ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਜ਼ੀਮ ਸ਼ਖ਼ਸੀਅਤ ਸਨ ਡਾ. ਸ਼ਵਿੰਦਰ ਸਿੰਘ ਗਿੱਲ

09:02 AM Oct 20, 2023 IST

ਕੁਲਦੀਪ ਧਨੌਲਾ

Advertisement

ਡਾ.  ਸ਼ਵਿੰਦਰ ਸਿੰਘ ਗਿੱਲ ਅਜਿਹੀ ਮਾਣਮੱਤੀ ਅਤੇ ਬਹੁਪੱਖੀ ਸ਼ਖਸੀਅਤ ਸਨ ਜਨਿ੍ਹਾਂ ਸਿਹਤ ਸੇਵਾਵਾਂ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਜਨਤਕ ਖੇਤਰਾਂ ਵਿਚ ਵੀ ਆਪਣੀ ਛਾਪ ਛੱਡੀ। ਉਨ੍ਹਾਂ ਦਾ ਜਨਮ ਪਿਤਾ ਗੁਰਦੇਵ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ 27 ਅਕਤੂਬਰ 1946 ਛੋਟੇ ਜਿਹੇ ਪਿੰਡ ਦਾਨਗੜ੍ਹ (ਜਿ਼ਲਾ ਬਰਨਾਲਾ) ਵਿਚ ਹੋਇਆ ਸੀ। ਉਨ੍ਹਾਂ ਪਿੰਡ ਦੇ ਤੱਪੜਾਂ ਵਾਲੇ ਸਕੂਲ ਤੋਂ ਮੁੱਢਲੀ ਪੜ੍ਹਾਈ ਦੀ ਸ਼ੁਰੂਆਤ ਕਰ ਕੇ ਨੇੜਲੇ ਕਸਬਾ ਧਨੌਲਾ ਦੇ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਫਿਰ ਪ੍ਰੀ-ਮੈਡੀਕਲ ਦੀ ਸਿੱਖਿਆ ਸੰਗਰੂਰ ਦੇ ਰਣਬੀਰ ਕਾਲਜ ਤੋਂ ਪ੍ਰਾਪਤ ਕਰ ਕੇ ਰੋਹਤਕ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਦੀ ਸਿੱਖਿਆ ਪ੍ਰਾਪਤ ਕਰਨ ਪਿੱਛੋਂ ਉਥੋਂ ਹੀ ਹੱਡੀਆਂ ਦੇ ਮਾਹਿਰ ਬਣਨ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ। ਮੁਲਕ ਦੇ ਉੱਤਰੀ ਖਿੱਤੇ ਦੀ ਸਰਵੋਤਮ ਸਿਹਤ ਸੰਸਥਾ ਪੀਆਈਜੀ ਚੰਡੀਗੜ੍ਹ ਵਿਚ ਹੱਡੀਆਂ ਦੇ ਵਿਭਾਗ ਦੇ ਸਹਾਇਕ ਪ੍ਰੋਫੈਸਰ ਤੋਂ ਲੈ ਕੇ ਪ੍ਰੋਫੈਸਰ ਅਤੇ ਮੁਖੀ ਵਜੋਂ ਕਈ ਸਾਲ ਸੇਵਾਵਾਂ ਨਿਭਾਈਆਂ। ਪੀਜੀਆਈ ਤੋਂ ਸੇਵਾ ਮੁਕਤੀ ਬਾਅਦ ਪੰਜਾਬ ਸਰਕਾਰ ਨੇ ਆਪ ਦੀਆਂ ਸਿਹਤ ਸਬੰਧੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਜਿੱਥੇ ਉਹ ਨਵੰਬਰ 2008 ਤੋਂ ਨਵੰਬਰ 2014 ਤੱਕ ਰਹੇ। ਉਨ੍ਹਾਂ ਆਪਣੇ ਕਾਰਜ ਕਾਲ ਦੌਰਾਨ ਮੈਡੀਕਲ ਖੋਜਾਂ ਵਿਚ ਵੱਡਾ ਯੋਗਦਾਨ ਪਾਇਆ ਅਤੇ ਦੁਨੀਆ ਭਰ ਦੇ ਸਿਹਤ ਵਿਗਿਆਨੀਆਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਲਈ ਫਰੀਦਕੋਟ ਆਉਣ ਦਾ ਸੱਦਾ ਦਿੱਤਾ। ਡਾ. ਗਿੱਲ ਦੀ ਅਗਵਾਈ ਵਿਚ ਹੈੱਲਥ ਸਾਇੰਸਜ਼ ਲਾਇਬਰੇਰੀ ਦੀ ਸ਼ੁਰੂਆਤ ਵੀ ਹੋਈ।
