For the best experience, open
https://m.punjabitribuneonline.com
on your mobile browser.
Advertisement

ਡਾ. ਚੱਬੇਵਾਲ ਵੱਲੋਂ ਚੋਣ ਮੁਹਿੰਮ ਦੀ ਸ਼ੁਰੂਆਤ

10:21 AM Apr 20, 2024 IST
ਡਾ  ਚੱਬੇਵਾਲ ਵੱਲੋਂ ਚੋਣ ਮੁਹਿੰਮ ਦੀ ਸ਼ੁਰੂਆਤ
ਡਾ. ਰਾਜ ਕੁਮਾਰ ਚੱਬੇਵਾਲ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ।
Advertisement

ਦੀਪਕ ਠਾਕੁਰ
ਤਲਵਾੜਾ, 19 ਅਪਰੈਲ
ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕੰਢੀ ਖੇਤਰ ’ਚ ਅੱਜ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਸਬਾ ਕਮਾਹੀ ਦੇਵੀ ਵਿੱਚ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਉਹ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਅਤੇ ਸਥਾਨਕ ਵਰਕਰਾਂ ਨਾਲ ਮਾਤਾ ਕਾਮਾਕਸ਼ੀ ਦੇਵੀ ਮੰਦਰ ਵਿਖੇ ਨਤਮਸਤਕ ਹੋਏ ਜਿਸ ਉਪਰੰਤ ਪਿੰਡ ਬਹਿ ਚੁਹੜ ਵਿੱਚ ਮੰਦਰ ਦੇ ਮਹੰਤ ਸ਼੍ਰੀ ਰਾਜਗੀਰੀ ਨੇ ਡਾ. ਚੱਬੇਵਾਲ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਜਲਸੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਲੋਕ ਪਿਛਲੇ 10 ਸਾਲਾਂ ਤੋਂ ਭਾਜਪਾ ਉਮੀਦਵਾਰਾਂ ਨੂੰ ਜਿਤਾਉਂਦੀ ਆ ਰਹੀ ਹੈ। ਪਰ ਬਦਲੇ ’ਚ ਲੋਕਾਂ ਨੂੰ ਭਾਜਪਾ ਸੰਸਦ ਮੈਂਬਰਾਂ ਦੇ ਦਰਸ਼ਨ ਵੀ ਨਹੀਂ ਹੋਏ। ਬਹੁਤਿਆਂ ਨੂੰ ਤਾਂ ਆਪਣੇ ਸੰਸਦ ਮੈਂਬਰ ਦਾ ਨਾਂ ਵੀ ਨਹੀਂ ਚੇਤੇ ਹੋਣਾ। ਦਸ ਸਾਲਾਂ ਤੋਂ ਕੇਂਦਰ ’ਚ ਇੰਡਸਟਰੀ ਰਾਜ ਮੰਤਰੀ ਦੀ ਵਜ਼ੀਰੀ ਹੁਸ਼ਿਆਰਪੁਰ ਕੋਲ ਹੋਣ ਦੇ ਬਾਵਜੂਦ ਨਾ ਤਾਂ ਵਿਜੈ ਸਾਂਪਲਾ ਅਤੇ ਨਾ ਹੀ ਸੋਮ ਪ੍ਰਕਾਸ਼ ਹਲਕੇ ਦਾ ਕੁੱਝ ਸੁਆਰ ਸਕੇ।
ਸ਼੍ਰੀ ਘੁੰਮਣ ਨੇ ਲੋਕਾਂ ਨੂੰ ਹਲਕੇ ਦੇ ਵਿਕਾਸ ਲਈ ਅਗਲੇ ਪੰਜ ਸਾਲ ਡਾ. ਚੱਬੇਵਾਲ ਨੂੰ ਦੇਣ ਦੀ ਮੰਗ ਕੀਤੀ। ‘ਆਪ’ ਉਮੀਦਵਾਰ ਡਾ. ਚੱਬੇਵਾਲ ਨੇ ਆਪਣੇ ਪਲੇਠੇ ਦੌਰੇ ਦੌਰਾਨ ਲੋਕਾਂ ਦੇ ਰੂਬਰੂ ਹੁੰਦਿਆਂ ਕੰਢੀ ਦੇ ਵਿਕਾਸ ਅਤੇ ਲੋਕ ਮੁੱਦਿਆਂ ਨੂੰ ਲੋਕ ਸਭਾ ਵਿੱਚ ਉਠਾਉਣ ਦਾ ਵਿਸ਼ਵਾਸ ਦਿਵਾਇਆ। ਆਪਣੇ ਪਿਛੋਕੜ ਦਾ ਹਵਾਲਾ ਦਿੰਦਿਆਂ ਕਿਹਾ ਕਿ 2022 ਦੀਆਂ ਚੋਣਾਂ ’ਚ ‘ਆਪ’ ਦੀ ਹਨ੍ਹੇਰੀ ਝੁੱਲਣ ਦੇ ਬਾਵਜੂਦ ਉਨ੍ਹਾਂ ਦੇ ਕੰਮਾਂ ਕਰਕੇ ਚੱਬੇਵਾਲ ਵਾਸੀਆਂ ਨੇ ਮੁੜ ਵਿਧਾਇਕ ਬਣਾਇਆ ਸੀ। ਅੱਜ ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਬਲਾਕ ਤਲਵਾੜਾ ਦੇ ਕਰੀਬ ਅੱਧਾ ਦਰਜਨ ਤੋਂ ਵੱਧ ਪਿੰਡਾਂ ’ਚ ਚੋਣ ਪ੍ਰਚਾਰ ਕੀਤਾ। ਪਿੰਡ ਭੰਬੋਤਾੜ ਵਿੱਚ ਉਨ੍ਹਾਂ ਨੂੰ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਲੱਡੂਆਂ ਨਾਲ ਤੋਲਿਆ। ਇਸ ਮੌਕੇ ਠਾਕੁਰ ਬਲਦੇਵ ਸਿੰਘ, ਵਪਾਰ ਮੰਡਲ ਪ੍ਰਧਾਨ ਬੌਬੀ ਕੌਸ਼ਲ, ਸਰਪੰਚ ਰਮਨ ਗੋਲਡੀ, ਰਵਿੰਦਰ ਬਿੱਟੂ, ਰਾਹੁਲ ਏਰੀ, ਜਨਮਜੀਤ ਸਿੰਘ ਤੇ ਸਰਪੰਚ ਸਤਨਾਮ ਸਿੰਘ ਆਦਿ ਹਾਜ਼ਰ ਸਨ।

Advertisement

ਵਿਰੋਧੀਆਂ ਕੋਲ ਆਲੋਚਨਾ ਤੋਂ ਬਿਨਾਂ ਕੋਈ ਕੰਮ ਨਹੀਂ: ਕੰਗ

ਬੰਗਾ (ਸੁਰਜੀਤ ਮਜਾਰੀ): ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਕੋਲ ਆਲੋਚਨਾ ਤੋਂ ਬਿਨਾਂ ਕੋਈ ਕੰਮ ਦੀ ਗੱਲ ਨਹੀਂ ਹੈ। ਉਹ ਬੰਗਾ ਹਲਕੇ ਅੰਦਰ ਚੋਣ ਪ੍ਰਚਾਰ ਦੌਰਾਨ ਪਿੰਡਾਂ ਦਾ ਤੂਫਾਨੀ ਦੌਰਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੰਮਾਂ ਨੂੰ ਮੁੱਖ ਰੱਖਦਿਆਂ ਵੋਟ ਦੀ ਅਪੀਲ ਕਰ ਰਹੀ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਬੇਅਰਥੇ ਬਿਆਨ ਦੇ ਕੇ ਲੋਕਾਂ ਦਾ ਧਿਆਨ ਵੰਡਣ ਦੀ ਤਾਕ ’ਚ ਹਨ। ਉਨ੍ਹਾਂ ਚੋਣ ਪ੍ਰਚਾਰ ਦੌਰਾਨ ਪਿੰਡ ਰਾਏਪੁਰ ਡੱਬਾ, ਕੱਟ, ਕਟਾਰੀਆ, ਜੰਡਿਆਲਾ, ਕਜਲਾ, ਗੜ੍ਹੀ ਅਜੀਤ ਸਿੰਘ, ਝਿੰਗੜਾਂ, ਔੜ, ਮਜਾਰਾ ਨੌ ਆਬਾਦ, ਮੇਹਲੀ, ਬਹਿਰਾਮ, ਗੋਬਿੰਦਪੁਰ, ਮੂਸਾਪੁਰ ਆਦਿ ਵਿੱਚ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਚੋਣ ਦੌਰੇ ਦੌਰਾਨ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਬੰਗਾ ਵਿਧਾਨ ਸਭਾ ਅੰਦਰ ਪਾਰਟੀ ਦਾ ਮਜ਼ਬੂਤ ਆਧਾਰ ਬਣ ਚੁੱਕਾ ਹੈ ਅਤੇ ਮਲਵਿੰਦਰ ਸਿੰਘ ਕੰਗ ਨੂੰ ਇਸ ਹਲਕੇ ਤੋਂ ਭਾਰੀ ਲੀਡ ਨਾਲ ਜਿਤਾ ਕੇ ਭੇਜਿਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਵੀਰ ਸਿੰਘ ਕਰਨਾਣਾ, ਮਹਿਲਾ ਵਿੰਗ ਦੇ ਸੂਬਾ ਸਕੱਤਰ ਹਰਜੋਤ ਕੌਰ ਲੋਹਟੀਆ, ਐੱਸਸੀ ਵਿੰਗ ਦੇ ਜ਼ਿਲ੍ਹਾ ਕੋ-ਆਰਡੀਨੇਟਰ ਗੁਰਨਾਮ ਸਕੋਹਪੁਰੀ ਤੇ ਹੋਰ ਆਗੂ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement