Dowry Case: ਯੂਕੇ ’ਚ ਭਾਰਤੀ ਵਿਅਕਤੀ ਵੱਲੋਂ ਪਤਨੀ ਦਾ ਕਤਲ
ਨਵੀਂ ਦਿੱਲੀ, 23 ਨਵੰਬਰ
ਬਰਤਾਨੀਆ ਦੇ ਨੌਰਥੈਂਪਟਨਸ਼ਾਇਰ ਵਿੱਚ ਵਾਪਰੀ ਕਤਲ ਦੀ ਇਕ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲੀਸ ਨੂੰ ਸ਼ੱਕ ਹੈ ਕਿ ਭਾਰਤੀ ਮੂਲ ਦੀ ਹਰਸ਼ਿਤਾ ਬਰੇਲਾ ਦਾ ਕਤਲ ਨੇ ਉਸ ਦੇ ਪਤੀ 23 ਸਾਲਾ ਪੰਕਜ ਲਾਂਬਾ ਵੱਲੋਂ ਕਥਿਤ ਤੌਰ ’ਤੇ ਦਾਜ ਲਈ ਕੀਤਾ ਗਿਆ ਹੈ। ਹਰਸ਼ਿਤਾ ਦੀ ਵੱਡੀ ਭੈਣ ਸੋਨੀਆ ਬਰੇਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲਾਂਬਾ ਪਰਿਵਾਰ ਵੱਲੋਂ ਉਨ੍ਹਾਂ ਤੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ, ਹਾਲਾਂਕਿ ਉਨ੍ਹਾਂ ਨੇ ਵਿਆਹ ਦੌਰਾਨ ਸੋਨਾ ਅਤੇ ਪੈਸੇ ਦਿੱਤੇ ਸਨ। ਸੋਨੀਆ ਨੇ ਦੋਸ਼ ਲਾਇਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਦਾ ਦਾਜ ਲਈ ਕਤਲ ਕੀਤਾ ਗਿਆ ਹੈ।
ਉਸ ਨੇ ਕਿਹਾ, ‘‘ਹਰਸ਼ਿਤਾ ਦਾ ਵਿਆਹ ਇਸ ਸਾਲ 22 ਮਾਰਚ ਨੂੰ ਪੰਕਜ ਲਾਂਬਾ ਨਾਲ ਹੋਇਆ ਸੀ। ਪਰਿਵਾਰ ਵਾਲਿਆਂ ਨੇ ਪੰਕਜ ਨੂੰ ਕਾਫੀ ਦਾਜ ਦਿੱਤਾ ਸੀ ਪਰ ਫਿਰ ਵੀ ਉਹ ਕਥਿਤ ਤੌਰ ’ਤੇ ਖੁਸ਼ ਨਹੀਂ ਸੀ। ਉਹ ਸਾਡੇ ਤੋਂ ਦਾਜ ਦੀ ਮੰਗ ਕਰਦਾ ਰਿਹਾ।’’
ਕਤਲ ਪਿੱਛੋਂ ਹਰਸ਼ਿਤਾ ਦੀ ਲਾਸ਼ ਕਾਰ ਵਿਚ ਛੱਡ ਦਿੱਤੀ ਗਈ
ਬਰੇਲਾ ਦੀ ਲਾਸ਼ ਨੂੰ 14 ਨਵੰਬਰ ਨੂੰ ਕਾਰ ਰਾਹੀਂ ਕਾਰਬੀ ਤੋਂ ਪੂਰਬੀ ਲੰਡਨ (Corby to east London) ਤੱਕ ਕਾਰ ਲਿਜਾਇਆ ਗਿਆ ਸੀ ਅਤੇ ਕਾਰ ਨੂੰ ਬ੍ਰਿਸਬੇਨ ਰੋਡ, ਇਲਫੋਰਡ (Brisbane Road, Ilford) ਵਿੱਚ ਪਾਰਕ ਕਰ ਕੇ ਛੱਡ ਦਿੱਤਾ ਗਿਆ ਸੀ। ਜਾਂਚ ਤੋਂ ਪਤਾ ਚੱਲਦਾ ਹੈ ਕਿ ਹਰਸ਼ਿਤਾ ਦੀ ਹੱਤਿਆ 10 ਨਵੰਬਰ ਨੂੰ ਕੀਤੀ ਗਈ। ਪੁਲੀਸ ਹੁਣ ਪੰਕਜ ਲਾਂਬਾ ਦੀ ਭਾਲ ਕਰ ਰਹੀ ਹੈ। ਪੁਲੀਸ ਮੁਤਾਬਕ ਉਹ ਇਸ ਕਤਲ ਬਾਰੇ ਲਾਂਬਾ ਨਾਲ ਗੱਲ ਕਰਨੀ ਚਾਹੁੰਦੇ ਹਨ।