ਡਾ. ਗਿੱਲ ਦੀ ਮਿਹਨਤ ਅਤੇ ਦੂਰ-ਅੰਦੇਸ਼ੀ ਸਦਕਾ ਟੀਨਾਂ ਦੇ ਸ਼ੈੱਡਾਂ ਵਿਚ ਕਈ ਸਾਲਾਂ ਤੋਂ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਨੂੰ ਆਪਣੀ ਸੁੰਦਰ ਅਤੇ ਵਿਸ਼ਾਲ ਇਮਾਰਤ ਮਿਲੀ। ਇਸੇ ਤਰ੍ਹਾਂ ਕਿਰਾਏ ਦੇ ਕਮਰਿਆਂ ਵਿਚ ਕਈ ਸਾਲਾਂ ਤੋਂ ਚੱਲ ਰਹੀ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਨੂੰ ਆਪਣੀ ਨਵੀਂ ਆਧੁਨਿਕ ਦਿੱਖ ਵਾਲੀ ਇਮਾਰਤ ਅਤੇ ਸ਼ਾਨਦਾਰ ਕੈਂਪਸ ਪ੍ਰਾਪਤ ਹੋ ਸਕਿਆ। ਡਾ. ਗਿੱਲ ਦੇ ਸੁਹਿਰਦ ਯਤਨਾਂ ਸਦਕਾ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਨੇ ਨਵੀਆਂ ਬੁਲੰਦੀਆਂ ਛੋਹੀਆਂ ਅਤੇ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਕਾਇਮ ਕੀਤੇ।
ਡਾ. ਗਿੱਲ ਨੇ ਆਪਣੇ ਪਿੰਡ ਦਾਨਗੜ੍ਹ ਦੇ ਸਰਕਾਰੀ ਹਾਈ ਸਕੂਲ ਨੂੰ 2 ਤੱਕ ਅਪਗਰੇਡ ਕਰਵਾਉਣ ਦੇ ਨਾਲ ਨਾਲ ਪਿੰਡ ਦੇ ਲੋਕਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਆਪਣੇ ਛੋਟੇ ਭਰਾ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਦੀ ਯਾਦ ਵਿਚ ਸਟੇਡੀਅਮ ਵੀ ਬਣਵਾਇਆ। ਇੰਨਾ ਹੀ ਨਹੀਂ, ਉਹ ਉਨ੍ਹਾਂ ਦੀ ਯਾਦ ਵਿਚ ਸਾਲਾਨਾ, ਪਿੰਡ ਦੇ ਸਕੂਲ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਦੇ ਰਹੇ। ਡਾ. ਗਿੱਲ ਦੀ ਪ੍ਰੇਰਨਾ ਸਦਕਾ ਆਪਣੇ ਪਿੰਡ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਨਸਿ਼ਆਂ ਅਤੇ ਹੋਰ ਕੁਰੀਤੀਆਂ ਤੋਂ ਬਚਾਉਣ ਲਈ ਹਰ ਸਾਲ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਸਨ। ਇਸ ਤੋਂ ਇਲਾਵਾ ਪਿੰਡ ਵਿਚ ਲਾਇਬਰੇਰੀ ਵੀ ਬਣਾਈ ਗਈ।
