ਕਾਰ ਮਾਰੂਤੀ ਹੈ।’’ -ਪੀਟੀਆਈ
ਮਨਮੋਹਨ ਸਿੰਘ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ: ਆਰਐੱਸਐੱਸ
ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਬਿਨਾਂ ਸ਼ੱਕ ਇਮਾਨਦਾਰ’ ਆਗੂ ਸਨ, ਜੋ ਆਰਥਿਕ ਸੁਧਾਰਾਂ ਤੇ ਲੋਕ ਹਿੱਤਾਂ ਵਿਚਾਲੇ ਤਵਾਜ਼ਨ ਬਿਠਾ ਸਕਦੇ ਸਨ। ਆਗੂਆਂ ਨੇ ਕਿਹਾ ਕਿ ਸਿੰਘ ਨੇ ਉਹੀ ਨੀਤੀਆਂ ਅਪਣਾਈਆਂ, ਜਿਨ੍ਹਾਂ ਨੂੰ ਉਹ ਦੇਸ਼ ਹਿੱਤ ਵਿਚ ਮੰਨਦੇ ਸਨ। ਚੇਤੇ ਰਹੇ ਕਿ ਖੱਬੇਪੱਖੀ ਮੋਰਚੇ ਨੇ 2004 ਵਿਚ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂਪੀਏ)-1 ਸਰਕਾਰ ਨੂੰ ਹਮਾਇਤ ਦਿੱਤੀ ਸੀ। ਉਧਰ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਤੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਬਾਲੇ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਇਕ ਸਾਂਝੇ ਬਿਆਨ ਵਿਚ ਕਿਹਾ, ‘‘ਪੂਰਾ ਦੇਸ਼ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਦੇਸ਼ ਦੇ ਸੀਨੀਅਰ ਆਗੂ ਡਾ. ਸਰਦਾਰ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬੇਹੱਦ ਗ਼ਮਗੀਨ ਹੈ। ਆਰਐੱਸਐੱਸ ਉਨ੍ਹਾਂ ਦੇ ਪਰਿਵਾਰ ਤੇ ਅਣਗਿਣਤ ਚਾਹੁਣ ਵਾਲਿਆਂ ਤੇ ਪ੍ਰਸ਼ੰਸਕਾਂ ਨਾਲ ਡੂੰਘੀਆਂ ਸੰਵੇਦਨਾਵਾਂ ਜ਼ਾਹਿਰ ਕਰਦਾ ਹੈ।’’
‘ਜਵਾਬਦੇਹੀ ਤੇ ਪਾਰਦਰਸ਼ਤਾ’ ਲਈ ਵਚਨਬੱਧ ਸਨ ਮਨਮੋਹਨ ਸਿੰਘ
ਨਵੀਂ ਦਿੱਲੀ:
ਸੂਚਨਾ ਦਾ ਅਧਿਕਾਰ (ਆਰਟੀਆਈ) ਐਕਟ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੀ ਅਮਲ ਵਿਚ ਆਇਆ ਸੀ। ਆਰਟੀਆਈ ਕਾਰਕੁਨਾਂ ਤੇ ਸਾਬਕਾ ਸੂਚਨਾ ਕਮਿਸ਼ਨਰਾਂ ਨੇ ਕਿਹਾ ਕਿ ਜਦੋਂ ਇਹ ਐਕਟ ਕਾਨੂੰਨ ਬਣਿਆ ਤਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਇਸ ਦੇ ਸਰਕਾਰੀ ਕੰਮਕਾਜ ਉੱਤੇ ਪੈਣ ਵਾਲੇ ਅਸਰ ਬਾਰੇ ਥੋੜ੍ਹੀ ਬੇਯਕੀਨੀ ਸੀ, ਪਰ ਉਹ ‘ਜਵਾਬਦੇਹੀ ਤੇ ਪਾਰਦਰਸ਼ਤਾ’ ਦੇ ਵਿਚਾਰ ਨੂੰ ਲੈ ਕੇ ਵਚਨਬੱਧ ਸਨ। ਇਹ ਐਕਟ ਦੇਸ਼ ਦੇ ਹਰ ਨਾਗਰਿਕ ਨੂੰ ਦਸ ਰੁਪਏ ਦੀ ਅਦਾਇਗੀ ਨਾਲ ਸਰਕਾਰ ਤੋਂ ਸੂਚਨਾ ਲੈਣ ਦਾ ਅਧਿਕਾਰ ਦਿੰਦਾ ਹੈ। ਇਸ ਨਾਲ ਸਰਕਾਰੀ ਕੰਮਕਾਜ ਵਿਚ ਦਹਾਕਿਆਂ ਤੋਂ ਬਣਿਆ ਭੇਤ ਖ਼ਤਮ ਹੋਇਆ ਸੀ। -ਪੀਟੀਆਈ
ਕੋਲਾ ਘੁਟਾਲਾ: ਸੁਪਰੀਮ ਕੋਰਟ ਤੋਂ ਮਿਲੀ ਸੀ ਰਾਹਤ
ਨਵੀਂ ਦਿੱਲੀ:
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੋਲਾ ਘੁਟਾਲਾ (ਕੋਲਾ ਬਲਾਕਾਂ ਦੀ ਵੰਡ) ਕੇਸ ਵਿਚ ਮੁਲਜ਼ਮ ਵਜੋਂ ਸੰਮਨ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਹਾਲਾਂਕਿ ਦਖ਼ਲ ਦਿੰਦਿਆਂ ਟਰਾਇਲ ਕੋਰਟ ਦੇ ਹੁਕਮਾਂ ਉੱਤੇ ਰੋਕ ਲਾ ਦਿੱਤੀ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਕੋਲਾ ਬਲਾਕਾਂ ਦੀ ਵੰਡ ਦੇ ਆਪਣੇ ਕਿਸੇ ਵੀ ਫੈਸਲੇ ਵਿਚ ਕਿਸੇ ਤਰ੍ਹਾਂ ਦੇ ਅਪਰਾਧ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਹਿੰਡਾਲਕੋ ਨੂੰ ਤਾਲਾਬੀਰਾ-2 ਕੋਲ ਬਲਾਕ ਦੀ ਵੰਡ ਮਾਮਲੇ ਵਿਚ ਟਰਾਇਲ ਕੋਰਟ ਵੱਲੋਂ ਮਾਰਚ 2015 ਵਿਚ (ਮੁਲਜ਼ਮ ਵਜੋਂ) ਜਾਰੀ ਸੰਮਨਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਕਥਿਤ ਕੋਲਾ ਘੁਟਾਲੇ ਮੌਕੇ ਕੋਲਾ ਮੰਤਰਾਲਾ ਸਾਬਕਾ ਪ੍ਰਧਾਨ ਮੰਤਰੀ ਕੋਲ ਹੁੰਦਾ ਸੀ। -ਪੀਟੀਆਈ