ਚੱਕ ਗਾਂਧਾ ਸਿੰਘ ਵਾਲਾ ’ਚ ਡਬਲ ਐੱਮਏ ਪ੍ਰਦੀਪ ਕੌਰ ਬਣੀ ਸਰਪੰਚ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ
ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿਚ ਔਰਤ ਲਈ ਰਾਖਵੀਂ ਸਰਪੰਚੀ ਦੀ ਚੋਣ ਦੌਰਾਨ ਬੀਏ, ਐਮਏ (ਪੰਜਾਬੀ), ਐਮਏ (ਪੱਤਰਕਾਰੀ) ਅਤੇ ਈਟੀਟੀ, ਟੈੱਟ ਪਾਸ ਪ੍ਰਦੀਪ ਕੌਰ ਨੂੰ ਲੋਕਾਂ ਨੇ ਸਰਪੰਚ ਚੁਣਿਆ ਹੈ। ਇਸ ਪਿੰਡ ਦੀਆਂ ਕੁੱਲ ਪਈਆਂ 1144 ਵੋਟਾਂ ਹਨ ਜਿਸ ਵਿੱਚੋਂ 979 ਵੋਟਾਂ ਭੁਗਤੀਆਂ ਜਿਨ੍ਹਾਂ ਵਿੱਚੋਂ ਪ੍ਰਦੀਪ ਕੌਰ ਨੂੰ 497 ਵੋਟਾਂ ਮਿਲੀਆਂ। ਪ੍ਰਦੀਪ ਕੌਰ ਨੇ ਜਿੱਤ ਉਪਰੰਤ ਆਪਣਾ ਪਹਿਲਾਂ ਕੀਤਾ ਵਾਅਦਾ ਦੁਹਰਾਇਆ ਕਿ ਉਹ ਨੌਕਰੀ ਦੀ ਥਾਂ ਸਮਾਜ ਸੇਵਾ ਨੂੰ ਪਹਿਲ ਦੇਵੇਗੀ। ਸਰਪੰਚੀ ਖੁਦ ਕਰੇਗੀ। ਕਿਸੇ ਮਰਦ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ। ਉਸਨੇ ਵੋਟਾਂ ਲਈ ਨਾ ਸ਼ਰਾਬ ਦਿੱਤੀ ਨਾ ਪੈਸਾ। ਉਸ ਨੇ ਕਿਹਾ ਕਿ ਉਸ ਦਾ ਸਿਰਫ ਇੱਕੋ ਟੀਚਾ ਪਿੰਡ ਦਾ ਵਿਕਾਸ ਹੈ। ਪ੍ਰਦੀਪ ਕੌਰ ਤੇ ਉਸ ਦਾ ਪਤੀ ਮੰਗਾ ਸਿੰਘ ਆਜ਼ਾਦ ਲੰਬੇ ਸਮੇਂ ਤੋਂ ਪੰਜਾਬ ਸਟੂਡੈਂਟ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵਿੱਚ ਕੰਮ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਈ ਸੰਘਰਸ਼ਾਂ ’ਚ ਹਿੱਸਾ ਲਿਆ। ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਟੀਚਾ ਪਿੰਡ ਦਾ ਵਿਕਾਸ, ਸਿੱਖਿਆ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਹੈ।