ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਇਡੂ ਲਈ ਦੋਹਰਾ ਲਾਭ

08:04 AM Jun 13, 2024 IST

ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਸੁਪਰੀਮੋ ਐੱਨ ਚੰਦਰਬਾਬੂ ਨਾਇਡੂ ਲਈ ਇਸ ਵੇਲੇ ‘ਦੋਵਾਂ ਹੱਥਾਂ ਵਿੱਚ ਲੱਡੂ ਹੋਣ’ ਵਾਲੀ ਸਥਿਤੀ ਹੈ। ਉਹ ਨਾ ਸਿਰਫ਼ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਹਨ ਬਲਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਹਿਮ ਹਿੱਸੇਦਾਰ ਵਜੋਂ ਵੀ ਉੱਭਰੇ ਹਨ। ਬੁੱਧਵਾਰ ਨੂੰ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਹੋਰ ਆਗੂਆਂ ਦੀ ਹਾਜ਼ਰੀ ’ਚ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਤੇਲਗੂ ਦੇਸਮ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਜਨਸੈਨਾ ਪਾਰਟੀ ਦੇ ਗੱਠਜੋੜ ਨੇ ਹਾਲ ਹੀ ਵਿੱਚ ਇਸ ਦੱਖਣੀ ਰਾਜ ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ’ਚ ਇੱਕੋ ਵੇਲੇ ਜ਼ੋਰਦਾਰ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਲੋਕ ਸਭਾ ਦੀਆਂ 25 ਵਿਚੋਂ 21 ਅਤੇ ਵਿਧਾਨ ਸਭਾ ਦੀਆਂ 175 ਵਿਚੋਂ 164 ਸੀਟਾਂ ਹਾਸਿਲ ਕੀਤੀਆਂ ਹਨ। ਜਿ਼ਕਰਯੋਗ ਹੈ ਕਿ ਆਂਧਰਾ ਵਿਧਾਨ ਸਭਾ ਵਿੱਚ ਤੇਲਗੂ ਦੇਸਮ ਪਾਰਟੀ ਕੋਲ ਆਪਣੇ ਦਮ ’ਤੇ ਹੀ 135 ਵਿਧਾਇਕਾਂ ਨਾਲ ਸੰਪੂਰਨ ਬਹੁਮਤ ਹੈ।
ਇਸ ਸਾਰੇ ਕਥਾਨਕ ਵਿੱਚ ਨਾਇਡੂ ਦੇ ਗ਼ੈਰ-ਸਾਧਾਰਨ ਰੁਤਬੇ ਤੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਉਹ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦਿਵਾਉਣ ਦੇ ਆਪਣੇ ਵਾਅਦੇ ਨੂੰ ਅਮਲੀ ਰੂਪ ਦੇਣ ਲਈ ਸ਼ਾਇਦ ਪ੍ਰਧਾਨ ਮੰਤਰੀ ਮੋਦੀ ’ਤੇ ਦਬਾਅ ਬਣਾ ਸਕਦੇ ਹਨ। ਕਾਂਗਰਸ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਿਆ ਹੋਇਆ ਹੈ ਜਿਸ ਦਾ ਕਹਿਣਾ ਹੈ ਕਿ ਉਹ (ਮੋਦੀ) ਇਸ ਸਬੰਧੀ ਮਾਰਚ 2014 ’ਚ ਤਿਰੂਪਤੀ ਵਿੱਚ ਕੀਤਾ ਵਾਅਦਾ ਪੂਰਾ ਕਰਨ ਵਿੱਚ ਨਾਕਾਮ ਹੋਏ ਹਨ। ਆਂਧਰਾ ਵੱਲੋਂ ਵਿਸ਼ੇਸ਼ ਦਰਜੇ ਦੀ ਮੰਗ ਦਾ ਆਧਾਰ ਰਾਜ ਦੀ ਵੰਡ ਕਾਰਨ ਹੋਇਆ ਮਾਲੀਏ ਦਾ ਨੁਕਸਾਨ ਹੈ। ਇਸੇ ਵੰਡ ’ਚੋਂ ਫਰਵਰੀ 2014 ਵਿਚ ਆਂਧਰਾ ਪ੍ਰਦੇਸ਼ ਪੁਨਰਗਠਨ ਕਾਨੂੰਨ ਤਹਿਤ ਤਿਲੰਗਾਨਾ ਰਾਜ ਦਾ ਜਨਮ ਹੋਇਆ ਸੀ। ਐੱਨਡੀਏ ਦੇ ਸ਼ਾਸਨ ਵਾਲਾ ਇੱਕ ਹੋਰ ਰਾਜ ਬਿਹਾਰ ਵੀ ਵਿਸ਼ੇਸ਼ ਦਰਜਾ ਮੰਗ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਕੈਬਨਿਟ ਇਸ ਸਬੰਧੀ ਨਵੰਬਰ 2023 ਵਿੱਚ ਮਤਾ ਪਾਸ ਕਰ ਚੁੱਕੀ ਹੈ। ਮੋਦੀ 3.0 ਸਰਕਾਰ ਦੀ ਸਥਿਰਤਾ ਕਾਫੀ ਹੱਦ ਤੱਕ ਇਸ ਗੱਲ ਉੱਤੇ ਨਿਰਭਰ ਹੈ ਕਿ ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਆਪੋ-ਆਪਣੇ ਸੂਬਿਆਂ ਦੇ ਹਿੱਤਾਂ ਲਈ ਕਿੱਥੋਂ ਤੱਕ ਜਾਂਦੇ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਇਹ ਖ਼ਬਰਾਂ ਜੰਗਲ ਦੀ ਅੱਗ ਵਾਂਗ ਫੈਲੀਆਂ ਸਨ ਕਿ ਵਿਰੋਧੀ ਧਿਰ ਦੇ ਆਗੂ ਇਨ੍ਹਾਂ ਦੋਹਾਂ ਆਗੂਆਂ ਨਾਲ ਰਾਬਤਾ ਬਣਾ ਰਹੇ ਹਨ ਪਰ ਛੇਤੀ ਹੀ ਦੋਹਾਂ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਐੱਨਡੀਏ ਨਾਲ ਹੀ ਰਹਿਣਗੇ।
ਇਸ ਦੇ ਉਲਟ ਉੜੀਸਾ ਵਿੱਚ ਭਾਜਪਾ ਲਈ ਚੀਜ਼ਾਂ ਕਾਫੀ ਸਰਲ ਅਤੇ ਸਿੱਧੀਆਂ ਹਨ ਜਿੱਥੇ ਕਬਾਇਲੀ ਆਗੂ ਮੋਹਨ ਚਰਨ ਮਾਝੀ ਨੇ ਰਾਜ ਵਿੱਚ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ। ਭਗਵਾ ਪਾਰਟੀ ਨੇ ਨਵੀਨ ਪਟਨਾਇਕ ਦੀ ਅਗਵਾਈ ਵਾਲੇ ਬੀਜੂ ਜਨਤਾ ਦਲ ਦੇ ਲੰਮੇ ਸ਼ਾਸਨ ਨੂੰ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਨਾਲ ਖ਼ਤਮ ਕੀਤਾ ਹੈ। ਨਵੀਨ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਉੜੀਸਾ ਵੱਲੋਂ ਕੀਤੀ ਤਰੱਕੀ ਦੀ ਰਫ਼ਤਾਰ ਨੂੰ ਕਾਇਮ ਰੱਖਣਾ ਮਾਝੀ ਲਈ ਚੁਣੌਤੀ ਹੋਵੇਗਾ।

Advertisement

Advertisement
Advertisement