ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨ੍ਹੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ...

11:31 AM Jun 26, 2024 IST
ਸੋਹਣ ਮਾਨ ਯਾਦਗਾਰੀ ਨਾਟਕ ਮੇਲੇ ਵਿੱਚ ਹਿੱਸਾ ਲੈਣ ਵਾਲੇ ਬੱਚੇ ਮੇਲਾ ਪ੍ਰਬੰਧਕਾਂ ਨਾਲ

ਕੈਲਗਰੀ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 13ਵਾਂ ਸਾਲਾਨਾ ਸੋਹਣ ਮਾਨ ਯਾਦਗਾਰੀ ਨਾਟਕ ਮੇਲਾ ਕਰਵਾਇਆ ਗਿਆ। ਇਹ ਮੇਲਾ ਹਰ ਪੱਖੋਂ ਯਾਦਗਾਰੀ ਹੋ ਨਿੱਬੜਿਆ। ਕੈਲਗਰੀ ਨਿਵਾਸੀਆਂ ਵੱਲੋਂ ਇਸ ਮੇਲੇ ਨੂੰ ਉਡੀਕਿਆ ਜਾਣ ਲੱਗ ਪਿਆ ਹੈ। ਇਸ ਵਾਰ ਦਾ ਮੇਲਾ ਕਲਾ ਦੀਆਂ ਵਿਲੱਖਣ ਵੰਨਗੀਆਂ ਨਾਲ ਭਰਪੂਰ ਰਿਹਾ।
ਮੇਲੇ ਦੀ ਸ਼ੁਰੂਆਤ ਪੰਜਾਬੀ ਮਾਂ ਬੋਲੀ ਦੇ ਅਜ਼ੀਮ ਸ਼ਾਇਰ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਕੀਤੀ ਗਈ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ ਹਰਕੇਸ਼ ਚੌਧਰੀ ਨੇ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸੁਰਜੀਤ ਪਾਤਰ ਦੀ ਸਮੁੱਚੀ ਕਵਿਤਾ ਮਨੁੱਖੀ ਵੇਦਨਾ-ਸੰਵੇਦਨਾ ਦੀ ਕਵਿਤਾ ਹੈ। ਹਨੇਰਿਆਂ ਨੂੰ ਚੀਰ ਕੇ ਮਨੁੱਖੀ ਜ਼ਿੰਦਗੀ ਨੂੰ ਰੌਸ਼ਨ ਕਰਨ ਦੀ ਗੱਲ ਕਰਨ ਵਾਲੀ ਹੈ। ਇਸ ਉਪਰੰਤ ਪਹਿਲੀ ਕੋਰੀਓਗ੍ਰਾਫੀ ‘ਦੁੱਖ ਪੰਜਾਬ ਦਾ’ ਪੇਸ਼ ਕੀਤੀ ਗਈ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਭਜਨ ਸਿੰਘ ਨੇ ਆਏ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਕਿਵੇਂ ਕਾਰਪੋਰੇਟ ਜਗਤ ਦੁਨੀਆ ਭਰ ਵਿੱਚ ਕਿਰਤੀਆਂ ਦਾ ਕਚੂੰਮਰ ਕੱਢ ਰਿਹਾ ਹੈ। ਇਸ ਤੋਂ ਉਪਰੰਤ ਕੈਲਗਰੀ ਦੇ ਜੰਮਪਲ ਬੱਚਿਆਂ ਨੇ ਇੱਕ ਸਕਿੱਟ ‘ਖੇਡ ਖੇਡ ਵਿੱਚ’ ਕਮਲਪ੍ਰੀਤ ਪੰਧੇਰ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੀ। ਬੱਚਿਆਂ ਦੀ ਇਹ ਪੇਸ਼ਕਾਰੀ ਵੱਡਿਆਂ ਨੂੰ ਸਮਝਾ ਗਈ ਕਿ ਦੇਖਿਓ ਕਿਤੇ ਡਾਲਰਾਂ ਦੀ ਦੌੜ ਵਿੱਚ ਫਸ ਕੇ ਬੱਚਿਆਂ ਰੂਪੀ ਫੁੱਲਾਂ ਨੂੰ ਨਾ ਮੁਰਝਾ ਦਿਓ।
ਇਸ ਦੇ ਨਾਲ ਹੀ ਅਗਲਾ ਨਾਟਕ ਗੁਰਦਿਆਲ ਸਿੰਘ ਫੁੱਲ ਦੀ ਰਚਨਾ ‘ਇਹ ਲਹੂ ਕਿਸਦਾ ਹੈ’ ਪੇਸ਼ ਕੀਤਾ ਗਿਆ। ਭੰਡਾਂ ਦੀ ਜੋੜੀ ਦੇ ਰੂਪ ਵਿੱਚ ਰੇਡੀਓ ਹੋਸਟ ਰਿਸ਼ੀ ਨਾਗਰ ਅਤੇ ਕਮਲਪ੍ਰੀਤ ਪੰਧੇਰ ਦੀ ਜੁਗਲਬੰਦੀ ਨੇ ਲੋਕਾਂ ਨੂੰ ਹਸਾ ਹਸਾ ਕੇ ਲੋਟ-ਪੋਟ ਕਰ ਦਿੱਤਾ। ਅੰਤ ਵਿੱਚ ਇਹ ਨਾਟਕ ਕਿਰਤ ਦੀ ਸਰਦਾਰੀ ਦਾ ਸੰਦੇਸ਼ ਦੇਣ ਵਿੱਚ ਸਫਲ ਰਿਹਾ। ਇਹ ਵੀ ਦੱਸਣ ਵਿੱਚ ਕਾਮਯਾਬ ਰਿਹਾ ਕਿ ਗੁਰੂ ਨਾਨਕ ਦੇਵ ਜੀ ਭਾਈ ਲਾਲੋਆਂ ਨਾਲ ਖੜ੍ਹੇ ਹਨ। ਇਸ ਉਪਰੰਤ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ਪਹਿਲੀ ਕਿਤਾਬ ਜਸਵੰਤ ਸਿੰਘ ਜਗੈਤ ਦਾ ਕਾਵਿ ਸੰਗ੍ਰਹਿ ‘ਕਾਲੇ ਲਿਖ ਨਾ ਲੇਖ’ ਰਿਲੀਜ਼ ਕੀਤਾ ਗਿਆ ਅਤੇ ਦੂਸਰੀ ਕਿਤਾਬ ਗ਼ਦਰ ਲਹਿਰ ਦੇ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਦੀ ਸੰਘਰਸ਼ ਭਰੀ ਜ਼ਿੰਦਗੀ ’ਤੇ ਆਧਾਰਿਤ ‘ਦਾਸਤਾਨ ਏ ਗ਼ਦਰ’ ਸੀ ਜੋ ਲੇਖਕ ਬਲਬੀਰ ਸਿੰਘ ਲੌਂਗੋਵਾਲ ਵੱਲੋਂ ਲਿਖੀ ਗਈ ਹੈ। ਇਨ੍ਹਾਂ ਕਿਤਾਬਾਂ ਨੂੰ ਮਾਸਟਰ ਭਜਨ ਸਿੰਘ, ਹਰਚਰਨ ਸਿੰਘ ਪ੍ਰਹਾਰ, ਰਿਸ਼ੀ ਨਾਗਰ, ਕਮਲਪ੍ਰੀਤ ਪੰਧੇਰ, ਗੁਰਸ਼ਰਨ ਢੁੱਡੀਕੇ, ਜਗਮੀਤ ਪੰਧੇਰ, ਗੁਰਨਾਮ ਮਾਨ ਅਤੇ ਹਰਕੇਸ਼ ਚੌਧਰੀ ਨੇ ਰਿਲੀਜ਼ ਕੀਤਾ।
ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਬਾਨੀ ਪ੍ਰਧਾਨ ਸੋਹਣ ਮਾਨ ਨੂੰ ਸੰਸਥਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਮੰਚ ’ਤੇ ਸੋਹਣ ਮਾਨ ਦੀ ਫੋਟੋ ’ਤੇ ਫੁੱਲ ਅਰਪਿਤ ਕੀਤੇ ਗਏ। ਇਸ ਮੌਕੇ ’ਤੇ ਜਸਵਿੰਦਰ ਕੌਰ ਮਾਨ ਪ੍ਰਧਾਨ, ਮਾਸਟਰ ਭਜਨ ਸਿੰਘ, ਕਮਲਪ੍ਰੀਤ ਪੰਧੇਰ, ਹਰਚਰਨ ਸਿੰਘ ਪ੍ਰਹਾਰ, ਰਿਸ਼ੀ ਨਾਗਰ, ਕਮਲ ਸਿੱਧੂ, ਨਵਕਿਰਨ ਢੁੱਡੀਕੇ, ਬਨਦੀਪ ਗਿੱਲ, ਹਰੀਪਾਲ, ਗੋਪਾਲ ਕਾਉਂਕੇ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ।
ਇਸ ਉਪਰੰਤ ਹਰਪ੍ਰੀਤ ਕੌਰ ਅਤੇ ਸਲੋਨੀ ਗੌਤਮ ਨੇ ਆਪਣੀ ਕਵਿਤਾ ਪੇਸ਼ ਕੀਤੀ। ਸਮਾਗਮ ਦੀ ਅਗਲੀ ਪੇਸ਼ਕਾਰੀ ਨਾਟਕ ‘ਅੱਲ੍ਹੜ ਉਮਰਾਂ ਘੁੱਪ ਹਨੇਰੇ’ ਦੀ ਸੀ। ਨਾਟਕ ਨੇ ਦਰਸ਼ਕਾਂ ਨੂੰ ਜਿੱਥੇ ਹਸਾਇਆ, ਉੱਥੇ ਅੱਲ੍ਹੜ ਉਮਰਾਂ ਵਿੱਚ ਜਵਾਨ ਪੁੱਤਾਂ ਨੂੰ ਲੱਗੇੇ ਨਸ਼ੇ ਦੇ ਰੋਗ ਨਾਲ ਮੌਤ ਦੇ ਮੂੰਹ ਵਿੱਚ ਜਾਣ ਦੀ ਦਰਦਨਾਕ ਕਹਾਣੀ ਨੂੰ ਵੀ ਬਿਆਨ ਕੀਤਾ। ਨਾਟਕ ਦਾ ਲੇਖਕ ਤੇ ਨਿਰਦੇਸ਼ਕ ਹਰਕੇਸ਼ ਚੌਧਰੀ ਆਪਣੀ ਗੱਲ ਕਹਿਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਇਸ ਮੌਕੇ ’ਤੇ ਹਰਕੇਸ਼ ਚੌਧਰੀ ਦਾ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਯੋਗਦਾਨ ਲਈ ਸਾਰੇ ਕਲਾਕਾਰਾਂ ਵੱਲੋਂ ਸਨਮਾਨ ਕੀਤਾ ਗਿਆ। ਅੰਤ ਵਿੱਚ ਰਿਸ਼ੀ ਨਾਗਰ ਨੇ ਆਪਣੇ ਵਿਚਾਰ ਪੇਸ਼ ਕੀਤੇ।
ਮਾਸਟਰ ਭਜਨ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਦੋ ਮਤੇ ਪੇਸ਼ ਕੀਤੇ। ਪਹਿਲੇ ਮਤੇ ਰਾਹੀਂ ਪੱਛਮੀ ਸਾਮਰਾਜੀ ਦੇਸ਼ਾਂ ਦੀ ਮਿਲੀ ਭੁਗਤ ਅਤੇ ਫ਼ੌਜੀ ਵਿੱਤੀ ਮਦਦ ਨਾਲ ਪਿਛਲੇ ਅੱਠ ਮਹੀਨੇ ਤੋਂ ਗਾਜ਼ਾ ਪੱਟੀ ਵਿੱਚ 37000 ਤੋਂ ਵੱਧ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਕਿ ਫਲਸਤੀਨੀ ਸਰਜ਼ਮੀਨ ਤੋਂ ਇਜ਼ਰਾਇਲ ਦਾ ਕਬਜ਼ਾ ਹਟਾਇਆ ਜਾਵੇ। ਦੂਜਾ ਮਤਾ ਸੀ ਕਿ ਅੱਜ ਦਾ ਇਹ ਇਕੱਠ ਆਲਮੀ ਪੱਧਰ ’ਤੇ ਮਕਬੂਲ ਲੇਖਕਾ ਅਰੁੰਧਤੀ ਰਾਏ ਵਿਰੁੱਧ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੱਲੋਂ ਯੂਏਪੀਏ ਤਹਿਤ ਮੁਕੱਦਮਾ ਚਲਾਏ ਜਾਣ ਦੀ ਮਨਜ਼ੂਰੀ ਦੇਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਦੁਨੀਆ ਭਰ ਦੇ ਇਨਸਾਫ਼ ਪਸੰਦ ਲੋਕ ਜਮਹੂਰੀ ਹੱਕਾਂ ਦੇ ਇਸ ਘਾਣ ਦਾ ਡਟ ਕੇ ਵਿਰੋਧ ਕਰਨਗੇ। ਅਸੀਂ ਮੰਗ ਕਰਦੇ ਹਾਂ ਕ ਭਾਰਤ ਸਰਕਾਰ ਇਹ ਮੁਕੱਦਮਾ ਤੁਰੰਤ ਰੱਦ ਕਰੇ ਅਤੇ ਜੇਲ੍ਹਾਂ ਵਿੱਚ ਡੱਕੇ ਸਾਰੇ ਬੁੱਧੀਜੀਵੀਆਂ, ਹੱਕਾਂ ਦੇ ਪਹਿਰੇਦਾਰਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰੇ। ਨਾਅਰਿਆਂ ਦੀ ਗੂੰਜ ਵਿੱਚ ਦੋਵੇਂ ਮਤੇ ਪਾਸ ਕੀਤੇ ਗਏ। ਮਾਸਟਰ ਭਜਨ ਸਿੰਘ ਨੇ ਆਏ ਹੋਏ ਦਰਸ਼ਕਾਂ, ਸਹਿਯੋਗੀ ਸੰਸਥਾ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ।

Advertisement

ਖ਼ਬਰ ਸਰੋਤ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ

Advertisement
Advertisement
Advertisement