ਡੋਵਾਲ ਵੱਲੋਂ ਕੋਲੰਬੋ ਸੁਰੱਖਿਆ ਸੰਮੇਲਨ ਦੇ ਮਹੱਤਵ ’ਤੇ ਜ਼ੋਰ
ਨਵੀਂ ਦਿੱਲੀ, 7 ਦਸੰਬਰ
ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਵੀਰਵਾਰ ਨੂੰ ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਖੇਤਰੀ ਸਮੂਹ ਕੋਲੰਬੋ ਸੁਰੱਖਿਆ ਸੰਮੇਲਨ (ਸੀਐੱਸਸੀ) ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਮਾਰੀਸ਼ਸ਼ ਵਿੱਚ ਸੀਐੱਸਸੀ ਦੀ ਛੇਵੀਂ ਐੱਨਐੱਸਏ ਪੱਧਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਜ਼ਿਕਰਯੋਗ ਹੈ ਕਿ ਭਾਰਤ, ਮਾਲਦੀਵ, ਮਾਰੀਸ਼ਸ਼ ਅਤੇ ਸ੍ਰੀਲੰਕਾ ਸੀਐੱਸਸੀ ਦੇ ਮੈਂਬਰ ਦੇਸ਼ ਹਨ। ਬੰਗਲਾਦੇਸ਼ ਅਤੇ ਸੈਸ਼ਲਜ਼ ਸੀਐੱਸਸੀ ਦੇ ਆਬਜ਼ਰਵਰ ਹਨ। ਮਾਰੀਸ਼ਸ਼ ਵਿੱਚ ਭਾਰਤੀ ਹਾਈ ਕਮਿਸ਼ਨਰ ਨੇ ਐੱਕਸ ’ਤੇ ਕਿਹਾ ਕਿ ਭਾਰਤ, ਮਾਰੀਸ਼ਸ਼ ਤੇ ਸ੍ਰੀਲੰਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਨਾਲ-ਨਾਲ ਸੈਸ਼ਲਜ਼ ਤੇ ਬੰਗਲਾਦੇਸ਼ ਦੇ ਪ੍ਰਤੀਨਿਧੀਆਂ ਨੇ ਅੱਜ ਮਾਰੀਸ਼ਸ਼ ਵਿੱਚ ਸੀਐੱਸਸੀ ਦੀ ਛੇਵੀਂ ਐੱਨਐੱਸਏ ਪੱਧਰੀ ਮੀਟਿੰਗ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਆਪਣੇ ਸੰਬੋਧਨ ਵਿੱਚ ਐੱਨਐੱਸਏ ਅਜੀਤ ਡੋਵਾਲ ਨੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਯਕੀਨੀ ਬਣਾਉਣ ਵਿੱਚ ਸੀਐੱਸਸੀ ਦੇ ਮਹੱਤਵ ’ਤੇ ਜ਼ੋਰ ਦਿੱਤਾ। ਮੈਂਬਰਾਂ ਨੇ 2024 ਲਈ ਗਤੀਵਿਧੀਆਂ ਦੇ ਰੋਡਮੈਪ ’ਤੇ ਵੀ ਸਹਿਮਤੀ ਪ੍ਰਗਟ ਕੀਤੀ ਹੈ। ਸਮਝਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਖੇਤਰੀ ਸੁਰੱਖਿਆ ਦ੍ਰਿਸ਼ਾਂ ਤੇ ਸੁਰੱਖਿਆ ਸਹਿਯੋਗ ਨੂੰ ਹੁਲਾਰਾ ਦੇਣ ਦੇ ਤਰੀਕਿਆਂ ਦੀ ਸਮੀਖਿਆ ਕੀਤੀ ਗਈ। -ਪੀਟੀਆਈ