ਹਾਂ ਕਹਿ ਦੇ ਨਾ
ਇਹ ਕਹਾਣੀ, ਉਹ ਸੱਚ ਜੋ ਅਸੀਂ ਜਾਣਦੇ ਹਾਂ ਅਤੇ ਉਹ ਸੱਚ ਜਿਸਨੂੰ ਅਸੀਂ ਮਹਿਸੂਸਦੇ ਹਾਂ ਵਿੱਚ ਤਾਲਮੇਲ ਬਿਠਾਉਣ ਦੇ ਔਖੇ ਅਭਿਆਸ ਵਿੱਚ ਪੈਣ ਵਾਲੇ, ਬਲਕਿ ਇਸੇ ਨੂੰ ਆਪਣੀਆਂ ਕਹਾਣੀਆਂ ਦਾ ਥੀਮ ਬਣਾਉਣ ਵਾਲੇ ਅਮਰੀਕੀ ਕਹਾਣੀਕਾਰ ਟੌਬੀਅਸ ਵੁਲਫ਼ ਦੀ ਲਿਖੀ ਹੋਈ ਹੈ। ਪਾਤਰਾਂ ਦੇ ਸੱਚੇ ਸੁੱਚੇ ਅਹਿਸਾਸਾਂ ਅਤੇ ਨੈਤਿਕ ਭੰਬਲਭੂਸਿਆਂ ਨੂੰ ਨਸ਼ਰ ਕਰਨ ਲਈ ਕਹਾਣੀ ਵਿੱਚ ਲਹਿਜੇ ਅਤੇ ਨਜ਼ਰੀਏ ਦੀਆਂ ਕਈ ਕਈ ਪਰਤਾਂ ਦੀ ਵਰਤੋਂ ਬਾਕਮਾਲ ਹੈ।
ਇਸ ਕਹਾਣੀ ਦਾ ਹਿੰਦੀ ਵਿੱਚ ਅਨੁਵਾਦ ਸ੍ਰੀ ਯਾਦਵੇਂਦਰ ਨੇ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਰੂਪ ਡਾਕਟਰ ਧਨਵੰਤ ਕੌਰ (94172-43245) ਨੇ ਦਿੱਤਾ ਹੈ।
ਰਸੋਈ ਵਿੱਚ ਖੜ੍ਹੇ ਅਜੇ ਹੁਣੇ ਉਹ ਦੋਵੇਂ ਭਾਂਡੇ ਧੋ ਰਹੇ ਸਨ। ਉਸਦੀ ਪਤਨੀ ਭਾਂਡਿਆਂ ਨੂੰ ਧੋ ਰਹੀ ਸੀ, ਉਹ ਸੁਕਾ ਰਿਹਾ ਸੀ। ਕੱਲ੍ਹ ਰਾਤ ਉਸਨੇ ਬਰਤਨ ਸਾਫ਼ ਕੀਤੇ ਸਨ। ਉਸਦੀ ਜਾਣ ਪਛਾਣ ਦੇ ਲੋਕਾਂ ਵਿੱਚ ਘੱਟ ਹੀ ਅਜਿਹੇ ਸਨ, ਜਿਹੜੇ ਘਰ ਦਾ ਕੰਮਕਾਜ ਕਰਦੇ ਸਨ। ਅਜੇ ਕੁਝ ਦਿਨ ਪਹਿਲਾਂ ਦੀ ਗੱਲ ਹੈ, ਪਤਨੀ ਦੀ ਸਹੇਲੀ ਕਹਿ ਰਹੀ ਸੀ ਕਿ ਤੂੰ ਬੜੀ ਕਿਸਮਤ ਵਾਲੀ ਏਂ, ਤੇਰਾ ਘਰ ਵਾਲਾ ਇੰਨਾ ਮਦਦਗਾਰ ਹੈ, ਤੇਰਾ ਹੱਥ ਵਟਾਉਂਦਾ ਹੈ। ਇਹ ਗੱਲ ਉਸਨੇ ਦੂਸਰੇ ਕਮਰੇ ਵਿੱਚ ਬੈਠਿਆਂ ਸੁਣ ਲਈ ਸੀ। ਉਸ ਤੋਂ ਬਾਅਦ ਉਸ ਨੂੰ ਲੱਗਾ ਸੀ ਕਿ ਜਿਵੇਂ ਉਸਦੀ ਸਹੇਲੀ ਕਹਿ ਰਹੀ ਸੀ, ਉਸ ਨੂੰ ਉਵੇਂ ਦਾ ਹੀ ਬਣਨਾ ਚਾਹੀਦਾ ਹੈ। ਉਸਨੂੰ ਲੱਗਾ ਕਿ ਭਾਂਡੇ ਸਾਫ਼ ਕਰਨ ਅਤੇ ਸੰਭਾਲਣ ਦਾ ਕੰਮ ਇੱਕ ਇਹੋ ਜਿਹਾ ਮਾਧਿਅਮ ਹੈ, ਜਿਸ ਰਾਹੀਂ ਉਹ ਇਹ ਸਾਬਤ ਕਰ ਸਕਦਾ ਹੈ ਕਿ ਉਹ ਸੱਚਮੁੱਚ ਹੀ ਇੱਕ ਸਮਝਦਾਰ ਅਤੇ ਮਦਦਗਾਰ ਪਤੀ ਹੈ।
