For the best experience, open
https://m.punjabitribuneonline.com
on your mobile browser.
Advertisement

ਝੜਪਾਂ ’ਚ ਦਰਜਨ ਜ਼ਖ਼ਮੀ

07:52 AM Jun 02, 2024 IST
ਝੜਪਾਂ ’ਚ ਦਰਜਨ ਜ਼ਖ਼ਮੀ
ਜ਼ਖਮੀ ਹੋਇਆ ਹਿਮਾਂਸ਼ੂ ਕੌਸ਼ਲ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ।
Advertisement

ਚੰਡੀਗੜ੍ਹ (ਟਨਸ): ਲੋਕ ਸਭਾ ਚੋਣਾਂ ਲਈ ਅੱਜ ਪੰਜਾਬ ਵਿਚ ਮਤਦਾਨ ਦੌਰਾਨ ਹੋਈਆਂ ਮਾਮੂਲੀ ਝੜਪਾਂ ਵਿਚ ਕਰੀਬ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ’ਚ ਇੱਕ ਮਾਂ-ਧੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਹਮਲਾਵਰਾਂ ’ਤੇ ਕੱਪੜੇ ਪਾੜਨ ਦੇ ਦੋਸ਼ ਲਾਏ ਹਨ। ਮਤਦਾਨ ਦੌਰਾਨ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਪੋਲਿੰਗ ਵਾਸਤੇ ਪੰਜਾਬ ਪੁਲੀਸ ਤੋਂ ਇਲਾਵਾ ਕੇਂਦਰੀ ਨੀਮ ਫ਼ੌਜੀ ਦਸਤਿਆਂ ਦੇ ਕਰੀਬ 81 ਹਜ਼ਾਰ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ। ਜਲੰਧਰ ਹਲਕੇ ਦੇ ਪਿੰਡ ਮਨਸੂਰਪੁਰ ਬਡਾਲਾ ’ਚ ਇੱਕ ‘ਆਪ’ ਵਰਕਰ ਨੇ ਕਾਂਗਰਸ ਦੇ ਪੋਲਿੰਗ ਏਜੰਟ ਦੀ ਕੁੱਟਮਾਰ ਕੀਤੀ। ਜ਼ਖ਼ਮੀ ਨੂੰ ਆਦਮਪੁਰ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲੀਸ ਨੇ ਇਸ ਸਬੰਧੀ ਚਾਰ ਜਣਿਆਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਵੇਰਵਿਆਂ ਅਨੁਸਾਰ ਅੱਜ ਭਾਜਪਾ ਵਰਕਰਾਂ ਨਾਲ ਵੀ ਝੜਪਾਂ ਹੋਈਆਂ। ਹਲਕਾ ਖਡੂਰ ਸਾਹਿਬ ਦੇ ਪਿੰਡ ਖੱਬੇ ਡੋਗਰਾ ਵਿੱਚ ਸ਼ਰਾਰਤੀ ਅਨਸਰਾਂ ਨੇ ਭਾਜਪਾ ਦੇ ਬੂਥ ’ਤੇ ਹਮਲਾ ਕਰ ਦਿੱਤਾ ਅਤੇ ਮੌਕੇ ’ਤੇ ਵੋਟਰ ਸੂਚੀਆਂ ਅਤੇ ਪੋਸਟਰ ਪਾੜ ਦਿੱਤੇ। ਮੌਕੇ ’ਤੇ ਪੁਲੀਸ ਨੇ ਪਹੁੰਚ ਕੇ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਇਸੇ ਤਰ੍ਹਾਂ ਹਲਕਾ ਹੁਸ਼ਿਆਰਪੁਰ ਦੇ ਪਿੰਡ ਹਰਿਆਣਾ ਵਿਚ ਇੱਕ ਬੂਥ ’ਤੇ ‘ਆਪ’ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋ ਗਈ। ਦੋਵਾਂ ਧਿਰਾਂ ਦੇ ਚਾਰ-ਚਾਰ ਵਰਕਰ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।