ਡਾ. ਇੰਦਰਜੀਤ ਕੌਰ ਦਾ ‘ਚੈਂਪੀਅਨਜ਼ ਆਫ਼ ਚੇਂਜ ਐਵਾਰਡ’ ਨਾਲ ਸਨਮਾਨ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 6 ਫਰਵਰੀ
ਲਾਇਨਜ਼ ਇੰਟਰਨੈਸ਼ਨਲ ਕਲੱਬ ਵੱਲੋਂ ਮੁੰਬਈ ਵਿੱਚ ਇੱਕ ਸਮਾਗਮ ਦੌਰਾਨ ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੂੰ ‘ਚੈਂਪੀਅਨਜ਼ ਆਫ਼ ਚੇਂਜ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧ ਵਿੱਚ ਮੁੰਬਈ ਦੇ ਜੀਓ ਕਨਵੈਂਸ਼ਨ ਸੈਂਟਰ ਵਿੱਚ ਲਾਈਨਸ ਇੰਟਰਨੈਸ਼ਨਲ ਕਲੱਬ ਵੱਲੋਂ ਇੱਕ ਪ੍ਰਦਰਸ਼ਨੀ ਲਾਈ ਗਈ ਸੀ, ਜਿਸ ਨੂੰ ‘ਦਿ ਗਿਵ ਕਨਕਲੇਵ ਐਕਸਪੋ’ ਦਾ ਨਾਂ ਦਿੱਤਾ ਗਿਆ ਸੀ। ਇਸ ਪ੍ਰਦਰਸ਼ਨੀ ਵਿੱਚ ਜੀਓ ਲਾਈਨ ਕਲੱਬ ਵੱਲੋਂ 200 ਸਟਾਲ ਲਾਏ ਗਏ ਸਨ ਜਿਨ੍ਹਾਂ ਵਿੱਚ 20 ਸਟਾਲ ਸਮਾਜ ਸੇਵੀ ਜਥੇਬੰਦੀਆਂ ਦੇ ਸਨ। ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਕਨਵੈਨਸ਼ਨ ਸੈਂਟਰ ਵਿੱਚ ਪਿੰਗਲਵਾੜਾ ਸੰਸਥਾ ਵੱਲੋਂ ਚਾਰ ਸਟਾਰ ਲਾਏ ਗਏ ਸਨ ਜਿਨ੍ਹਾਂ ਦਾ ਖਰਚਾ ਲਾਈਨਸ ਕਲੱਬ ਅਤੇ ਹੋਰ ਦਾਨੀਆਂ ਵੱਲੋਂ ਮੁਹੱਈਆ ਕੀਤਾ ਗਿਆ ਸੀ। ਇੱਕ ਸਟਾਲ ਦਾ ਖਰਚਾ ਲਗਭਗ ਇੱਕ ਲੱਖ 30 ਹਜ਼ਾਰ ਰੁਪਏ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਟਾਲਾਂ ’ਤੇ ਪਿੰਗਲਵਾੜਾ ਸੰਸਥਾ ਵੱਲੋਂ ਸਮਾਜ ਭਲਾਈ ਵਾਸਤੇ ਕੀਤੇ ਜਾ ਰਹੇ ਵੱਖ ਵੱਖ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਮੌਕੇ ਲਾਇਨਜ਼ ਇੰਟਰਨੈਸ਼ਨਲ ਕਲੱਬ ਵੱਲੋਂ ਸਮੁੱਚੇ ਦੇਸ਼ ਵਿੱਚੋਂ 15 ਵਿਅਕਤੀਆਂ ਨੂੰ ‘ਚੈਂਪੀਅਨਸ ਆਫ਼ ਚੇਂਜ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਪੰਜਾਬ ਵਿੱਚੋਂ ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੂੰ ਇਹ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।