ਕੰਮ ਕਰਦਿਆਂ ਉਹ ਅੱਡ ਅੱਡ ਵਿਸ਼ਿਆਂ ’ਤੇ ਗੱਲਬਾਤ ਕਰ ਰਹੇ ਸਨ, ਪਰ ਅਚਾਨਕ ਉਨ੍ਹਾਂ ਦੀ ਗੱਲਬਾਤ ਇਸ ਬਿੰਦੂ ’ਤੇ ਆ ਕੇ ਟਿਕ ਗਈ ਕਿ ਗੋਰੇ ਲੋਕਾਂ ਨੂੰ ਕਾਲੇ ਲੋਕਾਂ ਨਾਲ ਸ਼ਾਦੀ ਕਰਨੀ ਚਾਹੀਦੀ ਹੈ ਜਾਂ ਨਹੀਂ। ਉਸਨੇ ਆਪਣੀ ਰਾਏ ਦਿੱਤੀ ਕਿ ਸਾਰੇ ਪੱਖਾਂ ’ਤੇ ਗੌਰ ਕਰਨ ਤੋਂ ਬਾਅਦ ਉਸ ਨੂੰ ਇਹ ਵਿਚਾਰ ਸਹੀ ਨਹੀਂ ਲੱਗ ਰਿਹਾ।
‘‘ਕਿਉਂ?’’ ਉਸਦੀ ਪਤਨੀ ਨੇ ਤਪਾਕ ਨਾਲ ਪੁੱਛਿਆ।
ਕਈ ਵਾਰ ਉਸਦੀ ਪਤਨੀ ਆਪਣੇ ਭਰਵੱਟਿਆਂ ਨੂੰ ਤਿਰਛਾ ਕਰਕੇ, ਹੇਠਲਾ ਬੁੱਲ੍ਹ ਘੁੱਟ ਕੇ ਉਸਨੂੰ ਇੰਝ ਹੀ ਘੂਰਦੀ ਹੈ, ਜਿਵੇਂ ਉਸ ਵੇਲੇ ਕਰ ਰਹੀ ਸੀ। ਆਪਣੀ ਪਤਨੀ ਦਾ ਇਹ ਰੌਂਅ ਦੇਖ ਕੇ ਉਸਨੇ ਇਹੀ ਠੀਕ ਸਮਝਿਆ ਕਿ ਉਹ ਆਪਣਾ ਮੂੰਹ ਬੰਦ ਰੱਖੇ, ਇਸ ਵਿਸ਼ੇ ’ਤੇ ਅੱਗੇ ਹੋਰ ਕੁਝ ਨਾ ਬੋਲੇ। ਪਰ ਇੰਜ ਕਰਨਾ ਸੰਭਵ ਨਾ ਹੋ ਸਕਿਆ। ਜਿਸ ਮੁੱਦੇ ’ਤੇ ਗੱਲ ਸ਼ੁਰੂ ਹੋਈ ਸੀ, ਉਹ ਅੱਗੇ ਵਧਦੀ ਹੀ ਗਈ। ਪਤਨੀ ਦੇ ਚਿਹਰੇ ’ਤੇ ਉਹੀ ਤਿੱਖਾ ਰੌਂਅ ਕਾਇਮ ਸੀ।
‘‘ਕਿਉਂ?’’ ਇੱਕ ਬਰਤਨ ਦੇ ਅੰਦਰ ਹੱਥ ਪਾ ਕੇ ਸਾਫ਼ ਕਰਦੀ ਪਤਨੀ ਨੇ ਪਲ ਭਰ ਠਹਿਰ ਕੇ ਪੁੱਛਿਆ।
‘‘ਸੁਣੋ’’, ਉਸਨੇ ਕਿਹਾ, ‘‘ਮੈਂ ਆਪਣੇ ਸਕੂਲ ਵਿੱਚ ਕਾਲੇ ਮੁੰਡਿਆਂ ਨਾਲ ਪੜ੍ਹਿਆ ਹਾਂ। ਮੈਂ ਕਾਲਿਆਂ ਨਾਲ ਕੰਮ ਕੀਤਾ ਹੈ ਅਤੇ ਮੈਨੂੰ ਕਦੇ ਕੋਈ ਦਿੱਕਤ ਨਹੀਂ ਆਈ। ਸਾਡੇ ਵਿਚਾਲੇ ਬਹੁਤ ਚੰਗੇ ਸਬੰਧ ਰਹੇ ਹਨ। ਇਹ ਗੱਲ ਮੈਂ ਤੈਨੂੰ ਇਸ ਲਈ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਤੇਰੇ ਮਨ ਵਿੱਚ ਇਹ ਗਲਤਫ਼ਹਿਮੀ ਪੈਦਾ ਨਾ ਹੋ ਜਾਵੇ ਕਿ ਮੈਂ ਗੋਰਿਆਂ ਕਾਲਿਆਂ ਵਿਚਾਲੇ ਫਰਕ ਕਰਨ ਵਾਲਾ ਨਸਲਵਾਦੀ ਹਾਂ।’’
