ਡਾ. ਹਰਪਾਲ ਸਿੰਘ ਪੰਨੂ ਨਾਲ ਰੂ-ਬ-ਰੂ ਅਤੇ ਸਨਮਾਨ
ਸਰਬਜੀਤ ਸਿੰਘ
ਪਰਥ: ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਸਮੂਹ ਪੰਜਾਬੀ ਅਦਬੀ ਪਿਆਰਿਆਂ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਡਾ. ਹਰਪਾਲ ਸਿੰਘ ਪੰਨੂ ਨਾਲ ਰੂ-ਬ-ਰੂ ਕਰਨ ਦੇ ਨਾਲ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਆਪਣੀ ਤਕਰੀਰ ਵਿੱਚ ਡਾ. ਪੰਨੂ ਨੇ ਆਪਣੇ ਬਚਪਨ ਦੀਆਂ ਯਾਦਾਂ, ਗੁਰੂ ਸਾਹਿਬਾਨ ਦੀਆਂ ਸਾਖੀਆਂ, ਆਪਣੀਆਂ ਲਿਖਤਾਂ ਅਤੇ ਚੰਗੀਆਂ ਕਿਤਾਬਾਂ ਨਾਲ ਸਬੰਧਿਤ ਗੱਲਬਾਤ ਦੀ ਸਾਂਝ ਪਾਈ। ਡਾ. ਪੰਨੂ ਦੀ ਤਕਰੀਰ ਤੋਂ ਬਾਅਦ ਖੁੱਲ੍ਹਾ ਸਮਾਂ ਸਰੋਤਿਆਂ ਦੇ ਸਵਾਲਾਂ ਲਈ ਰਾਖਵਾਂ ਰੱਖਿਆ ਗਿਆ, ਜਿਸ ਵਿੱਚ ਬਹੁਤ ਸਾਰੇ ਸਰੋਤਿਆਂ ਨੇ ਆਪਣੇ ਸ਼ੰਕੇ ਦੂਰ ਕੀਤੇ ਅਤੇ ਡਾ. ਪੰਨੂ ਨੇ ਬੜੀ ਸਹਿਜ ਨਾਲ ਸਾਰੇ ਸਵਾਲਾਂ ਦੇ ਉੱਤਰ ਦਿੱਤੇ।
ਪ੍ਰਬੰਧਕਾਂ ਵੱਲੋਂ ਰਵਿੰਦਰ ਸਿੰਘ ਬਰਾੜ ਅਤੇ ਅਮਨਦੀਪ ਸਿੰਘ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਨੂੰ ਨੇਪਰੇ ਚੜ੍ਹਾਉਣ ਵਿੱਚ ਸੂਬਾ ਸਿੰਘ ਸਰਾਏ, ਹੈਰੀ ਗਿੱਲ, ਅਮਨਦੀਪ ਸਿੰਘ ਅਤੇ ਰਵਿੰਦਰ ਸਿੰਘ ਬਰਾੜ ਵੱਲੋਂ ਸਮੂਹ ਸਰੋਤਿਆਂ ਦੇ ਸਹਿਯੋਗ ਨਾਲ ਸੇਵਾ ਨਿਭਾਈ ਗਈ।
ਰਿਸ਼ਤਿਆਂ ਦੇ ਮਾਨਸਿਕ ਸਿਹਤ ’ਤੇ ਪ੍ਰਭਾਵ ਬਾਰੇ ਰੌਸ਼ਨੀ ਪਾਈ
ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਵੱਲੋਂ ਪਿਛਲੇ ਪੰਜ ਸਾਲ ਤੋਂ ਆਪਣਾ ਸਾਲਾਨਾ ਪ੍ਰੋਗਰਾਮ ‘ਲੋਕ ਕੀ ਕਹਿਣਗੇ!’ ਬੈਨਰ ਹੇਠ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮਕਸਦ ‘ਲੋਕ ਕੀ ਕਹਿਣਗੇ’ ਸਮਾਜਿਕ ਰੀਤ ਤਹਿਤ ਸਮਾਜ ਵਿੱਚ ਮੌਜੂਦ ਧਾਰਨਾਵਾਂ, ਭ੍ਰਾਂਤੀਆਂ, ਵਰਜਨਾਵਾਂ, ਗਲਤਫ਼ਹਿਮੀਆਂ ਆਦਿ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਸਾਲ ਇਹ ਪ੍ਰੋਗਰਾਮ ਟੈਂਪਲ ਕਮਿਊਨਿਟੀ ਹਾਲ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਦਾ ਇਸ ਬਾਰ ਦਾ ਵਿਸ਼ਾ ‘ਸਮਾਜਿਕ ਰਿਸ਼ਤਿਆਂ ਦਾ ਦਿਮਾਗੀ ਸਿਹਤ ’ਤੇ ਪ੍ਰਭਾਵ’ ਸੀ।
