ਡਾ. ਗਾਂਧੀ ਦੇ ਕਾਂਗਰਸ ’ਚ ਸ਼ਾਮਲ ਹੋਣ ਨਾਲ ਪਾਰਟੀ ਦੇ ਸਮੀਕਰਨ ਬਦਲੇ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਅਪਰੈਲ
ਡਾ. ਧਰਮਵੀਰ ਗਾਂਧੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਦੇ ਸਮੀਕਰਣ ਬਦਲ ਗਏ ਹਨ। ਪਾਰਟੀ ਹਲਕਿਆਂ ’ਚ ਚਰਚਾ ਦਾ ਬਾਜ਼ਾਰ ਗਰਮ ਹੈ ਕਿ ਹਾਈਕਮਾਂਡ ਨੂੰ ਪਟਿਆਲਾ ਤੋਂ ਉਮੀਦਵਾਰ ਮਿਲ ਗਿਆ ਹੈ। ਬੇਸ਼ੱਕ ਕੁਝ ਆਗੂਆਂ ਵੱਲੋਂ ਡਾ. ਗਾਂਧੀ ਦਾ ਵਿਰੋਧ ਵੀ ਕੀਤਾ ਗਿਆ ਸੀ ਪਰ ਇਹ ਵਿਰੋਧ ਉਨ੍ਹਾਂ ਦੀ ਟਿਕਟ ਦੀ ਮੰਗ ਕਰਨ ਤੱਕ ਹੀ ਸੀਮਤ ਸੀ। ਧਰਮਵੀਰ ਗਾਂਧੀ 2014 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਬਣੇ ਸਨ। ਮਗਰੋਂ ਉਨ੍ਹਾਂ ਨੇ 2015 ਵਿੱਚ ਹੀ ‘ਆਪ’ ਤੋਂ ਦੂਰੀ ਬਣਾ ਲਈ ਸੀ। ਡਾ. ਗਾਂਧੀ ਇਕੱਲੇ ਅਜਿਹੇ ਆਗੂ ਹਨ ਜਿਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਵਿੱਚ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਨੂੰਹ ਪ੍ਰਨੀਤ ਕੌਰ ਨੂੰ ਹਰਾਇਆ ਸੀ।
ਸ੍ਰੀ ਗਾਂਧੀ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਲੜਨ ਲਈ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਏ। ਜੇ ਪਾਰਟੀ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ ਤਾਂ ਉਹ ਲੜਨ ਲਈ ਤਿਆਰ ਹਨ। ਉਹ ਪ੍ਰਨੀਤ ਕੌਰ ਨੂੰ ਮਹਾਰਾਣੀ ਵਜੋਂ ਨਹੀਂ ਸਗੋਂ ਭਾਜਪਾ ਦੀ ਉਮੀਦਵਾਰ ਹੋਣ ਕਾਰਨ ਹਰਾਉਣਾ ਚਾਹੁੰਦੇ ਹਨ। ਉਸ ਨੇ ਅਜਿਹੀ ਪਾਰਟੀ ਚੁਣੀ ਜੋ ਲੋਕ ਵਿਰੋਧੀ, ਲੋਕਤੰਤਰ ਵਿਰੋਧੀ ਹੈ।
ਡਾ. ਗਾਂਧੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਸ਼ਾਹੀ ਪਰਿਵਾਰ ਤੋਂ ਬਿਨਾਂ ਵੀ ਪਾਰਟੀ ਨੂੰ ਪਟਿਆਲਾ ਵਿੱਚ ਮਜ਼ਬੂਤ ਆਧਾਰ ਮਿਲੇਗਾ। ਕਾਂਗਰਸ ਨੂੰ ਪਟਿਆਲਾ ਸੀਟ ਲਈ ਪ੍ਰਭਾਵਸ਼ਾਲੀ ਚਿਹਰੇ ਦੀ ਭਾਲ ਸੀ। ਹੁਣ ਪਾਰਟੀ ਦੀ ਪਟਿਆਲਾ ਤੋਂ ਉਮੀਦਵਾਰ ਦੀ ਤਲਾਸ਼ ਖ਼ਤਮ ਹੋ ਸਕਦੀ ਹੈ। ਡਾ. ਗਾਂਧੀ ਮੂਲ ਰੂਪ ਵਿੱਚ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਇਲਾਕੇ ਵਿੱਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਭਾਜਪਾ ਨੂੰ ਪਟਿਆਲਾ ਸੀਟ ਤੋਂ ਚੰਗੀ ਟੱਕਰ ਮਿਲ ਸਕਦੀ ਹੈ।
ਟਿਕਟ ਦੇ ਮੁੱਦੇ ’ਤੇ ਟਕਸਾਲੀ ਕਾਂਗਰਸੀ ਆਗੂ ਹੋਏ ਸਰਗਰਮ