‘‘ਮੈਂ ਤਾਂ ਇੰਜ ਦਾ ਕੁਝ ਨਹੀਂ ਕਿਹਾ’’, ਪਤਨੀ ਨੇ ਜਵਾਬ ਦਿੱਤਾ ਅਤੇ ਮੁੜ ਹੱਥ ਘੁਮਾ ਘੁਮਾ ਭਾਂਡੇ ਸਾਫ਼ ਕਰਨ ਲੱਗੀ, ‘‘ਮੈਂ ਤਾਂ ਬਸ ਇੰਨਾ ਮੰਨਦੀ ਹਾਂ ਕਿ ਜੇ ਕੋਈ ਗੋਰਾ ਇਨਸਾਨ ਕਾਲੇ ਇਨਸਾਨ ਨਾਲ ਵਿਆਹ ਕਰਦਾ ਹੈ ਤਾਂ ਇਸ ਵਿੱਚ ਕੁਝ ਵੀ ਗ਼ਲਤ ਨਹੀਂ। ਬਸ ਇੰਨੀ ਕੁ ਗੱਲ ਹੈ।’’
‘‘ਉਹ ਦੋਵੇਂ ਅਲੱਗ ਅਲੱਗ ਸੱਭਿਅਤਾ ਵਾਲੇ ਲੋਕ ਹਨ। ਸਾਡੇ ਵਾਂਗ ਦੋਵੇਂ ਇੱਕੋ ਸੱਭਿਆਚਾਰ ਨਾਲ ਸਬੰਧ ਨਹੀਂ ਰੱਖਦੇ। ਕਦੇ ਉਨ੍ਹਾਂ ਦੀ ਗੱਲਬਾਤ ਸੁਣੋ, ਉਨ੍ਹਾਂ ਦੀ ਜ਼ੁਬਾਨ ਸਾਡੇ ਨਾਲੋਂ ਵੱਖਰੀ ਹੁੰਦੀ ਹੈ। ਉਂਝ ਮੈਨੂੰ ਇਸ ਬਾਰੇ ਕੋਈ ਦਿੱਕਤ ਨਹੀਂ। ਮੈਂ ਉਨ੍ਹਾਂ ਨਾਲ ਗੱਲਬਾਤ ਕਰ ਸਕਦਾ ਹਾਂ।’’
ਉਸਨੇ ਜੋ ਕਿਹਾ, ਉਹ ਸੱਚਮੁੱਚ ਇੰਝ ਕਰਦਾ ਵੀ ਸੀ ਤੇ ਅਜਿਹਾ ਕਰਕੇ ਉਹਨੂੰ ਚੰਗਾ ਵੀ ਲੱਗਦਾ ਸੀ।
‘‘ਪਰ ਮੁਸ਼ਕਿਲ ਤਾਂ ਇਹ ਹੈ ਕਿ ਉਨ੍ਹਾਂ ਦੀ ਸੱਭਿਅਤਾ ਦਾ ਕੋਈ ਇਨਸਾਨ ਸਾਡੀ ਸੱਭਿਅਤਾ ਦੇ ਕਿਸੇ ਇਨਸਾਨ ਨੂੰ ਅਸਲ ਰੂਪ ਵਿੱਚ ਚੰਗੀ ਤਰ੍ਹਾਂ ਜਾਣ ਸਕਦਾ ਹੀ ਨਹੀਂ। ਉਨ੍ਹਾਂ ਵਿਚਾਲੇ ਫ਼ਰਕ ਹਮੇਸ਼ਾਂ ਬਣਿਆ ਰਹੇਗਾ।’’ ‘‘ਜਿਵੇਂ ਤੂੰ ਮੈਨੂੰ ਜਾਣਦਾ ਏਂ!’’ ਉਸ ਦੀ ਪਤਨੀ ਨੇ ਪੁੱਛਿਆ।
‘‘ਹਾਂ, ਬਿਲਕੁਲ ਸਹੀ- ਜਿਵੇਂ ਤੂੰ ਮੈਨੂੰ ਜਾਣਦੀ ਏਂ।’’
‘‘ਲੇਕਿਨ ਜੇ ਉਨ੍ਹਾਂ ਦੋਹਾਂ ਵਿੱਚ ਪਿਆਰ ਹੋਵੇ, ਤਾਂ?’’ ਪਤਨੀ ਨੇ ਕਿਹਾ। ਉਸ ਨੇ ਭਾਂਡਿਆਂ ਦੀ ਸਫ਼ਾਈ ਦੇ ਕੰਮ ਦੀ ਰਫ਼ਤਾਰ ਥੋੜ੍ਹੀ ਵਧਾ ਦਿੱਤੀ ਸੀ ਅਤੇ ਉਸ ਵੱਲ ਸਿੱਧਿਆਂ ਝਾਕ ਕੇ ਬੋਲ ਰਹੀ ਸੀ।
‘‘ਦੇਖ ਜੋ ਮੈਂ ਕਹਿ ਰਿਹਾ ਹਾਂ, ਉਨ੍ਹਾਂ ਸ਼ਬਦਾਂ ਨੂੰ ਨਾ ਫੜ। ਵਾਲ ਦੀ ਖੱਲ ਉਧੇੜਨਾ ਛੱਡ। ਜੋ ਅੰਕੜੇ ਸਾਡੇ ਸਾਹਮਣੇ ਹਨ, ਉਨ੍ਹਾਂ ਵੱਲ ਵੀ ਗੌਰ ਕਰਨਾ ਚਾਹੀਦਾ ਹੈ। ਉਹ ਸਾਫ਼ ਸਾਫ਼ ਦੱਸਦੇ ਹਨ ਕਿ ਗੋਰੇ ਅਤੇ ਕਾਲੇ ਲੋਕਾਂ ਦੀਆਂ ਸ਼ਾਦੀਆਂ ਜ਼ਿਆਦਾਤਰ ਟੁੱਟ ਜਾਂਦੀਆਂ ਹਨ।’’
‘‘ਅੰਕੜੇ?’’ ਪਤਨੀ ਆਪਣਾ ਕੰਮ ਜਲਦੀ ਜਲਦੀ ਮੁਕਾ ਰਹੀ ਸੀ। ਕਈ ਭਾਂਡਿਆਂ ਵਿੱਚ ਅਜੇ ਵੀ ਚਿਕਨਾਈ ਲੱਗੀ ਹੋਈ ਸੀ ਅਤੇ ਕਾਂਟਿਆਂ ਵਿੱਚ ਤਾਂ ਖਾਣੇ ਦੇ ਟੁਕੜੇ ਵੀ ਫਸੇ ਹੋਏ ਸਨ।
‘‘ਚੱਲ ਤੇਰੀ ਗੱਲ ਮੰਨ ਲੈਂਦੀ ਹਾਂ’’, ਪਤਨੀ ਨੇ ਕਿਹਾ, ‘‘ਪਰ ਵਿਦੇਸ਼ੀਆਂ ਦਾ ਕੀ? ਮੈਨੂੰ ਲੱਗਦਾ ਹੈ ਕਿ ਉਨ੍ਹਾਂ ਬਾਰੇ ਵੀ ਤੇਰੀ ਰਾਏ ਇਹੀ ਹੋਵੇਗੀ ਕਿ ਅਲੱਗ ਅਲੱਗ ਦੇਸ਼ਾਂ ਤੋਂ ਆਏ ਲੋਕ ਸ਼ਾਦੀ ਕਰਕੇ ਵੀ ਬੇਮੇਲ ਹੀ ਰਹਿਣਗੇ। ਰਹਿਣ ਨੂੰ ਭਾਵੇਂ ਉਹ ਉਮਰ ਭਰ ਇਕੱਠੇ ਰਹਿ ਲੈਣ।’’
‘‘ਇਹ ਤੂੰ ਠੀਕ ਕਹਿ ਰਹੀ ਹੈਂ। ਸਚਾਈ ਇਹ ਹੈ ਕਿ ਉਨ੍ਹਾਂ ਬਾਰੇ ਵੀ ਮੇਰੀ ਰਾਏ ਇਹੋ ਹੈ। ਬਿਲਕੁਲ ਅਲੱਗ ਤਰ੍ਹਾਂ ਦੀ ਪਰਵਰਿਸ਼ ਤੋਂ ਬਾਅਦ ਇੱਕ ਦੂਸਰੇ ਨੂੰ ਮਿਲੇ ਦੋ ਲੋਕ ਇੱਕ ਦੂਜੇ ਨੂੰ ਕਿਵੇਂ ਸਮਝ ਸਕਦੇ ਹਨ?’’
‘‘ਅਲੱਗ?’’ ਪਤਨੀ ਨੇ ਕਿਹਾ, ‘‘ਇੱਕ ਸਮਾਨ ਨਹੀਂ, ਜਿਵੇਂ ਅਸੀਂ ਦੋਵੇਂ?’’ ‘‘ਹਾਂ, ਮੈਂ ਇਹੀ ਤਾਂ ਕਿਹਾ ਹੈ ਕਿ ਅਲੱਗ...’’, ਉਸਨੇ ਖਿਝ ਕੇ ਕਿਹਾ।
ਉਸ ਨੂੰ ਇਸ ਗੱਲ ’ਤੇ ਗੁੱਸਾ ਆ ਰਿਹਾ ਸੀ ਕਿ ਉਸਦੀ ਪਤਨੀ ਉਸੇ ਦੇ ਸ਼ਬਦਾਂ ਨੂੰ ਵਾਰ ਵਾਰ ਇੰਝ ਦੋਹਰਾ ਰਹੀ ਸੀ ਕਿ ਉਨ੍ਹਾਂ ਦੇ ਅਰਥ ਬਦਲੇ ਹੋਏ ਲੱਗਣ ਜਾਂ ਜਿਵੇਂ ਮੈਂ ਕੋਈ ਢੋਂਗ ਰਚ ਰਿਹਾ ਹੋਵਾਂ।
ਇਸੇ ਗੁੱਸੇ ਵਿੱਚ ਉਸਨੇ ਚਾਂਦੀ ਦੇ ਸਾਰੇ ਬਰਤਨ ਇੱਕੋ ਵੇਲੇ ਸਿੰਕ ਵਿੱਚ ਸੁੱਟ ਦਿੱਤੇ, ‘‘ਇਹ ਸਾਰੇ ਗੰਦੇ ਹਨ।’’
ਪਤਨੀ ਨੇ ਉਨ੍ਹਾਂ ਵੱਲ ਨਿਗਾਹ ਮਾਰੀ। ਆਪਣੇ ਦੋਵੇਂ ਬੁੱਲ੍ਹ ਕਸ ਕੇ ਮੀਟੇ ਅਤੇ ਬਰਤਨਾਂ ਨੂੰ ਹੱਥ ਪਾਇਆ।
‘‘ਓਹ...’’, ਉਸ ਨੇ ਜ਼ੋਰ ਨਾਲ ਬੋਲਿਆ ਅਤੇ ਪਿਛਾਂਹ ਹਟ ਗਈ। ਸੱਜਾ ਹੱਥ ਉੱਪਰ ਚੁੱਕ ਕੇ ਦੇਖਿਆ ਤਾਂ ਅੰਗੂਠੇ ਵਿੱਚੋਂ ਖ਼ੂਨ ਵਗ ਰਿਹਾ ਸੀ।
‘‘ਇੱਥੇ ਹੀ ਖੜ੍ਹੀ ਰਹਿ। ਮੈਂ ਗਿਆ ਤੇ ਬਸ ਆਇਆ...,’’ ਉਸਨੇ ਕਿਹਾ ਤੇ ਦੌੜਦਾ ਹੋਇਆ ਪੌੜੀਆਂ ਚੜ੍ਹ ਕੇ ਬਾਥਰੂਮ ਤੱਕ ਪਹੁੰਚਿਆ। ਉੱਥੇ ਰੱਖੀਆਂ ਦਵਾਈਆਂ, ਰੂੰ ਅਤੇ ਪੱਟੀ ਆਦਿ ਲੈ ਕੇ ਹੇਠਾਂ ਆਇਆ ਤਾਂ ਦੇਖਿਆ ਕਿ ਪਤਨੀ ਫਰਿਜ ਨਾਲ ਲੱਗੀ, ਅੱਖਾਂ ਮੀਟੀ, ਦੂਸਰੇ ਹੱਥ ਵਿੱਚ ਆਪਣਾ ਜ਼ਖ਼ਮੀ ਅੰਗੂਠਾ ਫੜੀ ਖੜ੍ਹੀ ਸੀ। ਉਸਨੇ ਪਤਨੀ ਦਾ ਹੱਥ ਫੜਿਆ ਅਤੇ ਅੰਗੂਠੇ ਦੇ ਚਾਰੋਂ ਪਾਸੇ ਰੂੰ ਲਪੇਟ ਦਿੱਤੀ। ਖ਼ੂਨ ਵਗਣਾ ਬੰਦ ਹੋ ਗਿਆ ਸੀ। ਉਸਨੇ ਅੰਗੂਠੇ ਨੂੰ ਥੋੜ੍ਹਾ ਦਬਾਇਆ ਤਾਂ ਕਿ ਉਹ ਵੇਖ ਸਕੇ ਕਿ ਜ਼ਖ਼ਮ ਕਿੰਨਾ ਕੁ ਗਹਿਰਾ ਹੈ। ਖ਼ੂਨ ਦਾ ਇੱਕ ਕਤਰਾ ਹੇਠਾਂ ਫਰਸ਼ ’ਤੇ ਡਿੱਗ ਪਿਆ। ਪਤਨੀ ਨੇ ਉਸ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਿਆ।
‘‘ਮਾਮੂਲੀ ਜਿਹਾ ਕੱਟ ਹੈ, ਕੋਈ ਡੂੰਘਾ ਜ਼ਖ਼ਮ ਥੋੜ੍ਹਾ ਹੀ ਹੈ। ਦੇਖੀਂ, ਕੱਲ੍ਹ ਜੇ ਤੂੰ ਇਸ ਨੂੰ ਲੱਭੇਗੀਂ ਤਾਂ ਵੀ ਨਹੀਂ ਲੱਭੇਗਾ,’’ ਉਸਨੇ ਮਾਹੌਲ ਨੂੰ ਹਲਕਾ ਕਰਨ ਲਈ ਕਿਹਾ। ਉਸਨੂੰ ਉਮੀਦ ਸੀ ਕਿ ਪਤਨੀ ਉਸਦੇ ਮਦਦ ਕਰਨ ਦੀ ਫੁਰਤੀ ਨੂੰ ਵੇਖ ਕੇ ਪ੍ਰਭਾਵਿਤ ਹੋਵੇਗੀ। ਉਸਦੇ ਮਨ ਵਿੱਚ ਤਾਂ ਬਸ ਪਤਨੀ ਦੀ ਮਦਦ ਕਰਨ ਦੀ ਸਾਦੀ ਜਿਹੀ ਇੱਛਾ ਸੀ, ਬਦਲੇ ਵਿੱਚ ਕੁਝ ਹਾਸਲ ਕਰਨ ਦੀ ਨਹੀਂ।
ਉਸ ਵੇਲੇ ਉਸ ਦੇ ਮਨ ਵਿੱਚ ਖ਼ਿਆਲ ਆਇਆ ਕਿ ਪਤਨੀ ਉਸਦਾ ਦਿਆਲੂ ਵਿਹਾਰ ਦੇਖ ਕੇ ਇੰਨਾ ਤਾਂ ਕਰ ਹੀ ਸਕਦੀ ਹੈ ਕਿ ਜੋ ਬਹਿਸ ਹੁਣ ਤੱਕ ਚੱਲ ਰਹੀ ਸੀ, ਉਸ ਨੂੰ ਅੱਗੇ ਨਾ ਵਧਾਵੇ। ਬਹੁਤ ਹੋ ਗਿਆ- ਹੁਣ ਇਸ ਵਿਸ਼ੇ ’ਤੇ ਗੱਲ ਕਰਦਾ ਹੋਇਆ ਉਹ ਥੱਕ ਚੁੱਕਾ ਸੀ।
