ਡਾ. ਬਰਾੜ ਨੇ ਮੁੱਖ ਖੇਤੀਬਾੜੀ ਅਫ਼ਸਰ ਦਾ ਅਹੁਦਾ ਸੰਭਾਲਿਆ
ਨਿੱਜੀ ਪੱਤਰ ਪ੍ਰੇਰਕ
ਮੋਗਾ, 29 ਜੂਨ
ਖੇਤੀ ਵਿਗਿਆਨੀ ਤੇ ਰਾਜ ਪੁਰਸਕਾਰ ਜੇਤੂ ਡਾ. ਜਸਵਿੰਦਰ ਸਿੰਘ ਬਰਾੜ ਨੇ ਸਥਾਨਕ ਜ਼ਿਲ੍ਹੇ ਦੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਡਾ. ਬਰਾੜ ਨੇ ਉਨ੍ਹਾਂ ਡੀਲਰਾਂ ਨੂੰ ਸਖ਼ਤ ਤਾੜਨਾ ਵੀ ਕੀਤੀ ਜੋ ਕਿਸਾਨਾਂ ਨੂ ਖਾਦ, ਕੀੜੇਮਾਰ ਦਵਾਈਆਂ ਨਾਲ ਜਬਰੀ ਹੋਰ ਸਾਮਾਨ ਖ਼ਰੀਦਣ ਲਈ ਦਬਾਅ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੋਰਖਧੰਦੇ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਦੀ ਜਾਣਕਾਰੀ ਲਈ ਵਿਭਾਗ ਤੇ ਖੇਤੀ ਮਾਹਿਰਾਂ ਨਾਲ ਰਾਬਤਾ ਬਣਾਉਣ ਲਈ ਆਖਿਆ। ਇਸ ਮੌਕੇ ਬਾਇਓ ਫਰਟੀਲਾਈਜ਼ਰ ਮੈਨੂਫੈਕਚਰਿੰਗ ਐਂਡ ਮਾਰਕੇਟਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਡਾ. ਅਮਨ ਸ਼ਰਮਾ ਨੇ ਕਿਹਾ ਕਿ ਡਾ. ਬਰਾੜ ਮਿਹਨਤੀ ਅਤੇ ਇਮਾਨਦਾਰ ਅਫ਼ਸਰ ਹਨ। ਐਸੋਸੀਏਸ਼ਨ ਦੇ ਕਨਵੀਨਰ ਪਵਨ ਸ਼ਰਮਾ ਅਤੇ ਚੇਅਰਮੈਨ ਚੰਦਰ ਗੋਇਲ ਨੇ ਕਿਹਾ ਕਿ ਡਾ. ਬਰਾੜ ਇੱਕ ਸੁਲਝੇ ਹੋਏ ਖੇਤੀ ਮਾਹਿਰ ਵਜੋਂ ਜਾਣੇ ਜਾਂਦੇ ਹਨ। ਐਸੋਸੀਏਸ਼ਨ ਦੇ ਸਕੱਤਰ ਸੰਜੀਵ ਬਾਂਸਲ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕੀਤਾ।