ਡੋਵਾਲ ਵੱਲੋਂ ਫਰਾਂਸ ਦੇ ਵਿਦੇਸ਼ ਮੰਤਰੀ ਨਾਲ ਪੱਛਮੀ ਏਸ਼ੀਆ ਦੇ ਹਾਲਾਤ ਬਾਰੇ ਚਰਚਾ
ਪੈਰਿਸ, 2 ਅਕਤੂਬਰ
ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਅੱਜ ਇਥੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਨੋਏਲ ਬੈਰੋਟ ਨਾਲ ਮੁਲਾਕਾਤ ਕਰਕੇ ਯੂਰੋਪ ਅਤੇ ਪੱਛਮੀ ਏਸ਼ੀਆ ’ਚ ਜਾਰੀ ਜੰਗਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਫਰਾਂਸ ਸਥਿਤ ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਨੋਏਲ ਬੈਰੋਟ ਨਾਲ ਮੀਟਿੰਗ ਮਗਰੋਂ ਐੱਨਐੱਸਏ ਅਜੀਤ ਡੋਵਾਲ ਦੀ ਯਾਤਰਾ ਮੁਕੰਮਲ ਹੋਈ। ਦੋਹਾਂ ਨੇ ਯੂਰੋਪ ਅਤੇ ਪੱਛਮੀ ਏਸ਼ੀਆ ’ਚ ਜਾਰੀ ਜੰਗਾਂ ਬਾਰੇ ਵਿਚਾਰ ਸਾਂਝੇ ਕੀਤੇ।’ ਪਿਛਲੇ ਮਹੀਨੇ ਰੂਸ ਦੀ ਯਾਤਰਾ ਦੌਰਾਨ ਡੋਵਾਲ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ ਸੀ। ਡੋਵਾਲ ਦੀ ਰੂਸ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਕਰੇਨ ਫੇਰੀ ਦੇ ਕਰੀਬ 15 ਦਿਨਾਂ ਬਾਅਦ ਹੋਈ ਸੀ। ਡੋਵਾਲ ਨੇ ਮੰਗਲਵਾਰ ਨੂੰ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੌਕਰੌਂ ਨਾਲ ਮੁਲਾਕਾਤ ਕਰਕੇ ਪ੍ਰਧਾਨ ਮੰਤਰੀ ਮੋਦੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ-ਫਰਾਂਸ 2047 ਸਬੰਧੀ ਖਾਕਾ ਲਾਗੂ ਕਰਨ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਰੱਖਿਆ ਖ਼ਰੀਦ ਏਜੰਸੀ ਦੇ ਡਾਇਰੈਕਟਰ ਜਨਰਲ ਇਮੈਨੂਅਲ ਚੀਵਾ ਨਾਲ ਵੀ ਮੁਲਾਕਾਤ ਕੀਤੀ ਅਤੇ ਭਾਰਤ-ਫਰਾਂਸ ਸਟਾਰਟਅੱਪਸ ਤੇ ਤਕਨਾਲੋਜੀ ਬਾਰੇ ਵਿਚਾਰ ਵਟਾਂਦਰਾ ਕੀਤਾ। ਆਪਣੇ ਦੌਰੇ ਦੌਰਾਨ ਡੋਵਾਲ ਨੇ ਫਰਾਂਸੀਸੀ ਹਥਿਆਰਬੰਦ ਬਲਾਂ ਦੇ ਮੰਤਰੀ ਸੇਬੈਸਟੀਅਨ ਲਿਕੋਰਨੂ ਨਾਲ ਦੁਵੱਲੇ ਰੱਖਿਆ ਸਬੰਧਾਂ ਬਾਰੇ ਚਰਚਾ ਕੀਤੀ। -ਪੀਟੀਆਈ