‘‘ਬਾਕੀ ਕੰਮ ਮੈਂ ਕਰ ਲਵਾਂਗਾ’’, ਉਸਨੇ ਪਤਨੀ ਨੂੰ ਕਿਹਾ, ‘‘ਤੂੰ ਪਾਸੇ ਹਟ ਅਤੇ ਬਿਸਤਰ ’ਚ ਜਾ ਕੇ ਆਰਾਮ ਕਰ।’’ ‘‘ਠੀਕ ਹੈ, ਮੈਂ ਹੱਥ ਸੁਕਾ ਲੈਂਦੀ ਹਾਂ,’’ ਪਤਨੀ ਨੇ ਜਵਾਬ ਦਿੱਤਾ। ਉਸਨੇ ਚਾਂਦੀ ਦੇ ਬਰਤਨਾਂ ਦੀ ਸਫ਼ਾਈ ਸ਼ੁਰੂ ਕੀਤੀ। ਕਾਂਟਿਆਂ ਪ੍ਰਤੀ ਵਿਸ਼ੇਸ਼ ਚੌਕਸੀ ਵਰਤੀ ਤਾਂ ਕਿ ਪਹਿਲਾਂ ਵਾਲਾ ਹਾਦਸਾ ਦੁਬਾਰਾ ਨਾ ਵਾਪਰੇ।
‘‘ਇਸ ਦਾ ਮਤਲਬ ਇਹ ਹੋਇਆ ਕਿ ਜੇ ਮੈਂ ਕਾਲੀ ਹੁੰਦੀ ਤਾਂ ਤੂੰ ਮੇਰੇ ਨਾਲ ਸ਼ਾਦੀ ਨਾ ਕਰਦਾ’’, ਪਤਨੀ ਨੇ ਗੱਲ ਦਾ ਸਿਰਾ ਅੱਗੇ ਵਧਾਇਆ। ‘‘ਰੱਬ ਦੇ ਵਾਸਤੇ, ਇੰਜ ਨਾ ਕਹਿ... ਐਨ!’’ ‘‘ਤੂੰ ਹੀ ਤਾਂ ਕਿਹਾ ਸੀ... ਕੀ ਇੰਜ ਹੀ ਨਹੀਂ ਸੀ ਕਿਹਾ ਤੂੰ?’’ ‘‘ਨਹੀਂ, ਮੈਂ ਇੰਜ ਬਿਲਕੁਲ ਨਹੀਂ ਕਿਹਾ। ਇਹ ਪੂਰਾ ਸਵਾਲ ਹੀ ਇਕਦਮ ਵਾਹਯਾਤ ਅਤੇ ਬੇਹੂਦਾ ਹੈ। ਜੇ ਤੂੰ ਕਾਲੀ ਹੁੰਦੀ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਆਪਾਂ ਕਦੇ ਮਿਲਦੇ ਹੀ ਨਾ। ਤੇਰੇ ਵਰਗੇ ਕਾਲੇ ਹੀ ਤੇਰੇ ਦੋਸਤ ਹੁੰਦੇ ਤੇ ਮੇਰੀ ਤਰ੍ਹਾਂ ਦੇ ਮੇਰੇ ਦੋਸਤ। ਇੰਨੇ ਸਾਲਾਂ ਵਿੱਚ ਮੈਂ ਸਿਰਫ਼ ਇੱਕ ਕਾਲੀ ਕੁੜੀ ਨੂੰ ਜਾਣਦਾ ਹਾਂ, ਜੋ ਡਿਬੇਟ ਵਿੱਚ ਮੇਰੀ ਪਾਰਟਨਰ ਹੋਇਆ ਕਰਦੀ ਸੀ ਅਤੇ ਜਦੋਂ ਉਸ ਨਾਲ ਮੇਰੀ ਮੁਲਾਕਾਤ ਹੋਈ, ਉਸ ਤੋਂ ਪਹਿਲਾਂ ਹੀ ਸਾਡੀ ਜਾਣ ਪਛਾਣ ਹੋ ਗਈ ਸੀ ਅਤੇ ਅਸੀਂ ਆਪਣੇ ਭਵਿੱਖ ਬਾਰੇ ਸੁਪਨੇ ਦੇਖਣ ਲੱਗੇ ਸਾਂ।’’
‘‘ਫਰਜ਼ ਕਰੋ ਅਜਿਹਾ ਨਾ ਹੁੰਦਾ। ਅਸੀਂ ਇੱਕ ਦੂਸਰੇ ਨੂੰ ਮਿਲੇ ਹੁੰਦੇ ਅਤੇ ਮੈਂ ਗੋਰੀ ਨਹੀਂ ਕਾਲੀ ਹੁੰਦੀ?’’ ‘‘ਤਾਂ ਤੂੰ ਮੇਰੇ ਨਾਲ ਨਹੀਂ, ਬਲਕਿ ਕਿਸੇ ਕਾਲੇ ਲੜਕੇ ਨਾਲ ਜੁੜੀ ਹੁੰਦੀ।’’ ਉਸਨੇ ਸਾਬਣ ਦੇ ਛਿੱਟੇ ਬਰਤਨਾਂ ’ਤੇ ਮਾਰੇ। ਪਾਣੀ ਇੰਨਾ ਗਰਮ ਸੀ ਕਿ ਪਹਿਲਾਂ ਤਾਂ ਭਾਂਡਿਆਂ ਦਾ ਰੰਗ ਨੀਲਾ ਹੋ ਗਿਆ, ਪਰ ਫਿਰ ਹੌਲੀ ਹੌਲੀ ਠੰਢੇ ਹੋਣ ’ਤੇ ਚਾਂਦੀ ਦਾ ਆਪਣਾ ਸੁਭਾਵਿਕ ਰੰਗ ਪਰਤ ਆਇਆ। ‘‘ਫਰਜ਼ ਕਰੋ ਅਜਿਹਾ ਨਾ ਹੁੰਦਾ... ਮੈਂ ਕਾਲੀ ਹੁੰਦੀ ਅਤੇ ਮੇਰਾ ਕਿਸੇ ਕਾਲੇ ਮੁੰਡੇ ਨਾਲ ਕੋਈ ਚੱਕਰ ਨਾ ਹੁੰਦਾ। ਉਦੋਂ ਅਸੀਂ ਮਿਲਦੇ ਅਤੇ ਗੋਰੇ ਕਾਲੇ ਹੁੰਦੇ ਹੋਏ ਵੀ ਇੱਕ ਦੂਜੇ ਦੇ ਪਿਆਰ ਵਿੱਚ ਪੈ ਜਾਂਦੇ... ਤਾਂ?’’ ਪਤਨੀ ਨੇ ਜ਼ੋਰ ਦੇ ਕੇ ਕਿਹਾ।
ਉਸਨੇ ਪਤਨੀ ਨੂੰ ਗਹੁ ਨਾਲ ਦੇਖਿਆ। ਉਹ ਵੀ ਉਸੇ ਵੱਲ ਵੇਖ ਰਹੀ ਸੀ। ਪਤਨੀ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਚਮਕ ਸੀ।
‘‘ਵੇਖ, ਇੰਨੀ ਦੇਰ ਤੋਂ ਤੂੰ ਕਿੰਨੀਆਂ ਯਭਲੀਆਂ ਮਾਰੀ ਜਾ ਰਹੀ ਹੈਂ। ਸਿੱਧੀ ਜਿਹੀ ਗੱਲ ਹੈ ਕਿ ਜੇ ਤੂੰ ਕਾਲੀ ਹੁੰਦੀ ਤਾਂ ਉਹ ਤੂੰ ਹੁੰਦੀ ਹੀ ਨਾ..,’’ ਇਸ ਵਾਰ ਉਸਨੇ ਆਪਣੀ ਆਵਾਜ਼ ਵਿੱਚ ਨਿਰਣਾਇਕ ਗੰਭੀਰਤਾ ਭਰਦਿਆਂ ਕਿਹਾ। ਇੰਝ ਕਹਿਣ ਤੋਂ ਬਾਅਦ ਉਸਨੇ ਮਹਿਸੂਸ ਕੀਤਾ ਕਿ ਉਸ ਨੇ ਜੋ ਕਿਹਾ, ਉਹ ਸੌ ਫ਼ੀਸਦੀ ਸਹੀ ਸੀ। ਇਸ ਗੱਲ ਨੂੰ ਝੁਠਲਾਇਆ ਨਹੀਂ ਸੀ ਜਾ ਸਕਦਾ ਕਿ ਜੇ ਉਸਦੀ ਪਤਨੀ ਕਾਲੀ ਹੁੰਦੀ ਤਾਂ ਬਿਲਕੁਲ ਉਹ ਨਾ ਹੁੰਦੀ, ਜੋ ਅੱਜ ਹੈ। ਇਸ ਲਈ ਉਸਨੇ ਫਿਰ ਦੁਹਰਾਇਆ, ‘‘ਜੇ ਤੂੰ ਕਾਲੀ ਹੁੰਦੀ ਤਾਂ ਜੋ ਅੱਜ ਹੈਂ ਉਹ ਨਾ ਹੁੰਦੀ।’’
‘‘ਜਾਣਦੀ ਹਾਂ’’, ਪਤਨੀ ਨੇ ਕਿਹਾ, ‘‘ਪਰ ਮੰਨ ਲਵੋ...।’’
ਉਸਨੇ ਡੂੰਘਾ ਸਾਹ ਲਿਆ। ਇਹ ਠੀਕ ਸੀ ਕਿ ਉਹ ਬਹਿਸ ਜਿੱਤ ਗਿਆ ਸੀ। ਪਰ ਪਤਨੀ ਨੇ ਅਜੇ ਹਥਿਆਰ ਸੁੱਟੇ ਨਹੀਂ ਸਨ।
‘‘ਕੀ ਮੰਨ ਲਵਾਂ?’’ ਉਸਨੇ ਪੁੱਛਿਆ। ‘‘ਇਹੀ ਕਿ ਮੈਂ ਕਾਲੀ ਹਾਂ ਅਤੇ ਮੈਂ ਉਹੀ ਹਾਂ ਜੋ ਮੈਂ ਹਾਂ... ਅਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਤਾਂ ਕੀ ਤੂੰ ਮੇਰੇ ਨਾਲ ਸ਼ਾਦੀ ਕਰੇਂਗਾ?’’
