ਡਾ. ਮਨਮੋਹਨ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਨਵੀਂ ਦਿੱਲੀ, 28 ਦਸੰਬਰ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੱਜ ਦੇਸ਼ ਵਿਦੇਸ਼ ਦੀਆਂ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਥੇ ਨਿਗਮਬੋਧ ਘਾਟ ਵਿਚ ਗੁਰਬਾਣੀ ਦੇ ਸਿਮਰਨ ਦਰਮਿਆਨ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀ ਵੱਡੀ ਧੀ ਉਪਿੰਦਰ ਸਿੰਘ ਨੇ ਦਿਖਾਈ। ਅੰਤਿਮ ਰਸਮਾਂ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਣੇ ਕਾਂਗਰਸ ਦੇ ਸਿਖਰਲੇ ਆਗੂ ਮੌਜੂਦ ਸਨ। ਭੂਟਾਨ ਦੇ ਸਮਰਾਟ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਤੇ ਮੌਰੀਸ਼ਸ ਦੇ ਵਿਦੇਸ਼ ਮੰਤਰੀ ਧਨੰਜੈ ਰਾਮਫ਼ਲ ਸਮੇਤ ਹੋਰਨਾਂ ਵਿਦੇਸ਼ੀ ਹਸਤੀਆਂ ਨੇ ਸ਼ਰਧਾਂਜਲੀ ਭੇਟ ਕੀਤੀ। ਡਾ. ਮਨਮੋਹਨ ਸਿੰਘ ਦਾ 26 ਦਸੰਬਰ ਦੀ ਰਾਤ ਨੂੰ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਉਹ 2004 ਤੋਂ 2014 ਦਰਮਿਆਨ ਲਗਾਤਾਰ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ।
ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਦੀ ਦੇਹ ਉੱਤੇ ਫੁੱਲ ਮਾਲਾਵਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਰਸਮਾਂ ਵਿਚ ਕਈ ਮੁੱਖ ਮੰਤਰੀ ਵੀ ਸ਼ਾਮਲ ਹੋਏ, ਜਿਨ੍ਹਾਂ ਵਿਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ, ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਤੇ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੀ ਸਨ। ਇਸ ਮੌਕੇ ਸਾਬਕਾ ਮੁੱਖ ਮੰਤਰੀਆਂ ਭੁਪਿੰਦਰ ਸਿੰਘ ਹੁੱਡਾ, ਅਸ਼ੋਕ ਗਹਿਲੋਤ ਤੇ ਭੁਪੇਸ਼ ਬਘੇਲ ਤੋਂ ਇਲਾਵਾ ਏਆਈਸੀਸੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਪ੍ਰਿਯੰਕਾ ਗਾਂਧੀ ਵਾਡਰਾ, ਜੈਰਾਮ ਰਮੇਸ਼, ਰਣਦੀਪ ਸੁਰਜੇਵਾਲਾ ਤੇ ਕਈ ਸਾਬਕਾ ਕੇਂਦਰੀ ਮੰਤਰੀ ਵੀ ਮੌਜੂਦ ਸਨ। ਚਿਖਾ ਨੂੰ ਅਗਨੀ ਦਿਖਾਉਣ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ 21 ਬੰਦੂਕਾਂ ਨਾਲ ਸਲਾਮੀ ਦਿੱਤੀ। ਅੰਤਿਮ ਰਸਮਾਂ ਦੌਰਾਨ ਗ੍ਰੰਥੀ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਗੁਰਬਾਣੀ ਦਾ ਜਾਪ ਕੀਤਾ।
