For the best experience, open
https://m.punjabitribuneonline.com
on your mobile browser.
Advertisement

ਡਾ. ਗੁਰਦੇਵ ਖੁਸ਼ ਅਤੇ ਝੋਨੇ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ

07:19 AM Jan 29, 2024 IST
ਡਾ  ਗੁਰਦੇਵ ਖੁਸ਼ ਅਤੇ ਝੋਨੇ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ
Advertisement

ਡਾ. ਰਣਜੀਤ ਸਿੰਘ

Advertisement

ਡਾ. ਗੁਰਦੇਵ ਸਿੰਘ ਖੁਸ਼ ਸੰਸਾਰ ਦੇ ਪ੍ਰਮੁੱਖ ਝੋਨਾ ਵਿਗਿਆਨੀ ਹਨ। ਉਨ੍ਹਾਂ ਨੇ 33 ਸਾਲ ਫਿਲਪੀਨਜ਼ ਸਥਿਤ ਕੌਮਾਂਤਰੀ ਝੋਨਾ ਖੋਜ ਸੰਸਥਾ (ਇਰੀ) ਵਿੱਚ ਝੋਨਾ ਖੋਜ ਦੀ ਅਗਵਾਈ ਕੀਤੀ। ਪਿਛਲੇ ਤਿੰਨ ਦਹਾਕਿਆਂ ਦੌਰਾਨ ਡਾ. ਖੁਸ਼ ਵੱਲੋਂ ਵਿਕਸਤ ਕੀਤੀਆਂ ਵੱਧ ਝਾੜ ਦੇਣ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਸਦਕਾ ਸੰਸਾਰ ਵਿਚ ਚੌਲਾਂ ਦੀ ਉਪਜ ਦੁੱਗਣੀ ਹੋ ਗਈ ਹੈ। ਇਸ ਨਾਲ ਕਰੋੜਾਂ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ ਜਾ ਸਕਿਆ ਹੈ। ਸੰਸਾਰ ਦੀ ਅੱਧੀ ਤੋਂ ਵੱਧ ਵਸੋਂ ਦੀ ਮੁੱਖ ਖ਼ੁਰਾਕ ਹੋਣ ਕਾਰਨ ਚੌਲਾਂ ਨੂੰ ਜੀਵਨ, ਦੌਲਤ ਅਤੇ ਵਿਕਾਸ ਦੀ ਫ਼ਸਲ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਇਸ ਇਤਿਹਾਸਕ ਦੇਣ ਲਈ ਵੀਅਤਨਾਮ ਵਿਖੇ ਵਿਨਫਿਊਚਰ ਫਾਊਂਡੇਸ਼ਨ ਨੇ ਆਪਣਾ 5 ਲੱਖ ਡਾਲਰ ਵਾਲਾ ਇਨਾਮ ਡਾ. ਖੁਸ਼ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।
