ਡਾ. ਅਖ਼ਤਰ ਹੁਸੈਨ ਸੰਧੂ ਅਤੇ ਡਾ. ਪਰਮਜੀਤ ਕੌਰ ਦਾ ਸਨਮਾਨ
ਹਰਦਮ ਮਾਨ
ਸਰੀ: ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਸਿੱਖ ਨੈਸ਼ਨਲ ਆਰਕਾਈਵਜ਼ ਆਫ ਕੈਨੇਡਾ ਵੱਲੋਂ ਲਹਿੰਦੇ ਪੰਜਾਬ ਤੋਂ ਆਏ ਨਾਮਵਰ ਅਦੀਬ ਡਾ. ਅਖ਼ਤਰ ਹੁਸੈਨ ਸੰਧੂ (ਪ੍ਰਿੰਸੀਪਲ ਗੌਰਮਿੰਟ ਇਸਲਾਮੀਆ ਗ੍ਰੈਜੂਏਟ ਕਾਲਜ, ਲਾਹੌਰ) ਅਤੇ ਪੰਜਾਬ ਤੋਂ ਆਈ ਵਿਦਵਾਨ ਡਾ. ਪਰਮਜੀਤ ਕੌਰ (ਪ੍ਰੋਫੈਸਰ, ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਆਨੰਦਪੁਰ ਸਾਹਿਬ) ਦੇ ਸਨਮਾਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸਰੀ ਅਤੇ ਵੈਨਕੂਵਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਜੈਤੇਗ ਸਿੰਘ ਅਨੰਤ ਨੇ ਦੋਹਾਂ ਮਹਿਮਾਨਾਂ ਅਤੇ ਹਾਜ਼ਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਡਾ. ਅਖ਼ਤਰ ਹੁਸੈਨ ਸੰਧੂ ਅਤੇ ਡਾ. ਪਰਮਜੀਤ ਕੌਰ ਨਾਲ ਆਪਣੀ ਸਾਂਝ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਅਖ਼ਤਰ ਹੁਸੈਨ ਸੰਧੂ ਨਾਮਵਰ ਇਤਿਹਾਸਕਾਰ ਅਤੇ ਸ਼ਾਇਰ ਹਨ। ਉਹ ਟੈਲੀਵੀਜ਼ਨ ਅਤੇ ਰੇਡੀਓ ਤੋਂ ਵੱਖ ਵੱਖ ਵਿਸ਼ਿਆਂ ਉੱਪਰ ਆਪਣਾ ਨਜ਼ਰੀਆ ਪੇਸ਼ ਕਰਨ ਦੇ ਨਾਲ ਨਾਲ ‘ਡੇਲੀ ਨਵਾਏ-ਵਕਤ ਇਸਲਾਮਾਬਾਦ’ ਅਤੇ ‘ਡੇਲੀ ਪਾਕਿਸਤਾਨ ਲਾਹੌਰ’ ਦੇ ਕਾਲਮ ਨਵੀਸ ਹਨ। ਇਨ੍ਹਾਂ ਦੀਆਂ ਤਿੰਨ ਕਿਤਾਬਾਂ ‘ਦਿਲ ਦਾ ਚਾਨਣ’, ‘ਮਾਰਟਨਿ ਲੂਥਰ ਕਿੰਗ ਜੂਨੀਅਰ’ ਅਤੇ ‘ਪੰਜਾਬ ਐਨ ਅਨਾਟਮੀ ਆਫ ਮੁਸਲਿਮ ਸਿੱਖ ਪੌਲਟਿਕਸ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਪਰਮਜੀਤ ਕੌਰ ਦੀ ਜਾਣ ਪਛਾਣ ਕਰਵਾਉਂਦਿਆਂ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਉਹ ਨਾਮਵਰ ਲੇਖਿਕਾ, ਖੋਜਾਰਥੀ ਵਿਦਵਾਨ ਹਨ। ਇਨ੍ਹਾਂ ਦੇ 50 ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ 100 ਦੇ ਕਰੀਬ ਰਾਜ ਪੱਧਰੀ, ਨੈਸ਼ਨਲ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਆਪਣੇ ਖੋਜ ਪੱਤਰ ਪੇਸ਼ ਕਰ ਚੁੱਕੇ ਹਨ। ਉਹ ਪੰਜਾਬੀ ਯੂਨੀਵਰਸਿਟੀ ਸਮੇਤ ਕਈ ਵਿਦਿਅਕ ਸੰਸਥਾਵਾਂ ਦੇ ਬੋਰਡ ਮੈਂਬਰ ਵੀ ਹਨ।