ਸਟੇਜ ਦਾ ਸੰਚਾਲਨ ਸਭਾ ਦੇ ਕੋਆਰਡੀਨੇਟਰ ਗੁਰਚਰਨ ਥਿੰਦ ਵੱਲੋਂ ਕੀਤਾ ਗਿਆ। ਉਨ੍ਹਾਂ ਸਭਾ ਦੇ ਪ੍ਰਧਾਨ ਬਲਵਿੰਦਰ ਬਰਾੜ, ਵਿਸ਼ਾ ਮਾਹਿਰ ਬੇਲਾ ਗੁਪਤਾ ਅਤੇ ਸੱਜਾਦ ਮਿਰਜ਼ਾ ਨੂੰ ਮੰਚ ’ਤੇ ਬੈਠਣ ਦਾ ਸੱਦਾ ਦਿੱਤਾ। ਸੁਰਿੰਦਰ ਸੰਧੂ ਦੁਆਰਾ ਸ਼ਬਦ ਗਾਇਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਸਿਟੀ ਕਾਊਂਸਲਰ ਰਾਜ ਧਾਲੀਵਾਲ ਨੇ ਇਸ ਸਮਾਗਮ ਦੀ ਸਾਰਥਿਕਤਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸਭਾ ਦੇ ਪ੍ਰਧਾਨ ਅਤੇ ਕਾਰਜਕਾਰੀ ਮੈਂਬਰਾਂ ਦੇ ਨਾਲ ਮਿਲ ਕੇ ਜਪਾਨੀ ਮੂਲ ਦੀ ਔਰਤ ‘ਕੈਂਡਰਾ ਓਹਾਮਾ’ ਨੂੰ ਸਨਮਾਨਤ ਕੀਤਾ। ਕੈਂਡਰਾ ਨੂੰ ਇਹ ਸਨਮਾਨ ਉਨ੍ਹਾਂ ਦੇ 16 ਸਾਲ ਦੀ ਉਮਰ ਵਿੱਚ ਅਪਾਹਜ ਹੋ ਜਾਣ ਦੇ ਬਾਵਜੂਦ ਇੱਕ ਉੱਚ ਦਰਜੇ ਦੀ ਖਿਡਾਰਨ ਵਜੋਂ ਪੈਰਾਓਲਿੰਪਕਸ ਵਿੱਚ ਜਿੱਤਾਂ ਪ੍ਰਾਪਤ ਕਰਨ ਅਤੇ ਇੱਕ ਕਾਮਯਾਬ ਗੋਲਡਸਮਿੱਥ ਬਿਜ਼ਨਸ ਵਿਮੈੱਨ ਬਣਨ ’ਤੇ, ਉਨ੍ਹਾਂ ਦੇ ਹੌਸਲੇ ਅਤੇ ਲਗਨ ਦੀ ਪ੍ਰਸ਼ੰਸਾ ਹਿੱਤ ਪ੍ਰਦਾਨ ਕੀਤਾ ਗਿਆ।
ਉਪਰੰਤ ਸਭਾ ਦੇ ਪ੍ਰਧਾਨ ਬਲਵਿੰਦਰ ਬਰਾੜ ਨੇ ਸਾਲ 2023 ਦੀ ਸਭਾ ਦੀ ਸਾਲਾਨਾ ਰਿਪੋਰਟ ਪੜ੍ਹੀ। ਪਹਿਲੇ ਵਿਸ਼ਾ ਮਾਹਿਰ ਸਜਾਦ ਮਿਰਜ਼ਾ ਜੋ ‘ਪੰਜਾਬੀ ਕਮਿਊਨਿਟੀ ਹੈਲਥ ਸੈਂਟਰ’ (ਪੀਸੀਐੱਚਐੱਸ) ਵਿੱਚ ਕਾਊਂਸਲਰ ਵਜੋਂ ਸੇਵਾ ਨਿਭਾ ਰਹੇ ਹਨ, ਨੇ ਵਿਅਕਤੀ ਦੀ ਮਾਨਸਿਕ ਸਿਹਤ ਸਬੰਧੀ ਅਤੇ ਉਸ ਉੱਪਰ ਆਪਸੀ ਰਿਸ਼ਤਿਆਂ ਦਾ ਨਿਭਾਅ ਕਿਵੇਂ ਅਸਰ ਕਰਦਾ ਹੈ, ਬਾਰੇ ਬਹੁਤ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਉਪਰੰਤ ਕੈਲਗਰੀ ਇਮੀਗ੍ਰੰਟ ਵਿਮੈੱਨ ਐਸੋਸੀਏਸ਼ਨ (ਸੀਵਾ) ਵਿਖੇ ਕਮਿਊਨਿਟੀ ਦੀਆਂ ਇਮੀਗ੍ਰੰਟ ਔਰਤਾਂ ਦੀਆਂ ਸੱਮਸਿਆਵਾਂ ਸੁਲਝਾ ਰਹੇ ਬੇਲਾ ਗੁਪਤਾ ਨੇ ਆਪਣੇ ਨਿੱਜੀ ਤਜਰਬਿਆਂ ਦੀਆਂ ਉਦਾਹਰਨਾਂ ਨਾਲ ਰਿਸ਼ਤਿਆਂ ਦੀਆਂ ਉਲਝੀਆਂ ਤੰਦਾਂ ਦੇ ਔਰਤਾਂ, ਮਰਦਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਮਾਨਸਿਕ ਸਿਹਤ ’ਤੇ ਪੈਣ ਵਾਲੇ ਪ੍ਰਭਾਵ ਦੀ ਗੱਲ ਕੀਤੀ। ਇਸ ਦੌਰਾਨ ਐੱਮਐੱਲਏ ਇਰਫਾਨ ਸਾਬਿਰ, ਐੱਮਐੱਲਏ ਪਰਮੀਤ ਸਿੰਘ, ਐੱਮਐੱਲਏ ਗੁਰਿੰਦਰ ਬਰਾੜ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ।
ਖ਼ਬਰ ਸਰੋਤ: ਕੈਲਗਰੀ ਵਿਮੈੱਨ ਕਲਚਲ ਐਸੋਸੀਏਸ਼ਨ