ਸਨੌਰ (ਪਟਿਆਲਾ) (ਖੇਤਰੀ ਪ੍ਰਤੀਨਿਧ): ‘ਆਪ’ ਦੇ ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਧੀ ਦੇ ਕਾਂਗਰਸ ਵਿੱਚ ਜਾਣ ਕਾਰਨ ਪਟਿਆਲਾ ਜ਼ਿਲ੍ਹੇ ਦੇ ਟਕਸਾਲੀ ਕਾਂਗਰਸੀਆਂ ’ਚ ਹਲਚਲ ਸ਼ੁਰੂ ਹੋ ਗਈ ਹੈ। ਲੋਕ ਸਭਾ ਹਲਕਾ ਪਟਿਆਲਾ ਦੇ ਕੁੱਲ ਨੌਂ ਵਿੱਚੋਂ ਪੰਜ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਵੱਲੋਂ ਅੱਜ ਹਲਕਾ ਸਨੌਰ ਅਧੀਨ ਪੈਂਦੇ ਨੇੜਲੇ ਪਿੰਡ ਜਲਾਲਪੁਰ ਵਿੱਚ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਹਾਈਕਮਾਨ ਤੋਂ ਮੰਗ ਕੀਤੀ ਕਿ ਇੱਥੋਂ ਕਾਂਗਰਸ ਪਾਰਟੀ ਦੇ ਕਿਸੇ ਲੋਕਲ ਅਤੇ ਟਕਸਾਲੀ ਕਾਂਗਰਸੀ ਨੂੰ ਹੀ ਟਿਕਟ ਦਿੱਤੀ ਜਾਵੇ। ਮੀਟਿੰਗ ਵਿੱਚ ਪੰਜ ਹਲਕਾ ਇੰਚਾਰਜਾਂ ’ਚ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸਮਾਣਾ ਦੇ ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਅਸਰਪੁਰ, ਸ਼ੁਤਰਾਣਾ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਅਤੇ ਪਟਿਆਲਾ ਸ਼ਹਿਰੀ ਦੇ ਹਲਕਾ ਇੰਚਾਰਜ ਤੇ ਸਾਬਕਾ ਮੇਅਰ ਵਿਸ਼ਨੂ ਸ਼ਰਮਾ ਸ਼ਾਮਲ ਸਨ। ਇਨ੍ਹਾਂ ਪੰਜ ਆਗੂਆਂ ਨੇ ਤਰਕ ਦਿੱਤਾ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਰੋਸਾ ਦਿਵਾਇਆ ਸੀ ਕਿ ਲੋਕ ਸਭਾ ਹਲਕਾ ਪਟਿਆਲਾ ਦੇ ਸਮੂਹ ਵਿਧਾਨ ਸਭਾ ਹਲਕਾ ਇੰਚਾਰਜ ਰਲ ਕੇ ਰਹਿਣ, ਤਾਂ ਜੋ ਹਾਈਕਮਾਨ ਵੱਲੋਂ ਕਿਸੇ ਇੱਕ ਲੋਕਲ ਟਕਸਾਲੀ ਕਾਂਗਰਸੀ ਨੂੰ ਟਿਕਟ ਦੇ ਕੇ ਜਿੱਤ ਯਕੀਨੀ ਬਣਾਈ ਜਾ ਸਕੇ।
‘ਭਾਰਤ ਜੋੜੋ’ ਯਾਤਰਾ ਦੌਰਾਨ ਰਾਹੁਲ ਗਾਂਧੀ ਤੋਂ ਕਾਫ਼ੀ ਪ੍ਰਭਾਵਿਤ ਹੋਇਆ: ਗਾਂਧੀ
ਸ੍ਰੀ ਗਾਂਧੀ ਨੇ ਕਿਹਾ ਉਹ ਪੜ੍ਹਾਈ ਦੌਰਾਨ ਕਾਮਰੇਡ ਵਿਚਾਰਧਾਰਾ ਦੇ ਸਨ। ਸਮਾਜ ਸੇਵਾ ਦੇ ਕੰਮਾਂ ਕਰਕੇ ਉਹ ਜੇਲ੍ਹ ਗਏ। ਮਗਰੋਂ ਉਨ੍ਹਾਂ ਆਪਣੀ ਐੱਮਬੀਬੀਐੱਸ ਦੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਕਾਰਡੀਓਲੋਜੀ ਦੀ ਸਿੱਖਿਆ ਲਈ। ਸਾਲ 2012 ਵਿੱਚ ਅੰਨ੍ਹਾ ਹਜ਼ਾਰੇ ਦੇ ਅੰਦੋਲਨ ਵਿੱਚ ਸ਼ਾਮਲ ਹੋਏ। ਉੱਥੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਉਹ ਕਹਿੰਦੇ ਹਨ ਕਿ ਬਹੁਤ ਜਲਦੀ ਉਸ ਨੇ ਦੇਖ ਲਿਆ ਕਿ ਆਮ ਆਦਮੀ ਪਾਰਟੀ ਉਸ ਦੇ ਆਦਰਸ਼ਾਂ ਦੀ ਪਾਰਟੀ ਨਹੀਂ ਹੈ। ਕੁਝ ਖ਼ਾਸ ਕਾਰਨਾਂ ਕਰਕੇ ਉਸ ਨੇ ਫਰਵਰੀ 2015 ਵਿੱਚ ‘ਆਪ’ ਛੱਡ ਦਿੱਤੀ। ਉਨ੍ਹਾਂ ਕਿਹਾ ਕਿ ਉਹ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਸਨ। ਦੇਸ਼ ਵਿੱਚ ਪੈਦਾ ਹੋਏ ਡਰ ਅਤੇ ਦਹਿਸ਼ਤ ਦੇ ਮਾਹੌਲ ਵਿੱਚ ਇਹ ਗੱਲਬਾਤ ਬਹੁਤ ਮਹੱਤਵਪੂਰਨ ਸੀ। ਧਾਰਮਿਕ ਧਰੁਵੀਕਰਨ ਦੇਸ਼ ਨੂੰ ਤੋੜਨ ਜਾ ਰਿਹਾ ਹੈ। ਇਹ ਲੜਾਈ ਹੈ ਅਤੇ ਉਨ੍ਹਾਂ ਨੇ ਇਹ ਲੜਾਈ ਲੜਨੀ ਹੈ।