ਇਸੇ ਤਰ੍ਹਾਂ ਸੰਗਰੂਰ ਹਲਕੇ ਦੇ ਪਿੰਡ ਤਾਜੋਕੇ (ਤਪਾ ਮੰਡੀ) ਵਿਚ ਭਾਜਪਾ ਵਰਕਰ ’ਤੇ ਹਮਲਾ ਹੋਇਆ। ਵਰਕਰ ਲਾਜਪਤ ਰਾਏ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਲਾਜਪਤ ਰਾਏ ਨੇ ਦੱਸਿਆ ਕਿ ਉਹ ਬੂਥ ਤੋਂ ਘਰ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੀ ਕੁੱਟਮਾਰ ਕੀਤੀ ਗਈ। ਦੂਜੀ ਧਿਰ ਦੀ ਕਰਮਜੀਤ ਕੌਰ ਅਤੇ ਉਸ ਦੀ ਧੀ ਨਵਜੋਤ ਕੌਰ ਨੇ ਉਨ੍ਹਾਂ ’ਤੇ ਹਮਲਾ ਕਰ ਕੇ ਕੱਪੜੇ ਪਾੜਨ ਦੇ ਦੋਸ਼ ਲਾਏ ਹਨ।ਭਦੌੜ ਦੇ ਪਿੰਡ ਅਲਕੜਾ ਵਿਚ ਕਿਸਾਨਾਂ ਨੇ ਭਾਜਪਾ ਦੇ ਬੂਥ ’ਤੇ ਬੈਠੇ ‘ਬਾਹਰਲੇ’ ਬੰਦਿਆਂ ਨੂੰ ਭਜਾ ਦਿੱਤਾ। ਇਸ ਪਿੰਡ ਨੇ ਨਵੀਂ ਪਿਰਤ ਪਾਈ ਕਿ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਇੱਕੋ ਬੂਥ ਲਾਇਆ ਜਦੋਂ ਕਿ ਭਾਜਪਾ ਨੇ ਵੱਖਰਾ ਬੂਥ ਲਾਇਆ ਸੀ ਜਿੱਥੇ ‘ਬਾਹਰਲੇ’ ਬੰਦੇ ਬੈਠੇ ਸਨ। ਪਿੰਡ ਦੇ ਕਿਸਾਨ ਆਗੂਆਂ ਨੇ ‘ਬਾਹਰਲੇ’ ਬੰਦਿਆਂ ਨੂੰ ਪਿੰਡ ਛੱਡਣ ਲਈ ਕਿਹਾ ਤਾਂ ਉਹ ਉਥੋਂ ਚਲੇ ਗਏ। ਗੁਰਦਾਸਪੁਰ ਹਲਕੇ ਦੇ ਪਿੰਡ ਕੋਟ ਅਹਿਮਦ ਖ਼ਾਨ ਵਿੱਚ ਵੀ ਪੋਲਿੰਗ ਮੌਕੇ ਹੰਗਾਮਾ ਹੋਇਆ।ਇਸੇ ਤਰ੍ਹਾਂ ਮੱਲਾਂਵਾਲਾ ਨੇੜਲੇ ਪਿੰਡ ਕੋਹਾਲਾ ਵਿਚ ਇੱਕ ‘ਆਪ’ ਵਰਕਰ ਨੇ ਪਿੰਡ ਬੋੜਾਵਾਲੀ ਦੇ ਸਾਬਕਾ ਸਰਪੰਚ ਦੀ ਗੱਡੀ ਦੀ ਭੰਨਤੋੜ ਕੀਤੀ। ਗੁਰਦਾਸਪੁਰ ਹਲਕੇ ਤੋਂ ਅਕਾਲੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਮਗਰੋਂ ਪੁਲੀਸ ਨੇ ਪਨਸਪ ਦੇ ਚੇਅਰਮੈਨ ਬਲਵੀਰ ਸਿੰਘ ਪੰਨੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੰਨੂ ਦੀ ਵੋਟਰਾਂ ਨੂੰ ਧਮਕਾਉਂਦਿਆਂ ਦੀ ਇੱਕ ਵੀਡੀਓ ਜਨਤਕ ਹੋਈ ਸੀ।ਏਐੱਸਆਈ ਦੀ ਮੌਤਖਡੂਰ ਸਾਹਿਬ ਹਲਕੇ ਦੇ ਪਿੰਡ ਕੈਰੋਂ ਵਿਚ ਇੱਕ ਏਐੱਸਆਈ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਹੈ। ਪਿੰਡ ਗਹਿਰੀ ਮੰਡੀ ਦਾ ਕੁਲਦੀਪ ਸਿੰਘ ਚੋਣ ਡਿਊਟੀ ’ਤੇ ਤਾਇਨਾਤ ਸੀ। ਅੱਜ ਸਵੇਰੇ ਕੁਲਦੀਪ ਸਿੰਘ ਦੀ ਲਾਸ਼ ਖ਼ੂਨ ਨਾਲ ਲਥਪਥ ਮਿਲੀ। ਉਸ ਦੇ ਕੋਲ ਕਾਰਬਾਈਨ ਪਈ ਸੀ। ਕਾਰਬਾਈਨ ’ਚੋਂ ਅਚਾਨਕ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋਣ ਦਾ ਖਦਸ਼ਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×