ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਡਾ. ਨਵਸ਼ਰਨ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਅਕਤੂਬਰ
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਜਮਹੂਰੀ ਹੱਕਾਂ ਦੀ ਬੁਲੰਦ ਆਵਾਜ਼, ਖੋਜੀ ਲੇਖਕ, ਰੰਗਕਰਮੀ ਅਤੇ ਸਮਾਜਿਕ ਕਾਰਕੁਨ ਡਾ. ਨਵਸ਼ਰਨ ਦਾ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਉਨ੍ਹਾਂ ਦੀ ਸਾਹਿਤਕ, ਸਮਾਜਿਕ ਅਤੇ ਜਮਹੂਰੀ ਹੱਕਾਂ ਦੀ ਲਹਿਰ ਨੂੰ ਦੇਣ ਕਾਰਨ ਸਨਮਾਨ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ,
ਸੀਨੀਅਰ ਟਰੱਸਟੀ ਅਤੇ ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਨੇ ਕਮੇਟੀ ਵੱਲੋਂ ਕਿਤਾਬਾਂ ਦਾ ਸੈੱਟ ਭੇਟ ਕੀਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਨਮਾਨਿਤ ਮੈਂਬਰ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਧੀ ਡਾ. ਨਵਸ਼ਰਨ ਦਾ ਸਨਮਾਨ ਅਸਲ ’ਚ ਗ਼ਦਰ ਇਤਿਹਾਸ ਦੇ ਵਾਰਸ ਸੰਗਰਾਮੀਆਂ ਅਤੇ ਗੁਰਸ਼ਰਨ ਸਿੰਘ ਵਰਗੇ ਸਮੂਹ ਰੰਗਕਰਮੀਆਂ ਦਾ ਸਨਮਾਨ ਹੈ।
ਉਨ੍ਹਾਂ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਸਮੇਂ-ਸਮੇਂ ਸਮਾਗਮਾਂ, ਕੰਮਾਂ-ਕਾਰਾਂ ਵਿਸ਼ੇਸ਼ ਕਰਕੇ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਡਾ. ਨਵਸ਼ਰਨ ਨੇ ਉੱਤਰੀ ਭਾਰਤ ਦੇ ਇਸ ਨਵਿੇਕਲੇ ਇਨਕਲਾਬੀ ਉਤਸਵ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ।
ਜ਼ਿਕਰਯੋਗ ਹੈ ਕਿ ਡਾ. ਨਵਸ਼ਰਨ, ਦੇਸ਼ ਭਗਤ ਯਾਦਗਾਰ ਹਾਲ ’ਚ ਪੰਜਾਬ ਇਸਤਰੀ ਸਭਾ ਦੇ ਸੂਬਾਈ ਇਜਲਾਸ ਵਿੱਚ ਬਤੌਰ ਬੁਲਾਰੇ ਵਜੋਂ ਪਹੁੰਚੇ ਸਨ।
ਡਾ. ਨਵਸ਼ਰਨ ਨੇ ਕਿਹਾ ਕਿ ਗ਼ਦਰ ਅਤੇ ਆਜ਼ਾਦੀ ਦੀ ਭੁੱਲੀ-ਵਿਸਰੀ ਤਵਾਰੀਖ ਨੂੰ ਲਾਇਬ੍ਰੇਰੀ, ਮਿਊਜ਼ੀਅਮ, ਨਿਰੰਤਰ ਸਰਗਰਮੀਆਂ, ਥੀਏਟਰ ਅਤੇ ਪਹਿਲੀ ਨਵੰਬਰ ਸੂਬਾਈ ਸਾਲਾਨਾ ਗ਼ਦਰੀ ਬਾਬਿਆਂ ਦਾ ਮੇਲਾ ਲਗਾ ਕੇ ਸੰਭਾਲਣ, ਖੋਜ-ਪੜਤਾਲ ਅਤੇ ਪ੍ਰਚਾਰ-ਪਸਾਰ ਦਾ ਕੰਮ ਕਰਕੇ ਦੇਸ਼ ਭਗਤ ਯਾਦਗਾਰ ਕਮੇਟੀ ਸ਼ਲਾਘਾਯੋਗ ਉੱਦਮ ਕਰ ਰਹੀ ਹੈ।