ਡਾ. ਦੂਆ ਚੀਫ ਖਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਬਣੇ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 3 ਜੂਨ
ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਦੀ ਪ੍ਰਧਾਨਗੀ ਹੇਠ ਨਵ-ਗਠਿਤ ਚੀਫ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਵੱਲੋਂ ਅੱਜ ਸਿੱਖ ਵਿਦਵਾਨਾਂ ਡਾ. ਅਮਰਜੀਤ ਸਿੰਘ ਦੂਆ ਦੀ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਅਤੇ ਡਾ. ਮਨਮੋਹਨ ਸਿੰਘ ਦੀ ਐਡੀਸ਼ਨਲ ਆਨਰੇਰੀ ਸਕੱਤਰ ਵਜੋਂ ਨਿਯੁਕਤੀ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਅਧਿਆਪਨ ਖੇਤਰ ਵਿਚ 37 ਸਾਲ ਦਾ ਤਜਰਬਾ ਰੱਖਣ ਵਾਲੇ ਡਾ. ਅਮਰਜੀਤ ਸਿੰਘ ਦੂਆ ਵੱਖ-ਵੱਖ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ, ਡਾਇਰੈਕਟਰ ਜਨਰਲ ਐਜੂਕੇਸ਼ਨ ਨਵੀਂ ਦਿੱਲੀ, ਡੀਨ-ਕਾਲਜ ਡਿਵੈਲਪਮੈਂਟ ਕੌਂਸਲ (ਗੁਰੂ ਨਾਨਕ ਦੇਵ ਯੂਨੀਵਰਸਿਟੀ), ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸੈਨੇਟ ਅਤੇ ਸਿੰਡੀਕੇਟ ਮੈਂਬਰ, ਡਾਇਰੈਕਟਰ, ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ (ਲੁਧਿਆਣਾ) ਅਤੇ ਹੋਰਨਾਂ ਵੱਖ-ਵੱਖ ਅਕਾਦਮਿਕ ਉਚ ਅਹੁੱਦਿਆਂ ’ਤੇ ਰਹਿ ਚੁੱਕੇ ਹਨ।
ਇਸੇ ਤਰ੍ਹਾਂ ਡਾ. ਮਨਮੋਹਨ ਸਿੰਘ (ਪੀਐੱਚਡੀ) ਇਸਰੋ ਵਿੱਚ ਪ੍ਰਬੰਧਕ ਅਹੁਦਿਆਂ ’ਤੇ ਰਹਿੰਦਿਆਂ ਪ੍ਰਾਜੈਕਟ ਮੈਨੇਜਮੈਂਟ ਅਤੇ ਪ੍ਰੋਡੈਕਟ ਡਿਵੈਲਪਮੈਂਟ ਵਿਭਾਗ ਵਿੱਚ ਕੰਮ ਕਰ ਚੁੱਕੇ ਹਨ ਅਤੇ ਦੇਸ਼ ਦੇ ਮਹੱਤਵਪੂਰਨ ਮਿਸ਼ਨਾਂ ਵਿਚ ਵਿਸ਼ੇਸ਼ ਹਿੱਸਾ ਪਾ ਕੇ ਨਿਵੇਕਲੀ ਪਛਾਣ ਬਣਾ ਚੁੱਕੇ ਹਨ। ਇਸ ਮੌਕੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਜਗਜੀਤ ਸਿੰਘ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਐਡੀ. ਆਨਰੇਰੀ ਸਕੱਤਰ ਅਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ ਸੁਖਜਿੰਦਰ ਸਿੰਘ ਪ੍ਰਿੰਸ, ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਨੇ ਮੂਲ ਮੰਤਰ ਦੇ ਪਾਠ ਕਰਨ ਉਪਰੰਤ ਡਾ. ਅਮਰਜੀਤ ਸਿੰਘ ਦੂਆ ਅਤੇ ਡਾ. ਮਨਮੋਹਨ ਸਿੰਘ ਨੂੰ ਐਜੂਕੇਸ਼ਨਲ ਕਮੇਟੀ ਦੇ ਜ਼ਿੰਮੇਵਾਰ ਅਹੁਦੇ ਸੌਂਪੇ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਹੇਠ ਇਸ ਸਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਜਾ ਰਹੀ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਰਾਹੀਂ ਚੀਫ਼ ਖ਼ਾਲਸਾ ਦੀਵਾਨ ਵਿਸ਼ਵ ਦੇ ਨਕਸ਼ੇ ’ਤੇ ਇਕ ਨਿਵੇਕਲੀ ਪਛਾਣ ਬਣ ਕੇ ਉਭਰੇਗਾ।