ਸਾਬਕਾ ਪ੍ਰਧਾਨ ਮੰਤਰੀ ਦੀ ਅੰਤਿਮ ਯਾਤਰਾ ਕਾਂਗਰਸ ਹੈੱਡਕੁਆਰਟਰ ਤੋਂ ਸ਼ੁਰੂ ਹੋਈ, ਜਿੱਥੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਨੂੰ ਆਖਰੀ ਸ਼ਰਧਾਂਜਲੀ ਭੇਟ ਕੀਤੀ। ਸਿੰਘ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੇ ਵਾਹਨ, ਜਿਸ ਦੇ ਦੁਆਲੇ ਸੁਰੱਖਿਆ ਕਰਮੀ ਤੇ ਪਾਰਟੀ ਵਰਕਰ ਮੌਜੂਦ ਸਨ, ਨੂੰ ਸਵੇਰੇ 11:30 ਵਜੇ ਦੇ ਕਰੀਬ ਨਿਗਮਬੋਧ ਘਾਟ ਲਿਆਂਦਾ ਗਿਆ। ਘਾਟ ਵਿਖੇ ਫੁੱਲਾਂ ਨਾਲ ਸਜੇ ਬਕਸੇ, ਜਿਸ ਵਿਚ ਦੇਹ ਰੱਖੀ ਗਈ ਸੀ, ਤਿਰੰਗੇ ਨਾਲ ਢਕਿਆ ਸੀ ਤੇ ਇਥੇ ਆਗੂਆਂ ਨੇ ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਮ੍ਰਿਤਕ ਦੇਹ ਉੱਤੇ ਫੁੱਲ ਮਾਲਾਵਾਂ ਰੱਖ ਕੇ ਸ਼ਰਧਾਂਜਲੀ ਦਿੱਤੀ।
ਇਸ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੇ ਇਥੇ ਏਆਈਸੀਸੀ ਹੈੱਡਕੁਆਰਟਰਜ਼, ਜਿੱਥੇ ਇਕ ਘੰਟੇ ਦੇ ਕਰੀਬ ਸਿੰਘ ਦੀ ਮ੍ਰਿਤਕ ਦੇਹ ਦਰਸ਼ਨਾਂ ਲਈ ਰੱਖੀ ਗਈ ਸੀ, ਵਿਖੇੇ ਵਿੱਛੜੇ ਆਗੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਖੜਗੇ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਮਗਰੋਂ ਨਿਗਮਬੋਧ ਘਾਟ ਵਿਖੇ ਵੀ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦਿੱਤੀ। ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਅਤੇ ਉਨ੍ਹਾਂ ਦੀ ਇਕ ਧੀ ਨੇ ਵੀ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਰੱਖ ਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੀਆਂ ਤਿੰਨੋਂ ਧੀਆਂ ਉਪਿੰਦਰ ਸਿੰਘ, ਦਮਨ ਕੌਰ ਤੇ ਅੰਮ੍ਰਿਤ ਕੌਰ ਹੋਰਨਾਂ ਸਕੇ ਸਬੰਧੀਆਂ ਨਾਲ ਮੌਜੂਦ ਸਨ। ਨਿਗਮਬੋਧ ਘਾਟ ਤੱਕ ਦੇ ਸਫ਼ਰ ਦੌਰਾਨ ਪਾਰਟੀ ਵਰਕਰਾਂ ਨੇ ਰਸਤੇ ਵਿਚ ‘ਮਨਮੋਹਨ ਸਿੰਘ ਅਮਰ ਰਹੇ’ ਦੇ ਨਾਅਰੇ ਵੀ ਲਾਏ। ਇਸ ਦੌਰਾਨ ਉਨ੍ਹਾਂ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਦੇਣ ਦੀ ਮੰਗ ਵੀ ਕੀਤੀ ਗਈ। ਮਨਮੋਹਨ ਸਿੰਘ ਦਾ 26 ਦਸੰਬਰ ਨੂੰ ਦਿੱਲੀ ਦੇ ਏਮਸ ਹਸਪਤਾਲ ਵਿੱਚ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਸਿੰਘ ਨੇ 2004 ਤੋਂ 2014 ਦਰਮਿਆਨ ਪ੍ਰਧਾਨ ਮੰਤਰੀ ਵਜੋਂ ਯੂਪੀਏ ਸਰਕਾਰ ਦੀ ਨੁਮਾਇੰਦਗੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਆਰਬੀਆਈ ਦੇ ਗਵਰਨਰ ਤੇ ਦੇਸ਼ ਦੇ ਵਿੱਤ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। -ਪੀਟੀਆਈ