ਸਮਾਜ ਸੇਵਾ ਦਾ ਇੱਕ ਹੋਰ ਬਹੁਤ ਵੱਡਾ ਉਪਰਾਲਾ ਜੋ ਡਾ. ਗਿੱਲ ਪਿਛਲੇ ਲਗਭਗ 20 ਸਾਲਾਂ ਤੋਂ ਲਗਾਤਾਰ ਕਰ ਰਹੇ ਸਨ, ਉਹ ਇਹ ਸੀ ਕਿ ਹਰ ਸਾਲ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਦੀ ਯਾਦ ਵਿਚ ਵਿਸ਼ਾਲ ਮੈਡੀਕਲ ਕੈਂਪ ਦਾ ਪ੍ਰਬੰਧ ਕਰਦੇ ਸਨ। ਇਸ ਕੈਂਪ ਵਿਚ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਮੁਫ਼ਤ ਡਾਕਟਰੀ ਸਲਾਹ ਤੋਂ ਇਲਾਵਾ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਦਾ ਇਹ ਉਪਰਾਲਾ ਇਲਾਕੇ ਵਿਚ ਸਮਾਜ ਸੇਵਾ ਦੇ ਜੱਗ ਵਜੋਂ ਉੱਭਰ ਚੁੱਕਾ ਸੀ। ਸਮਾਜ ਸੇਵਾ ਦੇ ਖੇਤਰ ਵਿਚ ਕੇਵਲ ਆਪਣੇ ਪਿੰਡ ਜਾਂ ਇਲਾਕੇ ਤਕ ਹੀ ਸੀਮਤ ਨਹੀਂ; ਉਹ ਅੱਜ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਚੰਡੀਗੜ੍ਹ ਵੱਲੋਂ ਮੁਹਾਲੀ ਅਤੇ ਚੰਡੀਗੜ੍ਹ ਵਿਚ ਚਲਾਏ ਜਾ ਰਹੇ ਸਿਹਤ ਸੇਵਾ ਕੇਂਦਰਾਂ ਵਿਚ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਸਨ।
ਸਮਾਜ ਸੇਵਾ ਦੇ ਨਾਲ ਨਾਲ ਜਨਤਕ ਮੁੱਦਿਆਂ ਸਬੰਧੀ ਚੇਤਨਾ ਪੈਦਾ ਕਰਨ ਦਾ ਕਾਰਜ ਵੀ ਡਾ. ਗਿੱਲ ਕਰ ਰਹੇ ਸਨ। ਮੁੱਦਾ ਭਾਵੇਂ ਨਸਿ਼ਆਂ ਦੇ ਕਹਿਰ ਦਾ ਹੋਵੇ, ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿਚ ਕੀਤੇ ਗ਼ੈਰ-ਵਾਜਬਿ ਵਾਧੇ ਦਾ ਹੋਵੇ, ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰੀ ਪ੍ਰਬੰਧਾਂ ਵਿਚ ਘਾਟਾਂ ਅਤੇ ਨੀਤੀ ਦਾ ਹੋਵੇ ਜਾਂ ਪੰਜਾਬੀ ਭਾਸ਼ਾ ਨੂੰ ਸਰਕਾਰਾਂ ਅਤੇ ਲੋਕਾਂ ਵੱਲੋਂ ਅੱਖੋਂ-ਪਰੋਖੇ ਕੀਤਾ ਜਾਣ ਦਾ ਹੋਵੇ, ਡਾ. ਗਿੱਲ ਅਖ਼ਬਾਰਾਂ ਰਾਹੀਂ ਆਪਣੀ ਕਲਮ ਨਾਲ ਅਤੇ ਸੈਮੀਨਾਰਾਂ-ਸਮਾਗਮਾਂ ਵਿਚ ਆਪਣੇ ਭਾਸ਼ਣਾਂ ਨਾਲ ਇਨ੍ਹਾਂ ਮੁੱਦਿਆਂ ਬਾਰੇ ਆਪਣੇ ਸਾਰਥਕ, ਨਿਰਪੱਖ ਅਤੇ ਬੇਬਾਕ ਵਿਚਾਰ ਪ੍ਰਗਟਾਉਣ ਤੋਂ ਕਦੇ ਨਹੀਂ ਖੁੰਝਦੇ ਸਨ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਨ੍ਹਾਂ ਨੇ ਕੌਮਾਂਤਰੀ ਜਗਤ ਪੰਜਾਬੀ ਸਭਾ ਦੇ ਸਹਿਯੋਗ ਨਾਲ ਕੈਨੇਡਾ ਤੋਂ ਇਲਾਵਾ ਮੁੰਬਈ ਅਤੇ ਚੰਡੀਗੜ੍ਹ ਵਿਚ ਕਾਨਫਰੰਸਾਂ ਦਾ ਪ੍ਰਬੰਧ ਵੀ ਕੀਤਾ। ਡਾ. ਗਿੱਲ ਦਾ ਮੰਨਣਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੈਡੀਕਲ ਸਿੱਖਿਆ ਦਾ ਮਾਧਿਅਮ ਪੰਜਾਬੀ ਹੋਣਾ ਚਾਹੀਦਾ ਹੈ। ਉਹ ਪੰਜਾਬੀ ਵਿਚ ਦਸਵੀਂ ਤਕ ਦੀ ਪੜ੍ਹਾਈ ਦਾ ਮਾਧਿਅਮ ਮਾਂ-ਬੋਲੀ ਪੰਜਾਬੀ ਲਾਜ਼ਮੀ ਕਰਨ ਦੀ ਵੀ ਵਕਾਲਤ ਕਰਦੇ ਸਨ।
ਪੰਜਾਬ ਦੀ ਲਗਾਤਾਰ ਨਿੱਘਰ ਰਹੀ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਹਾਲਤ ਉਪਰ ਅਫ਼ਸੋਸ ਪ੍ਰਗਟਾਉਂਦਿਆਂ ਡਾ. ਗਿੱਲ ਅਕਸਰ ਕਹਿੰਦੇ ਸਨ ਕਿ ਇਸ ਵਰਤਾਰੇ ਨੂੰ ਰੋਕਣ ਲਈ ਲੋਕਾਂ ਨੂੰ ਸਰਕਾਰਾਂ ਉਤੇ ਟੇਕ ਰੱਖਣ ਦੀ ਥਾਂ ਆਪ ਵੀ ਜਾਗਰੂਕ ਹੋਣਾ ਪਵੇਗਾ। ਆਪਣੇ ਆਗੂਆਂ ਨੂੰ ਸਵਾਲ ਕਰਨੇ ਹੋਣਗੇ ਅਤੇ ਤਬਦੀਲੀ ਲਈ ਯਤਨਸ਼ੀਲ ਹੋਣਾ ਹੋਵੇਗਾ। ਡਾ. ਗਿੱਲ ਦਾ ਮੰਨਣਾ ਸੀ ਕਿ ਸੁਆਰਥੀ ਆਗੂਆਂ ਨੂੰ ਪਛਾਨਣ ਅਤੇ ਪਾਸੇ ਕਰਨ ਤੋਂ ਬਿਨਾ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਨਹੀਂ ਹੋ ਸਕਦਾ।
ਡਾ. ਗਿੱਲ ਦੀ ਸੋਚ ਪੰਜਾਬ ਦੇ ਭਲੇ ਦੀ ਸੋਚ ਸੀ। ਆਖ਼ਰ ਇਸ ਮਾਣਮੱਤੀ ਅਤੇ ਬਹੁਪੱਖੀ ਸ਼ਖ਼ਸੀਅਤ ਦਾ 12 ਅਕਤੂਬਰ 2023 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ, ਧੀ ਅਤੇ ਪੁੱਤਰ ਹਨ। ਅੱਜ (ਸ਼ੁੱਕਰਵਾਰ) ਚੰਡੀਗੜ੍ਹ ਦੇ ਸੈਕਟਰ 34 ਦੇ ਗੁਰਦੁਆਰੇ ਵਿਚ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਸੰਪਰਕ: 94642-91023

Advertisement
Advertisement