ਡਬਲ ਇੰਜਣ ਸਰਕਾਰ ਨੇ ਹਰਿਆਣਾ ਲਈ ਕੁਝ ਨਹੀਂ ਕੀਤਾ: ਮੇਵਾ ਸਿੰਘ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਜੁਲਾਈ
ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਪਿੰਡ ਸੁਨਾਰੀਆਂ ਵਿੱਚ 11.98 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਦਾ ਉਦਘਾਟਨ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਸੁਨਾਰੀਆਂ ਲਈ ਹੁਣ ਤੱਕ ਕਰੀਬ ਦੋ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ।
ਕੇਂਦਰੀ ਬਜਟ ’ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਨੇ ਹਰਿਆਣਾ ਨੂੰ ਕੁਝ ਨਹੀਂ ਦਿੱਤਾ, ਜੋ ਭਾਜਪਾ ਦੇ ਹਰਿਆਣਾ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ।
ਮੇਵਾ ਸਿੰਘ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਬਜਟ ਵਿੱਚ ਸੂਬੇ ਦਾ ਨਾਮ ਤੱਕ ਨਹੀਂ ਲਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਿੱਚ ਹੁੰਦਿਆਂ ਵੀ ਪਿੰਡ ਦੇ ਮੰਦਿਰ ਤੋਂ ਲੈ ਕੇ ਧਰਮ ਪਾਲ ਦੇ ਘਰ ਤੱਕ 11.98 ਲੱਖ ਰੁਪਏ ਦੀ ਲਾਗਤ ਨਾਲ ਗਲੀ ਦਾ ਨਿਰਮਾਣ ਕਰਵਾਇਆ ਹੈ। ਇਸੇ ਤਰ੍ਹਾਂ 7.77 ਲੱਖ ਰੁਪਏ ਦੀ ਲਾਗਤ ਨਾਲ ਕਾਲਵਾ ਰੋਡ ਤੋਂ ਧਰਮਬੀਰ ਜੋਗੀ ਦੇ ਘਰ ਤੱਕ ਗਲੀ ਬਣਾਉਣ ਤੋਂ ਇਲਾਵਾ ਮਾਰਕੀਟਿੰਗ ਬੋਰਡ ਤੋਂ ਬੀੜ ਕਾਲਵਾ ਰੋਡ ਤੱਕ 26.50 ਲੱਖ ਦੀ ਲਾਗਤ ਨਾਲ ਸੜਕ ਦਾ ਮੁੜ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਕਰੋੜ 53 ਲੱਖ ਦੀ ਲਾਗਤ ਨਾਲ ਅਕਾਲਗੜ੍ਹ ਤੋਂ ਵਾਇਆ ਬਾਬੈਨ ਸੜਕ ਦੇ ਕੰਮ ਨੂੰ ਮਨਜ਼ੂਰ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਹਲਕੇ ਵਿੱਚ ਪੀਡਬਲਯੂਡੀ ਦੀਆਂ 59 ਸੜਕਾਂ ਦੇ ਟੈਂਡਰ ਛੇ ਮਹੀਨੇ ਪਹਿਲਾਂ ਹੋਏ ਸਨ ਅਤੇ 39 ਸੜਕਾਂ ਦੀ ਟੈਂਡਰ ਪ੍ਰਕਿਰਿਆ ਜਾਰੀ ਹੈ। ਇਸ ਮੌਕੇ ਸਰਪੰਚ ਵਿਕਰਮ ਸਿੰਘ, ਕਰਨੈਲ ਸਿੰਘ, ਸੁਰਮੁੱਖ ਸਿੰਘ, ਫਿਰੋਜ ਖਾਨ, ਅਸ਼ੋਕ ਕੁਮਾਰ, ਕੁਲਦੀਪ ਸਿੰਘ, ਹੁਸਨ ਪਾਲ, ਹਾਕਮ ਸਿੰਘ, ਰਾਕੇਸ਼ ਕੁਮਾਰ, ਬੁੱਧ ਰਾਮ ਹਾਜ਼ਰ ਸਨ।