ਇਸ ਮੌਕੇ ਦੋਹਾਂ ਮਹਿਮਾਨ ਵਿਦਵਾਨਾਂ ਨੂੰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਸਿੱਖ ਨੈਸ਼ਨਲ ਆਰਕਾਈਵਜ਼ ਆਫ ਕੈਨੇਡਾ ਵੱਲੋਂ ਪਲੇਕ ਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਡਾ. ਅਖ਼ਤਰ ਹੁਸੈਨ ਸੰਧੂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਪੰਜਾਬ ਐਨ ਅਨਾਟਮੀ ਆਫ ਮੁਸਲਿਮ ਸਿੱਖ ਪੌਲਟਿਕਸ’ ਵੀ ਇਸ ਮੌਕੇ ਰਿਲੀਜ਼ ਕੀਤੀ ਗਈ। ਡਾ. ਅਖ਼ਤਰ ਹੁਸੈਨ ਸੰਧੂ ਨੇ ਦੋਹਾਂ ਸੰਸਥਾਵਾਂ ਅਤੇ ਸਰੀ ਦੇ ਸਿੱਖ ਭਾੲਚਾਰੇ ਵੱਲੋਂ ਦਿੱਤੇ ਪਿਆਰ, ਮੁਹੱਬਤ, ਸਤਿਕਾਰ ਅਤੇ ਮਾਣ ਸਨਮਾਨ ਲਈ ਸ਼ੁਕਰੀਆ ਅਦਾ ਕਰਦਿਆਂ ਆਪਣੇ ਖੋਜ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਪਰਮਜੀਤ ਕੌਰ ਨੇ ਕਿਹਾ ਕਿ ਉਹ ਪਹਿਲੀ ਵਾਰ ਕੈਨੇਡਾ ਆਏ ਹਨ ਅਤੇ ਇੱਥੋਂ ਦੇ ਸਿੱਖ ਭਾਈਚਾਰੇ ਵਿਚਲੀ ਨਿਮਰਤਾ ਅਤੇ ਮੇਲ ਜੋਲ ਦੀ ਭਾਵਨਾ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਆਨੰਦਪੁਰ ਸਾਹਿਬ ਵਿੱਚ ਆਪਣੀ 25 ਸਾਲ ਦੀ ਸੇਵਾ ਦੌਰਾਨ ਸਿੱਖੀ ਅਤੇ ਗੁਰਬਾਣੀ ਪ੍ਰਤੀ ਕੀਤੇ ਕਾਰਜਾਂ ਅਤੇ ਆਪਣੀਆਂ ਪ੍ਰਕਾਸ਼ਿਤ ਹੋਈਆਂ ਪੰਜ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ।
ਅੰਤ ਵਿੱਚ ਸਿੱਖ ਨੈਸ਼ਨਲ ਆਰਕਾਈਵਜ਼ ਆਫ ਕੈਨੇਡਾ ਦੇ ਕੁਰੇਟਰ ਅਜੀਤ ਸਿੰਘ ਸਹੋਤਾ ਨੇ ਡਾ. ਅਖ਼ਤਰ ਹੁਸੈਨ ਸੰਧੂ, ਡਾ. ਪਰਮਜੀਤ ਕੌਰ ਅਤੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਸਿੱਖ ਨੈਸ਼ਨਲ ਆਰਕਾਈਵਜ਼ ਆਫ ਕੈਨੇਡਾ ਦੇ ਕਾਰਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਤੇ ਸਕੱਤਰ ਚਰਨਜੀਤ ਸਿੰਘ ਮਰਵਾਹਾ, ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਸਰੀ ਦੇ ਬਾਨੀ ਪ੍ਰਧਾਨ ਜਗਤਾਰ ਸਿੰਘ ਸੰਧੂ, ਰੇਡੀਓ ਤੇ ਟੀਵੀ ਹੋਸਟ ਹਰਪ੍ਰੀਤ ਸਿੰਘ ਤੇ ਕੁਲਦੀਪ ਸਿੰਘ, ਲਖਬੀਰ ਸਿੰਘ ਖੰਗੂੜਾ, ਸ਼ਾਇਰ ਬਿੱਕਰ ਸਿੰਘ ਖੋਸਾ, ਜਰਨੈਲ ਸਿੰਘ ਸਿੱਧੂ ਅਤੇ ਸੁਰਿੰਦਰ ਕੌਰ ਸਹੋਤਾ ਮੌਜੂਦ ਸਨ।
ਡਾ. ਅਖ਼ਤਰ ਹੁਸੈਨ ਸੰਧੂ ਨੇ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਉਨ੍ਹਾਂ ਦੇ ਮਾਣ ਵਿੱਚ ਕਰਵਾਏ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ, ‘ਸਾਡਾ ਰਿਸ਼ਤਾ ਇਨਸਾਨੀਅਤ ਦਾ ਰਿਸ਼ਤਾ ਹੈ, ਅਸੀਂ ਪੰਜਾਬ ਦੇ ਪੁੱਤਰ/ਧੀਆਂ ਹਾਂ, ਪੰਜਾਬ ਦੀ ਧਰਤੀ ਅਤੇ ਪੰਜਾਬੀ ਬੋਲੀ ਸਾਡੀ ਮਾਂ ਹਨ। ਇਹ ਬਹੁਤ ਹੀ ਗਹਿਰਾ ਰਿਸ਼ਤਾ ਟੁੱਟਣ ਵਾਲਾ ਨਹੀਂ।’ ਉਨ੍ਹਾਂ ਕਿਹਾ ਕਿ 1947 ਦਾ ਦੁਖਾਂਤ ਵਾਪਰਿਆ, ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਾਂ ਵੀ ਹੋਈਆਂ, ਪਰ ਪੰਜਾਬੀਆਂ ਦਾ ਰਿਸ਼ਤਾ ਫਿੱਕਾ ਨਹੀਂ ਪਿਆ। 76 ਸਾਲਾਂ ਤੋਂ ਵਿੱਛੜੇ ਪੰਜਾਬੀਆਂ ਦਾ ਅੱਜ ਵੀ ਕਰਤਾਰਪੁਰ ਦੇ ਲਾਂਘੇ ਰਾਹੀਂ ਮਿਲਾਪ ਹੋ ਰਿਹਾ ਹੈ।
ਸੰਪਰਕ: 1 604 308 6663