ਡਾ. ਖੁਸ਼ ਨੇ 1967 ਵਿਚ ਝੋਨਾ ਖੋਜ ਸੰਸਥਾ ਵਿੱਚ ਬਤੌਰ ਪਲਾਂਟ ਬਰੀਡਰ ਨੌਕਰੀ ਸ਼ੁਰੂ ਕੀਤੀ ਤੇ 1972 ਵਿਚ ਆਪਣੇ ਵਿਭਾਗ ਦੇ ਮੁਖੀ ਬਣ ਗਏ। ਇਸ ਸੰਸਥਾ ਵਲੋਂ ਉਨ੍ਹਾਂ ਨੂੰ 1986 ਵਿਚ ਪ੍ਰਮੁੱਖ ਵਿਗਿਆਨੀ ਬਣਾ ਦਿੱਤਾ ਗਿਆ। ਡਾ. ਖੁਸ਼ ਜਦੋਂ ਤੋਂ ਇਸ ਸੰਸਥਾ ਵਿਚ ਆਏ, ਉਨ੍ਹਾਂ ਝੋਨੇ ਦੀਆਂ ਅਜਿਹੀਆਂ ਕਿਸਮਾਂ ਵਿਕਸਤ ਕਰਨ ਦੇ ਪ੍ਰੋਗਰਾਮ ਦੀ ਅਗਵਾਈ ਕੀਤੀ ਜਿਨ੍ਹਾਂ ਦਾ ਝਾੜ ਵੱਧ, ਪੱਕਣ ਸਮਾਂ ਘੱਟ, ਚੌਲ ਵਧੀਆ ਅਤੇ ਉਨ੍ਹਾਂ ਵਿੱਚ ਕੀੜੇ ਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੋਵੇ। ਹੁਣ ਤਕ ਡਾ. ਖੁਸ਼ ਵੱਲੋਂ ਕੀਤੇ ਕੰਮ ’ਤੇ ਆਧਾਰਿਤ 300 ਤੋਂ ਵੀ ਵੱਧ ਨਵੀਆਂ ਕਿਸਮਾਂ ਵੱਖੋ-ਵੱਖਰੇ ਦੇਸ਼ਾਂ ਵਿਚ ਕਾਸ਼ਤ ਲਈ ਕਿਸਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ।


ਤੁਸੀਂ ਸੰਸਾਰ ਦੇ ਕਿਸੇ ਵੀ ਹਿੱਸੇ ਵਿਚ ਜਦੋਂ ਵੀ ਝੋਨੇ ਦੇ ਕਿਸੇ ਖੇਤ ਕੋਲੋਂ ਲੰਘਦੇ ਹੋ ਤਾਂ ਤੁਸੀਂ ਡਾ. ਖੁਸ਼ ਦੀ ਵਿਕਸਤ ਕੀਤੀ ਹੋਈ ਕਿਸਮ ਨੂੰ ਹੀ ਦੇਖਦੇ ਹੋ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਏਸ਼ੀਆ ਵਿੱਚ ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੁੰਦੇ ਜੇ ਝੋਨੇ ਦੀ ਪੈਦਾਵਾਰ ਦੁੱਗਣੀ ਨਾ ਹੋਈ ਹੁੰਦੀ। ਏਸ਼ੀਆ ਦਾ ਜਿਹੜਾ ਵਿਕਾਸ ਦੇਖਣ ਨੂੰ ਮਿਲ ਰਿਹਾ ਹੈ, ਇਸ ਵਿਚ ਅਨਾਜ ’ਚ ਆਤਮ-ਨਿਰਭਰ ਹੋਣ ਦਾ ਵੱਡਾ ਯੋਗਦਾਨ ਹੈ।
ਗੁਰਦੇਵ ਸਿੰਘ ਖੁਸ਼ ਪੰਜਾਬ ਦੇ ਨਿੱਕੇ ਜਿਹੇ ਪਿੰਡ ਰੁੜਕੀ (ਜ਼ਿਲ੍ਹਾ ਜਲੰਧਰ) ਦੇ ਰਹਿਣ ਵਾਲੇ ਹਨ। ਮਾਪਿਆਂ ਦੀ ਪਹਿਲੀ ਸੰਤਾਨ ਹੋਣ ਕਰ ਕੇ ਰਵਾਇਤ ਅਨੁਸਾਰ ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਖਟਕੜ ਕਲਾਂ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਜਿਹੜਾ ਸ਼ਹੀਦ ਭਗਤ ਸਿੰਘ ਹੋਰਾਂ ਦਾ ਜੱਦੀ ਪਿੰਡ ਹੈ, ਵਿਖੇ 22 ਅਗਸਤ 1935 ਨੂੰ ਹੋਇਆ। ਉਨ੍ਹਾਂ ਦੇ ਪਿਤਾ ਕਰਤਾਰ ਸਿੰਘ ਕੂਨਰ ਪਿੰਡ ਵਿੱਚੋਂ ਪਹਿਲੇ ਵਿਅਕਤੀ ਸਨ ਜਿਨ੍ਹਾਂ ਦਸਵੀਂ ਪਾਸ ਕੀਤੀ ਸੀ। ਉਨ੍ਹਾਂ ਦੀ ਖਾਹਸ਼ ਸੀ ਕਿ ਬੱਚੇ ਉਚੇਰੀ ਵਿੱਦਿਆ ਪ੍ਰਾਪਤ ਕਰਨ। ਗੁਰਦੇਵ ਸਿੰਘ ਵਿਚ ਪੜ੍ਹਾਈ ਦੀ ਲਗਨ ਲਗਾਉਣ ਵਾਲੇ ਉਨ੍ਹਾਂ ਦੇ ਪਿਤਾ ਜੀ ਹੀ ਸਨ। ਡਾ. ਖੁਸ਼ ਨੇ ਖ਼ੁਦ ਵੀ ਦੇਖਿਆ ਸੀ ਕਿ ਪੜ੍ਹੇ-ਲਿਖੇ ਹੋਣ ਕਰ ਕੇ ਪਿੰਡ ਵਿਚ ਉਨ੍ਹਾਂ ਦੇ ਪਿਤਾ ਜੀ ਦਾ ਬਹੁਤ ਮਾਣ ਤੇ ਸਤਿਕਾਰ ਸੀ। ਉਨ੍ਹਾਂ ਦੇ ਆਪਣੇ ਪਿੰਡ ਹਾਈ ਸਕੂਲ ਨਹੀਂ ਸੀ, ਉਹ ਰੋਜ਼ ਛੇ ਮੀਲ ਪੈਦਲ ਤੁਰ ਕੇ ਖਾਲਸਾ ਹਾਈ ਸਕੂਲ ਬੰਡਾਲਾ ਵਿੱਚ ਪੜ੍ਹਨ ਜਾਂਦੇ ਸਨ ਜਿੱਥੋਂ ਉਨ੍ਹਾਂ ਦਸਵੀਂ ਪਾਸ ਕੀਤੀ। ਉਹ ਆਪਣੇ ਸਕੂਲ ਵਿਚ ਪਹਿਲੇ ਨੰਬਰ ’ਤੇ ਰਹੇ। ਗੁਰਦੇਵ ਡਾਕਟਰ ਬਣਨਾ ਚਾਹੁੰਦਾ ਸੀ ਪਰ ਉਨ੍ਹਾਂ ਦੇ ਪਿਤਾ ਜੀ ਚਾਹੁੰਦੇ ਸਨ ਕਿ ਉਹ ਖੇਤੀਬਾੜੀ ਕਾਲਜ ਵਿਚ ਦਾਖ਼ਲ ਹੋਵੇ ਤਾਂ ਜੋ ਕਿਸਾਨਾਂ ਦੇ ਭਲੇ ਲਈ ਕੰਮ ਕਰ ਸਕੇ। ਦਸਵੀਂ ਪਿਛੋਂ ਗੁਰਦੇਵ ਲੁਧਿਆਣੇ ਸਥਿਤ ਸਰਕਾਰੀ ਖੇਤੀਬਾੜੀ ਕਾਲਜ ਵਿਚ ਦਾਖ਼ਲਾ ਹੋ ਗਏ। ਕਾਲਜ ਵਿੱਚੋਂ ਉਨ੍ਹਾਂ ਬੀਐਸਸੀ (ਐਗਰੀ.) ਦੀ ਡਿਗਰੀ 1955 ਵਿਚ ਪ੍ਰਾਪਤ ਕੀਤੀ ਅਤੇ ਉਨ੍ਹਾਂ ਦਾ ਮੁੱਖ ਵਿਸ਼ਾ ਪਲਾਂਟ ਬਰੀਡਿੰਗ ਸੀ। ਉਨ੍ਹਾਂ ਨੂੰ ਇਸ ਕਾਲਜ ਦੇ ਸਰਵਪੱਖੀ ਵਧੀਆ ਵਿਦਿਆਰਥੀ ਹੋਣ ਦਾ ਸਨਮਾਨ ਪ੍ਰਾਪਤ ਹੋਇਆ। ਗੁਰਦੇਵ ਸਿੰਘ ਚਾਹੁੰਦੇ ਸਨ ਕਿ ਅਮਰੀਕਾ ਦੀ ਯੂਨੀਵਰਸਿਟੀ ਵਿਚ ਉੱਚੇਰੀ ਪੜ੍ਹਾਈ ਕੀਤੀ ਜਾਵੇ ਪਰ ਉਨ੍ਹਾਂ ਕੋਲ ਅਮਰੀਕਾ ਜਾਣ ਲਈ ਪੈਸੇ ਨਹੀਂ ਸਨ।
ਖ਼ੁਸ਼ਕਿਸਮਤੀ ਨਾਲ ਉਨ੍ਹਾਂ ਦਿਨਾਂ ਵਿਚ ਇੰਗਲੈਂਡ ਨੇ ਆਪਣੇ ਦਰਵਾਜ਼ੇ ਭਾਰਤੀਆਂ ਲਈ ਖੋਲ੍ਹੇ ਸਨ ਕਿਉਂਕਿ ਉੱਥੇ ਮਜ਼ਦੂਰਾਂ ਦੀ ਘਾਟ ਹੋ ਗਈ ਸੀ। ਇਸ ਮੌਕੇ ਦਾ ਲਾਭ ਉਠਾਉਂਦਿਆਂ ਗੁਰਦੇਵ ਸਿੰਘ ਨੇ ਇੰਗਲੈਂਡ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇ ਪਿਤਾ ਭਾਵੇਂ ਪਿੰਡ ਵਿੱਚ ਚੰਗੇ ਪਰਿਵਾਰਾਂ ’ਚੋਂ ਮੰਨੇ ਜਾਂਦੇ ਸਨ ਪਰ ਉਨ੍ਹਾਂ ਕੋਲ ਵੀ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਪੁੱਤਰ ਦੀ ਇੰਗਲੈਂਡ ਲਈ ਟਿਕਟ ਖ਼ਰੀਦ ਸਕਦੇ। ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਤੇ ਇੰਗਲੈਂਡ ਪੁੱਜ ਗਏ। ਉਨ੍ਹਾਂ ਦਾ ਅਸਲ ਨਿਸ਼ਾਨਾ ਅਮਰੀਕਾ ਪੁੱਜਣਾ ਹੀ ਸੀ। ਇਸ ਕਰ ਕੇ ਉਨ੍ਹਾਂ ਨੇ ਡੇਢ ਸਾਲ ਇੰਗਲੈਂਡ ’ਚ ਮਿਹਨਤ ਕੀਤੀ ਜਿਸ ਨਾਲ ਉਨ੍ਹਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਕਰਜ਼ਾ ਮੋੜ ਕੇ ਉਚੇਰੀ ਪੜ੍ਹਾਈ ਲਈ ਅਮਰੀਕਾ ਪੁੱਜ ਗਏ।
ਉਨ੍ਹਾਂ ਜੂਨ 1957 ’ਚ ਕੈਲੀਫੋਰਨੀਆ ਯੂਨੀਵਰਸਿਟੀ ਡੇਵਿਸ ਵਿਚ ਐਮਐਸਸੀ ਜੈਨੇਟਿਕਸ ’ਚ ਦਾਖ਼ਲਾ ਲੈ ਲਿਆ। ਪਹਿਲੇ ਦੋ ਸਮੈਸਟਰਾਂ ਵਿਚ ਵਧੀਆ ਨੰਬਰ ਆਉਣ ਕਰ ਕੇ ਉਨ੍ਹਾਂ ਦੇ ਪ੍ਰੋਫੈਸਰ ਨੇ ਐਮਐਸਸੀ ਕੀਤੇ ਬਗੈਰ ਸਿੱਧੇ ਹੀ ਪੀਐਚਡੀ ਕਰਨ ਦੀ ਆਗਿਆ ਦੇ ਦਿੱਤੀ। ਇੰਝ ਉਨ੍ਹਾਂ ਨੇ 1960 ਵਿਚ ਜੈਨੇਟਿਕਸ ਵਿਸ਼ੇ ਵਿਚ ਪੀਐਚਡੀ ਤਿੰਨ ਸਾਲ ਤੋਂ ਵੀ ਘੱਟ ਸਮੇਂ ਦੌਰਾਨ ਪ੍ਰਾਪਤ ਕਰ ਲਈ। ਉਸ ਸਮੇਂ ਉਨ੍ਹਾਂ ਦੀ ਉਮਰ ਮਸਾਂ 25 ਕੁ ਸਾਲ ਸੀ। ਪੜ੍ਹਾਈ ਪਿਛੋਂ ਉਨ੍ਹਾਂ ਨੂੰ ਉਸੇ ਯੂਨੀਵਰਸਿਟੀ ਵਿਚ ਨੌਕਰੀ ਮਿਲ ਗਈ ਜਿਸ ਉੱਤੇ ਉਨ੍ਹਾਂ ਨੇ 1967 ਤਕ ਕੰਮ ਕੀਤਾ।
ਡਾ. ਖੁਸ਼ ਆਪਣੇ ਕਿੱਤੇ ਅਤੇ ਪਰਿਵਾਰਕ ਜੀਵਨ ਵਿਚ ਸਫ਼ਲ ਇਨਸਾਨ ਹਨ। ਆਪਣੀਆਂ ਪ੍ਰਾਪਤੀਆਂ ਅਤੇ ਸਫ਼ਲਤਾਵਾਂ ਦਾ ਕਾਰਨ ਉਹ ਸਹੀ ਕਿੱਤਾ, ਸਹੀ ਸਮੇਂ ਉੱਤੇ ਅਤੇ ਸਹੀ ਥਾਂ ਮਿਲਣ ਨੂੰ ਸਮਝਦੇ ਹਨ। ਉਨ੍ਹਾਂ ਹਰ ਰੋਜ਼ ਘੱਟੋ-ਘੱਟ 12 ਘੰਟੇ ਕੰਮ ਕੀਤਾ। ਉਹ ਆਖਦੇ ਹਨ ਕਿ ਇਨਸਾਨ ਕੋਲ ਸਮੇਂ ਦੀ ਘਾਟ ਹੈ ਜਦੋਂਕਿ ਉਸ ਦੇ ਦਿਮਾਗ਼ ਦੀ ਥਾਹ ਅਥਾਹ ਹੈ। ਦਿਮਾਗੀ ਸ਼ਕਤੀ ਦੀ ਪੂਰੀ ਵਰਤੋਂ ਕਰਨ ਲਈ ਜ਼ਰੂਰੀ ਹੈ ਕਿ ਸਮੇਂ ਦਾ ਠੀਕ ਅਤੇ ਵੱਧ ਤੋਂ ਵੱਧ ਪ੍ਰਯੋਗ ਕੀਤਾ ਜਾਵੇ। ਡਾ. ਖੁਸ਼ ਨੇ ਆਪਣੀ ਸਾਰੀ ਨੌਕਰੀ ਦੌਰਾਨ ਕਦੇ ਵੀ ਬਿਮਾਰੀ ਦੀ ਕੋਈ ਛੁੱਟੀ ਨਹੀਂ ਲਈ।
ਡਾ. ਖੁਸ਼ ਨੂੰ ਮਿਲੇ ਇਨਾਮੀ ਪੈਸਿਆਂ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਖੁਸ਼ ਫਾਊਂਡੇਸ਼ਨ ਬਣਾਈ ਹੈ ਜਿਹੜੀ ਯੂਨੀਵਰਸਿਟੀ ਵਿੱਚ ਪੜ੍ਹਦੇ ਪੇਂਡੂ ਬੱਚਿਆਂ ਦੀ ਮਾਇਕ ਸਹਾਇਤਾ ਕਰਦੀ ਹੈ। ਆਪਣੇ ਸਹਿਯੋਗੀ ਮਰਹੂਮ ਦਰਸ਼ਨ ਸਿੰਘ ਬਰਾੜ ਦੇ ਨਾਮ ਉਤੇ ਵਿਗਿਆਨੀਆਂ ਨੂੰ ਖੋਜ ਲਈ ਤਿੰਨ ਲੱਖ ਦਾ ਇਨਾਮ ਦਿੱਤਾ ਜਾਂਦਾ ਹੈ।
‘ਖੁਸ਼’ ਉਨ੍ਹਾਂ ਦਾ ਗੋਤ ਨਹੀਂ, ਉਪਨਾਮ ਹੈ। ਵਿਦਿਆਰਥੀ ਜੀਵਨ ਵਿਚ ਸਾਹਿਤਕ ਰੁਚੀਆਂ ਕਰ ਕੇ ਉਨ੍ਹਾਂ ਆਪਣਾ ਤਖ਼ੱਲਸ ਖੁਸ਼ ਰੱਖ ਲਿਆ ਸੀ। ਉਨ੍ਹਾਂ ਨੂੰ ਅਮਰੀਕਾ, ਜਾਪਾਨ, ਇੰਗਲੈਂਡ, ਇਜ਼ਰਾਈਲ, ਚੀਨ, ਇਰਾਨ, ਭਾਰਤ, ਪਾਕਿਸਤਾਨ ਆਦਿ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਉੱਚ ਸਨਮਾਨਾਂ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਹੈ। ਭੋਜਨ ਦੇ ਖੇਤਰ ਦਾ ਸਭ ਤੋਂ ਵੱਡਾ ਇਨਾਮ ਵਰਲਡ ਫੂਡ ਪਰਾਈਜ਼ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ।

Advertisement
Author Image

Advertisement
Advertisement
×