ਡਬਲ ਇੰਜਣ ਸਰਕਾਰ ਨੇ ਹਰਿਆਣਾ ਨੂੰ ‘ਅਪਰਾਧ ਦੀ ਰਾਜਧਾਨੀ’ ਬਣਾਇਆ: ਕਾਂਗਰਸ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਹਰਿਆਣਾ ਦੇ ਸਨਅਤੀ ਸ਼ਹਿਰ ਫਰੀਦਾਬਾਦ ਦੇ ਨੌਜਵਾਨ ਆਰੀਅਨ ਮਿਸ਼ਰਾ ਦੇ ਕਤਲ ਦੇ ਮੁੱਦੇ ’ਤੇ ਕਾਂਗਰਸ ਨੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਘੇਰਿਆ ਅਤੇ ਕਤਲ ਕਾਂਡ ਨੂੰ ਹਰਿਆਣਾ ਸਰਕਾਰ ਦੇ ਦਸ ਸਾਲ ਦੇ ਰਿਪੋਰਟ ਕਾਰਡ ਵਜੋਂ ਪੇਸ਼ ਕੀਤਾ। ਐਕਸ ’ਤੇ ਕਾਂਗਰਸ ਵੱਲੋਂ ਪੋਸਟ ਕੀਤਾ ਗਿਆ ਕਿ ਆਰੀਅਨ ਮਿਸ਼ਰਾ ਹਰਿਆਣਾ ਦੇ ਫਰੀਦਾਬਾਦ ਵਿੱਚ ਸ਼ਾਮ ਨੂੰ ਦੋਸਤਾਂ ਨਾਲ ਘੁੰਮਣ ਗਿਆ ਸੀ। ਰਸਤੇ ਵਿੱਚ ਗਊ ਰੱਖਿਅਕਾਂ ਨੇ ਗਊ ਹੱਤਿਆ ਦੇ ਸ਼ੱਕ ਵਿੱਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਾਂਗਰਸੀ ਆਗੂ ਵਿਜੈ ਪ੍ਰਤਾਪ ਫ਼ਰੀਦਾਬਾਦ ਨੇ ਐਕਸ ’ਤੇ ਦੱਸਿਆ ਕਿ ਇਹ ਹੈ ਹਰਿਆਣਾ ਦੀ ਭਾਜਪਾ ਸਰਕਾਰ ਦੇ 10 ਸਾਲਾਂ ਦਾ ਰਿਪੋਰਟ ਕਾਰਡ, ਜਿੱਥੇ ਦਿਨ ਦਿਹਾੜੇ ਸੜਕਾਂ ’ਤੇ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ। ਇੱਥੇ ਅਪਰਾਧੀ ਬੇਖੌਫ਼ ਘੁੰਮ ਰਹੇ ਹਨ। ਉਨ੍ਹਾਂ ਦੇ ਮਨ ਵਿਚ ਨਾ ਤਾਂ ਸਰਕਾਰ ਦਾ ਕੋਈ ਡਰ ਹੈ ਅਤੇ ਨਾ ਹੀ ਕਾਨੂੰਨ ਦਾ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਲਿਖਿਆ ਗਿਆ ਕਿ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨੇ ਹਰਿਆਣਾ ਨੂੰ ‘ਅਪਰਾਧ ਦੀ ਰਾਜਧਾਨੀ’ ਬਣਾ ਕੇ ਆਮ ਲੋਕਾਂ ਦਾ ਜੀਵਨ ਬਰਬਾਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਲਜ਼ਮਾਂ ਨੇ ਆਰੀਅਨ ਨੂੰ ਪਸ਼ੂ ਤਸਕਰ ਸਮਝ ਕੇ ਕਰੀਬ 30 ਕਿਲੋਮੀਟਰ ਕਾਰ ਦਾ ਪਿੱਛਾ ਕਰਕੇ ਗੋਲੀ ਮਾਰ ਦਿੱਤੀ ਸੀ। ਮਿਸ਼ਰਾ ਆਪਣੇ ਮਕਾਨ ਮਾਲਕ ਤੇ ਜਾਣਕਾਰਾਂ ਨਾਲ ਕਾਰ ਵਿੱਚ ਮੈਗੀ ਖਾਣ ਬੜਖਲ੍ਹ ਦੇ ਇਕ ਮਾਲ ਵਿੱਚ ਗਿਆ ਸੀ। ਕੁੱਟਮਾਰ ਮਗਰੋਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੰਜ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।