ਭਾਰਤ ਚੀਨ ਸਬੰਧਾਂ ’ਚ ਸੁਧਾਰ ਬਾਰੇ ਸ਼ੱਕ ਦੇ ਖ਼ਦਸ਼ੇ
ਮੁਖ਼ਤਾਰ ਗਿੱਲ
ਚੀਨ ਨੇ ਭਾਰਤੀ ਸਰਹੱਦ ਕੋਲ ਤਿੱਬਤ ਵਿਚ ਬ੍ਰਹਮਪੁੱਤਰ ਨਦੀ ’ਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਦੀ ਆਪਣੀ ਯੋਜਨਾ ਬਾਰੇ ਸਫਾਈ ਦਿੱਤੀ ਹੈ। 137 ਅਰਬ ਅਮਰੀਕਨ ਡਾਲਰ ਦੀ ਅੰਦਾਜ਼ਨ ਲਾਗਤ ਨਾਲ ਬਣਨ ਵਾਲੀ ਯੋਜਨਾ ਨੂੰ ਲੈ ਕੇ ਪ੍ਰਗਟਾਏ ਜਾ ਰਹੇ ਖਦਸ਼ਿਆਂ ਨੂੰ ਚੀਨ ਨੇ ਖਾਰਜ ਕੀਤਾ ਹੈ। ਇਸ ਨੇ ਕਿਹਾ ਕਿ ਡੈਮ ਬਣਾਉਣ ਦੀ ਯੋਜਨਾ ਸਹੀ ਹੈ ਅਤੇ ਇਸ ਨਾਲ ਭਾਰਤ ਬੰਗਲਾਦੇਸ਼ ਪ੍ਰਭਾਵਤ ਨਹੀਂ ਹੋਣਗੇ। ਚੀਨ ਨੇ ਯਾਰਲੁੰਗ ਜੰਗਬੋ (ਬ੍ਰਹਮਪੁੱਤਰ ਦਾ ਤਿੱਬਤੀ ਨਾਂ) ਤਿੱਬਤ ਤੋਂ ਨਿਕਲ ਕੇ ਭਾਰਤ ਦੇ ਅਰੁਣਾਚਲ ਪ੍ਰਦੇਸ਼ ਤੇ ਅਸਾਮ ਤੋਂ ਹੁੰਦੀ ਹੋਈ ਬੰਗਲਾਦੇਸ਼ ਪਹੁੰਚਦੀ ਹੈ।
ਭਾਰਤ ਅਤੇ ਚੀਨ ਵਿਚਾਲੇ ਬਣੀ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਮੀਟਿੰਗ ਪਿਛਲੇ ਦਿਨੀਂ ਪੇਈਚਿੰਗ ਵਿਚ ਹੋਈ ਸੀ। ਬੈਠਕ ਵਿਚ ਭਾਰਤ ਦੀ ਨੁਮਾਇੰਦਗੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੀਤੀ; ਵਿਦੇਸ਼ ਮੰਤਰੀ ਵਾਂਗ ਯੀ ਚੀਨ ਤੋਂ ਵਿਸ਼ੇਸ਼ ਪ੍ਰਤੀਨਿਧੀ ਸਨ। ਭਾਰਤ ਚੀਨ ਦਰਮਿਆਨ ਸਰਹੱਦੀ ਵਿਵਾਦ ਸੁਲਝਾਉਣ ਲਈ ਇਸ ਤੋਂ ਪਹਿਲਾਂ 22 ਵਾਰ ਗੱਲਬਾਤ ਹੋ ਚੁੱਕੀ ਹੈ। ਡੋਵਾਲ ਖੁਦ 2014 ਤੋਂ 2019 ਤੱਕ ਇਸ ਗੱਲਬਾਤ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਇਸ ਮੁਲਾਕਾਤ ਦਾ ਮਹੱਤਵ ਸਮਝਣ ਲਈ ਜਾਨਣਾ ਜ਼ਰੂਰੀ ਹੈ ਕਿ ਭਾਰਤ ਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧ ਦੇ ਰੂਪ ਵਿਚ ਮਿਲੇ ਸਨ। ਇਸ ਪੱਧਰ ਦੀ ਗੱਲਬਾਤ ਦਾ ਕੇਂਦਰ ਸਿਰਫ ਸਰਹੱਦ ਨਾਲ ਜੁੜੇ ਮੁੱਦੇ ਹੁੰਦੇ ਹਨ।
ਭਾਰਤ ਅਤੇ ਚੀਨ ਵਿਚਾਲੇ ਕਈ ਪੱਧਰ ’ਤੇ ਮੁਲਾਕਾਤਾਂ ਹੋਈਆਂ ਹਨ। ਇਨ੍ਹਾਂ ਜ਼ਰੀਏ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਸਾਲ 2020 ਤੋਂ ਆਏ ਤਣਾਅ ਨੂੰ ਘੱਟ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਦਰਅਸਲ ਵਿਵਾਦ ਪੂਰਬੀ ਲੱਦਾਖ ਦੇ ਕਈ ਸਰਹੱਦੀ ਇਲਾਕਿਆਂ ਨਾਲ ਜੁੜਿਆ ਸੀ ਹਾਲਾਂਕਿ ਜਿਥੋਂ ਤਲਖੀ ਦੀ ਸ਼ੁਰੂਆਤ, ਭਾਵ, ਦੋਵਾਂ ਦੇਸ਼ਾਂ ਵਿਚਾਲੇ ਅਸਲ ਕੰਟਰੋਲ ਰੇਖਾ ਅਤੇ 15 ਜੂਨ 2020 ਨੂੰ ਗਲਵਾਨ ਘਾਟੀ ਦੀ ਝੜਪ ਨਾਲ ਹੋਈ ਸੀ। ਇਹ ਗੱਲਬਾਤ ਦੁਬਾਰਾ ਸ਼ੁਰੂ ਕਰਨ ਦਾ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ 21 ਅਕਤੂਬਰ 2024 ਨੂੰ ਰੂਸ ਦੇ ਸ਼ਹਿਰ ਕਜ਼ਾਨ ਵਿਚ ਬ੍ਰਿਕਸ ਸਿਖਰ ਸਮੇਲਨ ਦੌਰਾਨ ਹੋਈ ਮੀਟਿੰਗ ਵਿਚ ਹੋਇਆ ਸੀ ਤਾਂ ਕਿ ਸਰਹੱਦਾਂ ’ਤੇ ਤਣਾਅ ਘਟਾਇਆ ਜਾਵੇ। ਨਰਿੰਦਰ ਮੋਦੀ ਨੇ ਸਮਝੋਤੇ ਦਾ ਸਵਾਗਤ ਕਰਦਿਆਂ ‘ਮਤਭੇਦਾਂ ਤੇ ਵਿਵਾਦਾਂ ਨੂੰ ਢੁੱਕਵੇਂ ਢੰਗ ਨਾਲ ਸੰਭਾਲਣ ਅਤੇ ਇਨਾਂ ਨੂੰ ਅਮਨ-ਚੈਨ ਖਰਾਬ ਨਾ ਕਰਨ’ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਆਪਣੇ 5 ਦਸੰਬਰ ਦੇ ਬਿਆਨ ਵਿਚ ਦੱਸਿਆ ਹੈ ਕਿ ਸਾਲ 2020 ਸਰਹੱਦ ’ਤੇ ਆਈਆਂ ਸਾਰੀਆਂ ਰੁਕਾਵਟਾਂ ਦੂਰ ਕਰ ਲਈਆਂ ਗਈਆਂ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀ ਸਰਹੱਦੀ ਇਲਾਕੇ ਨਾਲ ਜੁੜੇ ਹੱਲ ਦੀ ਗੱਲ ਨੂੰ ਮੰਨਿਆ ਹੈ। ਸਰਕਾਰ ਨੇ ਇਹ ਵੀ ਦੱਸਿਆ ਕਿ ਹੁਣ ਦੇਪਸਾਂਗ ਤੇ ਡੈਮਚੋਕ ਵਿਚ ਫੌਜ ਨੂੰ ਪਹਿਲਾਂ ਵਾਂਗ ਪੈਟਰੋਲਿੰਗ ਤੇ ਆਜੜੀਆਂ ਨੂੰ ਆਉਣ ਜਾਣ ਦੀ ਇਜਾਜ਼ਤ ’ਤੇ ਚੀਨ ਨਾਲ ਸਹਿਮਤੀ ਬਣੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾ ਦਾ ਮੁਲਕ ਵਾਰਤਾ ਅਤੇ ਸੰਪਰਕ ਰਾਹੀਂ ਆਪਸੀ ਵਿਸ਼ਵਾਸ ਤੇ ਭਰੋਸੇ ਨੂੰ ਵਧਾ ਕੇ ਭਾਰਤ ਨਾਲ ਹਮੇਸ਼ਾ ਗੱਲਬਾਤ ਕਰਨ ਲਈ ਤਿਆਰ ਹੈ। ਕੀ ਦੋਵਾਂ ਦੇਸ਼ਾਂ ਵਿਚਾਲੇ ਮਸਲੇ ਸੁਲਝ ਗਏ ਹਨ? ਇਨ੍ਹਾਂ ਮੁਲਾਕਾਤਾਂ ਤੇ ਸਮਝੌਤਿਆਂ ਦੇ ਬਾਵਜੂਦ ਅਜਿਹੇ ਕਿਹੜੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਅਜੇ ਵੀ ਸਾਫ ਤੇ ਸਪੱਸ਼ਟ ਨਹੀਂ ਹੈ। ਮੈਕਮੋਹਨ ਰੇਖਾ ਅੱਜ ਵੀ ਸਰਹੱਦੀ ਵਿਵਾਦ ’ਚ ਰੁਕਾਵਟ ਬਣੀ ਹੋਈ ਹੈ ਕਿਉਂਕਿ ਚੀਨ ਮੈਕਮੋਹਨ ਰੇਖਾ ਨੂੰ ਮਾਨਤਾ ਨਹੀਂ ਦਿੰਦਾ। ਭਾਰਤ ਚੀਨ ਵਿਚਾਲੇ ਸੀਮਾ ਰੇਖਾ ਲੱਗਭਗ ਸਾਢੇ ਤਿੰਨ ਹਜ਼ਾਰ ਕਿਲੋਮੀਟਰ ਲੰਮੀ ਹੈ; ਚੀਨ ਮਹਿਜ਼ ਦੋ ਹਜ਼ਾਰ ਕਿਲੋਮੀਟਰ ਦੱਸ ਕੇ ਭਾਰਤ ਦੇ ਲੱਦਾਖ ਤੇ ਅਰੁਣਾਚਲ ਪ੍ਰਦੇਸ਼ ’ਤੇ ਆਪਣਾ ਦਾਅਵਾ ਜਤਾਉਂਦਾ ਹੈ।
ਭਾਰਤ ਵੱਲ ਚੀਨ ਦਾ ਰਵੱਈਆ ਪਹਿਲਾਂ ਵੀ ਸ਼ੱਕ ਦੇ ਘੇਰੇ ਵਿਚ ਰਿਹਾ ਹੈ। ਚੀਨ ਆਪਣੇ ਹਿਤ ਤੇ ਵਿਕਾਸ ਦੇ ਨਾਂ ’ਤੇ ਜਿਹੜੇ ਫੈਸਲੇ ਕਰਦਾ ਹੈ, ਉਹ ਕਈ ਵਾਰ ਗੁਆਂਢੀ ਦੇਸ਼ਾਂ ਲਈ ਕਿਸੇ ਜੋਖ਼ਮ ਤੋਂ ਘੱਟ ਨਹੀਂ ਹੁੰਦੇ। ਇਹ ਸ਼ੱਕ ਇਸ ਲਈ ਵੀ ਪੈਦਾ ਹੁੰਦਾ ਹੈ ਕਿ ਸਰਹੱਦੀ ਇਲਾਕਿਆਂ ਵਿਚ ਚੀਨ ਦੀਆਂ ਗਤੀਵਿਧੀਆਂ ਉਸ ਦੇ ਅੰਦਰ ਲੁਕੀ ਵਿਸਥਾਰਵਾਦ ਦੀ ਭੁੱਖ ਨੂੰ ਦਰਸਾਉਂਦੀ ਹੈ। ਇਹੋ ਵਜ੍ਹਾ ਹੈ ਕਿ ਹੁਣ ਚੀਨ ਆਪਣੀ ਵਿਕਾਸ ਯਾਤਰਾ ਨੂੰ ਲੈ ਜਾਂਦਾ ਹੋਇਆ ਊਰਜਾ ਉਤਪਾਦਨ ਦੇ ਮਕਸਦ ਨਾਲ ਬ੍ਰਹਮਪੁੱਤਰ ਨਦੀ ’ਤੇ ਬੰਨ੍ਹ ਬਣਾ ਰਿਹਾ ਹੈ। ਇਸ ਬੰਨ੍ਹ ਜ਼ਰੀਏ ਚੀਨ ਹਰ ਸਾਲ ਤਿੰਨ ਸੌ ਅਰਬ ਕਿਲੋਵਾਟ ਪ੍ਰਤੀ ਘੰਟਾ ਬਿਜਲੀ ਪੈਦਾ ਕਰੇਗਾ। ਉਸ ਦੇ ਇਸ ਫੈਸਲੇ ਨਾਲ ਭਾਰਤ ਤੇ ਬੰਗਲਾ ਦੇਸ਼ ਦੀ ਚਿੰਤਾ ਵਧ ਗਈ ਹੈ ਕਿਉਂਕਿ ਬ੍ਰਹਮਪੁੱਤਰ ਨਦੀ ’ਤੇ ਚੀਨ ਵੱਲੋਂ ਪ੍ਰਸਤਾਵਤ ਡੈਮ ਬਣਨ ਨਾਲ ਬੰਗਲਾਦੇਸ਼ ਲਈ ਉਹ ਖਤਰੇ ਬਰਕਰਾਰ ਰਹਿਣਗੇ ਜਿਨ੍ਹਾਂ ਬਾਰੇ ਭਾਰਤ ਨੇ ਖਦਸ਼ੇ ਪ੍ਰਗਟਾਏ ਹਨ।
ਪਹਿਲੀ ਨਜ਼ਰੇ ਤਾਂ ਇਹ ਚੀਨ ਦੇ ਆਪਣੇ ਦਾਇਰੇ ’ਚ ਕੀਤੀ ਜਾ ਰਹੀ ਵਿਕਾਸ ਦੀ ਗਤੀਵਿਧੀ ਹੈ ਪਰ ਇਸ ਦੇ ਨਤੀਜੇ ਭਾਰਤ ਅਤੇ ਬੰਗਲਾਦੇਸ਼ ਦੇ ਸਾਹਮਣੇ ਕਈ ਤਰ੍ਹਾਂ ਦੇ ਜੋਖ਼ਮ ਤੇ ਹੋਰ ਚੁਣੌਤੀਆਂ ਪੈਦਾ ਕਰ ਸਕਦੇ ਹਨ। ਦਰਅਸਲ, ਯਾਰਲੁੰਗ ਜਾਂਗਬੋ ਨਦੀ ਭਾਰਤ ਵਿਚ ਅਰੁਣਾਚਲ ਪ੍ਰਦੇਸ਼ ਵੱਲ ਮੁੜਦੀ ਹੈ। ਬੰਨ੍ਹ ਬਣਨ ਬਾਅਦ ਜੇ ਚੀਨ ਇਸ ਦੇ ਪਾਣੀ ਨੂੰ ਕੰਟਰੋਲ ਕਰਦਾ ਹੈ ਤਾਂ ਇਸ ਦਾ ਸਿੱਧਾ ਅਸਰ ਭਾਰਤ ’ਤੇ ਪੈ ਸਕਦਾ ਹੈ; ਭਾਵ, ਇਸ ਤਰ੍ਹਾਂ ਚੀਨ ’ਤੇ ਭਾਰਤ ਦੀ ਨਿਰਭਰਤਾ ਵਧ ਜਾਵੇਗੀ। ਇਸੇ ਤਰ੍ਹਾਂ ਇਸ ਬੰਨ੍ਹ ਤੋਂ ਜੇ ਬੇਲਗਾਮ ਤਰੀਕੇ ਨਾਲ ਪਾਣੀ ਛੱਡਿਆ ਜਾਵੇਗਾ ਤਾਂ ਭਾਰਤ ਦੇ ਕਈ ਇਲਾਕਿਆਂ ਵਿਚ ਅਚਾਨਕ ਆਏ ਹੜ੍ਹ ਨਾਲ ਤਬਾਹੀ ਮਚ ਸਕਦੀ ਹੈ। ਭਾਰਤ ਦੀ ਇਸ ਚਿੰਤਾ ਨੂੰ ਲੈ ਕੇ ਦਾ ਬੰਗਲਾਦੇਸ਼ ਵੀ ਫਿਕਰਮੰਦ ਹੈ ਕਿਉਂਕਿ ਇਸੇ ਤਰ੍ਹਾਂ ਦਾ ਪ੍ਰਭਾਵ ਉਥੇ ਵੀ ਪਵੇਗਾ। ਉਂਝ, ਇਸ ਯੋਜਨਾ ਦਾ ਬਚਾਅ ਕਰਦੇ ਹੋਏ ਚੀਨ ਸਫਾਈ ਦੇ ਰਿਹਾ ਹੈ ਪਰ ਉਸ ਦੇ ਇਸ ਫੈਸਲੇ ਤੋਂ ਭਾਰਤ ਦੇ ਸਾਹਮਣੇ ਸ਼ੱਕ ਬਰਕਰਾਰ ਰਹੇਗਾ। ਭਾਰਤ ਨੂੰ ਚੀਨ ਦਾ ਰਵੱਈਆ ਅੱਜ ਤੱਕ ਵੀ ਭਰੋਸੇ ਯੋਗ ਨਹੀਂ ਲੱਗਦਾ।
ਮੀਡੀਆ ਰਿਪੋਰਟਾਂ ਮੁਤਾਬਕ ਫੌਜ ਦੇ ਉੱਚ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਫਰ ਜ਼ੋਨ ਇਲਾਕਿਆਂ ਵਿਚ ਹੁਣ ਵੀ ਸਥਿਤੀ ਪਹਿਲਾਂ ਵਰਗੀ, ਭਾਵ, 2020 ਤੋਂ ਪਹਿਲਾਂ ਵਰਗੀ ਨਹੀਂ ਬਣ ਸਕੀ। ਇਸ ਦਾ ਇਸ਼ਾਰਾ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਰਾਜ ਸਭਾ ਵਿਚ ਦਿੱਤੇ ਬਿਆਨ ਵਿਚ ਵੀ ਕੀਤਾ ਸੀ। ਖ਼ੈਰ! ਭਾਰਤ ਚੀਨ ਸਬੰਧਾਂ ’ਚ ਸੁਧਾਰ ਬਾਰੇ ਸ਼ੱਕ ਦੇ ਖ਼ਦਸ਼ੇ ਬਰਕਰਾਰ ਰਹਿਣਗੇ।
ਸੰਪਰਕ: 98140 82217