ਚੰਡੀਗੜ੍ਹ ਵਿੱਚ ਡਾ. ਐੱਮ.ਐੱਸ. ਰੰਧਾਵਾ ਕਲਾ ਅਤੇ ਸਾਹਿਤ ਉਤਸਵ ਸ਼ੁਰੂ
ਹਰਦੇਵ ਚੌਹਾਨ
ਚੰਡੀਗੜ੍ਹ, 2 ਫਰਵਰੀ
ਸੱਭਿਆਚਾਰਕ ਤੇ ਸੈਰ-ਸਪਾਟਾ ਵਿਭਾਗ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਇੱਥੇ ਡਾ. ਐੱਮ.ਐੱਸ. ਰੰਧਾਵਾ ਕਲਾ ਤੇ ਸਹਿਤ ਉਤਸਵ ਦੇ ਉਦਘਾਟਨ ਮੌਕੇ ਕਿਹਾ, ‘‘ਡਾ. ਐੱਮ.ਐੱਸ. ਰੰਧਾਵਾ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੇ ਪੰਜਾਬ ਤੇ ਪੰਜਾਬੀ ਸੱਭਿਆਚਾਰ ਲਈ ਕੀਤੇ ਕਾਰਜ ਅੱਜ ਵੀ ਸਾਡੇ ਚੇਤਿਆਂ ਵਿੱਚ ਹਨ।’’ ਉਨ੍ਹਾਂ ਕਿਹਾ ਕਿ ਉਹ ਵੀ ਸਲਾਹਕਾਰ ਬੋਰਡ ਦੀ ਸਥਾਪਨਾ ਕਰ ਕੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਕਰਨਗੇ। ਇਸ ਮੌਕੇ ਉਨ੍ਹਾਂ ਰਾਣੀ ਬਲਬੀਰ ਕੌਰ, ਡਾ. ਮੋਹਨਜੀਤ, ਅਰਪਨਾ ਕੌਰ, ਦੇਸ਼ ਰਾਜ ਲਚਕਾਨੀ ਤੇ ਬਲਦੇਵ ਸਿੰਘ ਸੜਕਨਾਮਾ ਨੂੰ ‘ਪੰਜਾਬ ਦੇ ਗੌਰਵ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨੂੰ ਇੱਕ ਲੱਖ ਰੁਪਏ ਨਕਦ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਮੌਕੇ ਕਲਾ ਪਰਿਸ਼ਦ ਦਾ ਮੈਗਜ਼ੀਨ ‘ਕਲਾ ਦੁਆਰ’ ਵੀ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਕਲਾ ਭਵਨ ਚੰਡੀਗੜ੍ਹ ਵਿੱਚ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਡਾ. ਰੰਧਾਵਾ ਸਾਹਿਤ ਅਤੇ ਕਲਾ ਉਤਸਵ ਦੀ ਰੂਪਰੇਖਾ ਬਿਆਨ ਕੀਤੀ। ਡਾ. ਲਖਵਿੰਦਰ ਜੌਹਲ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਅਮਰਜੀਤ ਗਰੇਵਾਲ ਨੇ ਰੰਧਾਵਾ ਯਾਦਗਾਰੀ ਭਾਸ਼ਣ ਦਿੱਤਾ। ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ, ਡਾ. ਯੋਗਰਾਜ, ਕੇਵਲ ਧਾਲੀਵਾਲ, ਸੁਰਿੰਦਰ ਸਿੰਘ ਸੁੰਨੜ ਤੇ ਪ੍ਰੀਤਮ ਸਿੰਘ ਰੁਪਾਲ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।