ਡੋਵਾਲ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨਾਲ ਮੁਲਾਕਾਤ
ਪੈਰਿਸ, 1 ਅਕਤੂਬਰ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਤੋਂ ਪਹਿਲਾਂ ਉਹ ਰੱਖਿਆ ਮੰਤਰੀ ਸੈਬੇਸਟੀਅਨ ਲੈਕੋਰਨੂ ਨੂੰ ਮਿਲੇ। ਇਸ ਦੌਰਾਨ ਦੋਹਾਂ ਆਗੂਆਂ ਵੱਲੋਂ ਰੱਖਿਆ ਸਬੰਧਾਂ ਅਤੇ ਪੁਲਾੜ ਸਬੰਧੀ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਪੈਦਾ ਹੋ ਰਹੇ ਆਲਮੀ ਹਾਲਾਤ ਬਾਰੇ ਚਰਚਾ ਕੀਤੀ ਗਈ। ਫਰਾਂਸ ਵਿੱਚ ਸਥਿਤ ਭਾਰਤੀ ਦੂਤਘਰ ਨੇ ਅੱਜ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘ਆਪਣੇ ਫਰਾਂਸ ਦੌਰੇ ਦੌਰਾਨ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਫਰਾਂਸ ਦੇ ਰੱਖਿਆ ਮੰਤਰੀ ਸੈਬੇਸਟੀਅਨ ਲੈਕੋਰਨੂ ਨਾਲ ਵਿਆਪਕ ਪੱਧਰ ’ਤੇ ਗੱਲਬਾਤ ਕੀਤੀ। ਇਨ੍ਹਾਂ ਆਗੂਆਂ ਦੀ ਗੱਲਬਾਤ ਦੋਵੇਂ ਦੇਸ਼ਾਂ ਵਿਚਾਲੇ ਦੁਵੱਲਾ ਰੱਖਿਆ ਸਹਿਯੋਗ ਅਤੇ ਪੁਲਾੜ ਸਹਿਯੋਗ ਵਧਾਉਣ ’ਤੇ ਕੇਂਦਰਿਤ ਸੀ। ਇਸ ਦੌਰਾਨ ਦੋਹਾਂ ਆਗੂਆਂ ਵੱਲੋਂ ਪੈਦਾ ਹੋ ਰਹੇ ਕੌਮਾਂਤਰੀ ਭੂਰਾਜਨੀਤਕ ਦ੍ਰਿਸ਼ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ।’ ਲੈਕੋਰਨੂ ਨੇ ਮੀਟਿੰਗ ਤੋਂ ਬਾਅਦ ‘ਐਕਸ’ ’ਤੇ ਕਿਹਾ ਕਿ ਉਨ੍ਹਾਂ ਵੱਲੋਂ ਦੁਵੱਲੇ ਰੱਖਿਆ ਸਹਿਯੋਗ ਜਿਵੇਂ ਕਿ ਰਾਫ਼ਾਲ ਮਰੀਨ, ਸਕੌਰਪੀਨ ਪਣਡੁੱਬੀਆਂ ਤੇ ਪੁਲਾੜ, ਕੌਮਾਂਤਰੀ ਹਾਲਾਤ, ਖ਼ਾਸ ਕਰ ਕੇ ਯੂਕਰੇਨ ਵਿਚਲੇ ਹਾਲਾਤ ਬਾਰੇ ਵੀ ਚਰਚਾ ਕੀਤੀ ਗਈ। ਡੋਵਾਲ ਵੱਲੋਂ ਇੱਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੇ ਕੂਟਨੀਤਕ ਸਲਾਹਕਾਰ ਇਮੈਨੁਅਲ ਬੌਨ ਨਾਲ ਵੀ ਰਣਨੀਤਕ ਗੱਲਬਾਤ ਕੀਤੀ ਗਈ। ਭਾਰਤੀ ਦੂਤਾਵਾਸ ਨੇ ਵੱਖਰੀ ਪੋਸਟ ਵਿੱਚ ਕਿਹਾ, ‘ਇਸ ਦੌਰਾਨ ਸਾਈਬਰ ਤੋਂ ਲੈ ਕੇ ਪੁਲਾੜ ਤੱਕ ਬਾਰੇ ਗੱਲਬਾਤ ਹੋਈ।’’ -ਪੀਟੀਆਈ