ਸੋਨੀਆ ਬਰੇਲਾ ਨੇ ਹੋਰ ਦੱਸਿਆ, ‘‘ਸਾਨੂੰ 15 ਨਵੰਬਰ ਨੂੰ ਦਿੱਲੀ ਵਿਚਲੇ ਪੁਲੀਸ ਸਟੇਸ਼ਨ ਤੋਂ ਫ਼ੋਨ ਆਇਆ ਕਿ ਹਰਸ਼ਿਤਾ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਦੂਤਾਵਾਸ ਨੇ ਸੂਚਿਤ ਕੀਤਾ ਹੋਵੇਗਾ। ਅਸੀਂ ਹੈਰਾਨ ਸਾਂ ਕਿ ਇਹ ਕਿਵੇਂ ਹੋਇਆ। ਜਦੋਂ ਅਸੀਂ ਹਰਸ਼ਿਤਾ ਅਤੇ ਲਾਂਬਾ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਦੇ ਦੋਵੇਂ ਫ਼ੋਨ ਬੰਦ ਸਨ। ਜਦੋਂ ਅਸੀਂ ਪੰਕਜ ਦੇ ਪਰਿਵਾਰ ਨੂੰ ਦੱਸਿਆ ਤਾਂ ਜਾਪਦਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ਾਸ ਚਿੰਤਾ ਸੀ। ਸਾਨੂੰ ਲੱਗਾ ਕਿ ਕਤਲ ਤੋਂ ਬਾਅਦ ਪੰਕਜ ਨੇ ਆਪਣੇ ਪਰਿਵਾਰ ਨੂੰ ਸਭ ਕੁਝ ਦੱਸ ਦਿੱਤਾ ਹੋਵੇਗਾ।’’ ਨੌਰਥੈਂਪਟਨਸ਼ਾਇਰ ਪੁਲੀਸ ਦੇ ਬਿਆਨ ਮੁਤਾਬਕ ਉਨ੍ਹਾਂ 14 ਨਵੰਬਰ ਨੂੰ ਹਰਸ਼ਿਤਾ ਦੀ ਲਾਸ਼ ਮਿਲਣ ਤੋਂ ਫ਼ੌਰੀ ਬਾਅਦ ਉਸਦੀ ਹੱਤਿਆ ਦੀ ਜਾਂਚ ਸ਼ੁਰੂ ਕੀਤੀ ਸੀ।
ਹਰਸ਼ਿਤਾ ਨੇ ਬਰਤਾਨਵੀ ਪੁਲੀਸ ਨੂੰ ਕੀਤੀ ਸੀ ਸ਼ਿਕਾਇਤ
ਸੋਨੀਆ ਨੇ ਕਿਹਾ, "ਅਸੀਂ ਹਰਸ਼ਿਤਾ ਨਾਲ 10 ਤਰੀਕ ਨੂੰ ਗੱਲ ਕੀਤੀ ਸੀ, ਅਸੀਂ ਪੰਕਜ ਨਾਲ ਜ਼ਿਆਦਾ ਗੱਲ ਨਹੀਂ ਕੀਤੀ, ਉਸ ਸਮੇਂ ਉਹ ਬਹੁਤ ਖੁਸ਼ ਸੀ... ਉਸ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਕੋਈ ਲੜਾਈ ਜਾਂ ਕੁਝ ਹੋਰ ਹੋਇਆ ਹੈ।’’ ਸੋਨੀਆ ਨੇ ਦੱਸਿਆ ਕਿ ਹਰਸ਼ਿਤਾ ਨੇ 29 ਅਗਸਤ ਨੂੰ ਦਾਜ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਕਿਉਂਕਿ ਪੰਕਜ ਦੇ ਪਰਿਵਾਰਕ ਮੈਂਬਰ ਦਾਜ ਦੀ ਮੰਗ ਕਰ ਰਹੇ ਸਨ। ਉਸ ਨੇ ਕਿਹਾ ਕਿ ਉਸਦੇ ਪਿਤਾ ਨੇ ਜਾਇਦਾਦ ਵੇਚ ਕੇ ਪੈਸਿਆਂ ਦਾ ਇੰਤਜ਼ਾਮ ਕੀਤਾ। ਉਸ ਨੇ ਕਿਹਾ, “29 ਅਗਸਤ ਨੂੰ ਜਦੋਂ ਪੰਕਜ ਨੇ ਉਸ ਦੀ ਕੁੱਟਮਾਰ ਕੀਤੀ ਤਾਂ ਉਸ ਨੇ ਉਸ ਸ਼ਿਕਾਇਤ ਦਰਜ ਕਰਵਾਈ। ਉਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਇੱਥੇ ਸਾਡੇ ਘਰ ਆਏ ਅਤੇ ਫਿਰ ਤੋਂ ਦਾਜ ਦੀ ਮੰਗ ਕਰਨ ਲੱਗੇ, ਜਿਸ ਕਾਰਨ ਮੇਰੇ ਪਿਤਾ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਲਈ ਕੁਝ ਜਾਇਦਾਦ ਵੇਚ ਦਿੱਤੀ।... ਸਾਡੇ ਕੋਲ ਪੈਸੇ ਆ ਗਏ ਸਨ ਤੇ ਅਸੀਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਤਿਆਰੀ ਵਿਚ ਸਾਂ।’’
ਪੰਕਜ ਲਾਂਬਾ ਗ੍ਰਿਫ਼ਤਾਰੀ ਪਿੱਛੋਂ ਜ਼ਮਾਨਤ ’ਤੇ ਹੋਇਆ ਸੀ ਰਿਹਾਅ
ਸੋਨੀਆ ਨੇ ਕਿਹਾ ਕਿ ਹਰਸ਼ਿਤਾ 'ਤੇ ਉਸਦੇ ਪਤੀ ਨੇ ਹਮਲਾ ਕੀਤਾ ਸੀ ਅਤੇ ਉਸਨੇ 29 ਅਗਸਤ ਨੂੰ ਨੌਰਥੈਂਪਟਨਸ਼ਾਇਰ ਪੁਲੀਸ ਕੋਲ ਉਸਦੇ ਖਿਲਾਫ ਘਰੇਲੂ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਪੰਕਜ ਨੇ ਗੁਪਤ ਤਰੀਕੇ ਨਾਲ ਜੁਰਮਾਨਾ ਭਰ ਦਿੱਤਾ ਅਤੇ ਜ਼ਮਾਨਤ 'ਤੇ ਰਿਹਾਅ ਹੋ ਗਿਆ। ਉਸ ਨੇ ਕਿਹਾ, "ਇਹ ਕੇਸ 30 ਅਕਤੂਬਰ ਨੂੰ ਬੰਦ ਹੋ ਗਿਆ ਸੀ ਜਦੋਂ ਪੰਕਜ ਨੇ ਜੁਰਮਾਨਾ ਅਦਾ ਕੀਤਾ ਸੀ, ਪਰ ਹਰਸ਼ਿਤਾ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ।"
ਅਸਿਸਟੈਂਟ ਚੀਫ ਕਾਂਸਟੇਬਲ ਐਮਾ ਜੇਮਜ਼ ਨੇ ਕਿਹਾ, "ਹਰਸ਼ਿਤਾ ਦੀ ਸ਼ਨਾਖ਼ਤ ਘਰੇਲੂ ਸ਼ੋਸ਼ਣ ਦੇ ਉੱਚ ਖਤਰੇ ਵਿੱਚ ਹੋਣ ਦੇ ਰੂਪ ਵਿੱਚ ਕੀਤੀ ਗਈ ਸੀ ਅਤੇ ਉਸ ਲਈ ਤੁਰੰਤ ਇੱਕ ਆਜ਼ਾਦ ਘਰੇਲੂ ਹਿੰਸਾ ਸਲਾਹਕਾਰ (IDVA) ਨਿਯੁਕਤ ਕੀਤਾ ਗਿਆ ਸੀ... ਹਰਸ਼ਿਤਾ ਨੂੰ ਇੱਕ ਪਨਾਹਗਾਹ ਵਿੱਚ ਰੱਖਿਆ ਗਿਆ ਸੀ ਅਤੇ ਕਈ ਅਧਿਕਾਰੀਆਂ ਦੁਆਰਾ ਮੁਲਾਕਾਤ ਕੀਤੀ ਗਈ ਅਤੇ ਸੰਪਰਕ ਕੀਤਾ ਗਿਆ। ਜਾਂਚ ਦੌਰਾਨ ਕਥਿਤ ਦੋਸ਼ੀ ਦੀ ਪਛਾਣ ਕੀਤੀ ਗਈ ਤੇ ਉਸ ਨੂੰ ਫ਼ੌਰੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ ਨਿਯਮਾਂ ਤੇ ਸ਼ਰਤਾਂ ਤਹਿਤ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ।’’ ਸੋਨੀਆ ਨੇ ਦੱਸਿਆ ਕਿ ਦੋਵਾਂ ਦਾ ਇਸ ਸਾਲ 22 ਮਾਰਚ ਨੂੰ ਵਿਆਹ ਹੋਇਆ ਸੀ ਅਤੇ ਅਗਲੇ ਮਹੀਨੇ ਉਹ ਯੂਕੇ ਚਲੇ ਗਏ ਕਿਉਂਕਿ ਲਾਂਬਾ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਸੀ।
ਪੀੜਤ ਪਰਿਵਾਰ ਨੂੰ ਮੁਲਜ਼ਮ ਦੇ ਭੱਜ ਕੇ ਭਾਰਤ ਆ ਜਾਣ ਦਾ ਸ਼ੱਕ
ਉਸਨੇ ਅੱਗੇ ਕਿਹਾ, "ਯੂਕੇ ਪੁਲੀਸ ਨੇ ਸਾਨੂੰ ਦੱਸਿਆ ਕਿ ਹਰਸ਼ਿਤਾ ਦੀ ਮ੍ਰਿਤਕ ਦੇਹ ਪਹੁੰਚਣ ਵਿੱਚ ਇੱਕ ਜਾਂ ਦੋ ਹਫ਼ਤੇ ਲੱਗਣਗੇ, ਅਸੀਂ ਸਮਝੌਤਾ ਸਹੀਬੰਦ ਕਰ ਕੇ ਭੇਜ ਦਿੱਤਾ ਹੈ।" ਉਸਨੇ ਯੂਕੇ ਪੁਲੀਸ ਨੂੰ ਹਰਸ਼ਿਤਾ ਦੀ ਮ੍ਰਿਤਕ ਦੇਹ ਭੇਜਣ ਦੀ ਅਪੀਲ ਵੀ ਕੀਤੀ।
ਸੋਨੀਆ ਨੇ ਸ਼ੱਕ ਹੈ ਕਿ ਪੰਕਜ ਬਰਤਾਨੀਆ ਤੋਂ ਫ਼ਰਾਰ ਹੋ ਕੇ ਭਾਰਤ ਵਾਪਸ ਆ ਗਿਆ ਹੈ ਅਤੇ ਲੁਕ ਕੇ ਰਹ ਰਿਹਾ ਹੈ। ਉਸ ਨੇ ਕਿਹਾ, "ਮੈਨੂੰ ਯਕੀਨ ਹੈ ਕਿ ਪੰਕਜ ਬ੍ਰਿਟੇਨ ਤੋਂ ਭਾਰਤ ਭੱਜ ਗਿਆ ਹੈ ਅਤੇ ਇੱਥੇ ਕਿਤੇ ਲੁਕਿਆ ਹੋਇਆ ਹੈ। ਬ੍ਰਿਟੇਨ ਦੀ ਪੁਲੀਸ ਨੂੰ ਭਾਰਤੀ ਪੁਲੀਸ ਨੂੰ ਵੀ ਚੌਕਸ ਕਰਨਾ ਚਾਹੀਦਾ ਹੈ ਕਿ ਜੇ ਪੰਕਜ ਇੱਥੇ ਹੈ ਤਾਂ ਉਸਨੂੰ ਜ਼ਰੂਰ ਗ੍ਰਿਫਤਾਰ ਕਰ ਲਿਆ ਜਾਵੇ। ਅਸੀਂ ਦਿੱਲੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹਾਂ ਪਰ ਉਨ੍ਹਾਂ ਇਹ ਕਹਿ ਕੇ ਕੇਸ ਦਰਜ ਨਹੀਂ ਕੀਤਾ ਕਿ ਘਟਨਾ ਵਿਦੇਸ਼ੀ ਧਰਤੀ 'ਤੇ ਹੋਈ ਹੈ ਅਸੀਂ ਕੇਰ ਦਰਜ ਕਰਾਉਣ ਲਈ ਵਿਦੇਸ਼ ਮੰਤਰਾਲੇ ਨਾਲ ਵੀ ਸੰਪਰਕ ਕਰ ਰਹੇ ਹਾਂ।’’ ਸੋਨੀਆ ਨੇ ਕਿਹਾ ਕਿ ਪੰਕਜ ਦੇ ਪਰਿਵਾਰ ਨੂੰ ਜ਼ਰੂਰ ਉਸ ਦੇ ਥਹੁ-ਟਿਕਾਣੇ ਦਾ ਪਤਾ ਹੈ ਤੇ ਉਨ੍ਹਾਂ ਤੋਂ ਇਸ ਬਾਰੇ ਪੁੱਛ-ਪੜਤਾਲ ਕੀਤੀ ਜਾਣੀ ਚਾਹੀਦੀ ਹੈ। -ਏਐਨਆਈ