ਉਸ ਨੇ ਇਸ ਮੁੱਦੇ ਨੂੰ ਵਿਚਾਰਿਆ ।
‘‘ਮੌਨ ਨਾ ਧਾਰ, ਬੋਲ...’’, ਇਹ ਕਹਿੰਦਿਆਂ ਉਹ ਉਸ ਕੋਲ ਆ ਖਲੋਤੀ। ਉਸ ਦੀਆਂ ਅੱਖਾਂ ਵਿੱਚ ਹੁਣ ਪਹਿਲਾਂ ਤੋਂ ਵੀ ਵਧੇਰੇ ਚਮਕ ਆ ਗਈ ਸੀ। ‘‘ਬੋਲ, ਕੀ ਤੂੰ ਮੇਰੇ ਨਾਲ ਸ਼ਾਦੀ ਕਰੇਂਗਾ?’’ ‘‘ਮੈਨੂੰ ਸੋਚਣ ਤਾਂ ਦੇ...’’, ਉਸਨੇ ਜਵਾਬ ਦਿੱਤਾ। ‘‘ਬਿਲਕੁਲ ਨਹੀਂ ਕਰੇਂਗਾ, ਮੈਂ ਪਹਿਲਾਂ ਹੀ ਦੱਸ ਦਿੰਦੀ ਹਾਂ। ਸੋਚਣ ਤੋਂ ਬਾਅਦ ਤੂੰ ਇਹੀ ਜਵਾਬ ਦੇਵੇਂਗਾ ਨਾ ... ਕਿ ਨਹੀਂ!’’ ‘‘ਤੂੰ ਤਾਂ ਬਸ ਆਪਣੀ ਗੱਲ ’ਤੇ ਅੜੀ ਹੋਈ ਹੈਂ...।’’ ‘‘ਬਸ ਹੁਣ ਹੋਰ ਸੋਚ ਵਿਚਾਰ ਨਹੀਂ... ਸਿੱਧਾ ਦੱਸ ਹਾਂ ਜਾਂ ਨਾਂਹ?’’ ‘‘ਹੇ ਭਗਵਾਨ... ਤਾਂ ਚੱਲੋ ... ਐਨ ਮੈਂ ਨਾਂਹ ਕਹਾਂਗਾ।’’ ‘‘ਸ਼ੁਕਰੀਆ!’’
ਇਹ ਕਹਿੰਦਿਆਂ ਪਤਨੀ ਰਸੋਈ ਵਿੱਚੋਂ ਨਿਕਲ ਕਮਰੇ ਵੱਲ ਚਲੀ ਗਈ। ਥੋੜ੍ਹੀ ਦੇਰ ਪਿੱਛੋਂ ਉਸਨੇ ਪਤਨੀ ਨੂੰ ਕਿਸੇ ਮੈਗਜ਼ੀਨ ਦੇ ਪੰਨੇ ਪਲਟਦੇ ਸੁਣਿਆ। ਉਹਨੂੰ ਪਤਾ ਸੀ ਕਿ ਪਤਨੀ ਜਿੰਨੇ ਗੁੱਸੇ ਵਿੱਚ ਹੈ, ਪੜ੍ਹ ਤਾਂ ਕੀ ਰਹੀ ਹੋਵੇਗੀ। ਹਾਲਾਂਕਿ ਪਤਨੀ ਇਸ ਗੱਲ ਦਾ ਧਿਆਨ ਰੱਖ ਰਹੀ ਸੀ ਕਿ ਉਸਦੇ ਪ੍ਰਤੀਕਰਮ ਤੋਂ ਉਸ ਦੇ ਗੁੱਸੇ ਦਾ ਪਤਾ ਨਾ ਲੱਗੇ। ਇਸੇ ਕਰਕੇ ਉਹ ਮੈਗਜ਼ੀਨ ਦੇ ਪੰਨੇ ਹੌਲੀ ਹੌਲੀ ਪਰਤ ਰਹੀ ਸੀ, ਜਿਸ ਤੋਂ ਇਹ ਲੱਗੇ ਕਿ ਉਹ ਇੱਕ ਇੱਕ ਸ਼ਬਦ ਬੜੇ ਧਿਆਨ ਨਾਲ ਪੜ੍ਹ ਰਹੀ ਹੈ। ਉਹ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਜਤਾ ਸਕੇ ਕਿ ਇਨ੍ਹਾਂ ਸਾਰੀਆਂ ਗੱਲਾਂ ਨਾਲ ਉਸ ਉੱਤੇ ਕੋਈ ਫ਼ਰਕ ਪੈਣ ਵਾਲਾ ਨਹੀਂ। ਦੂਜੇ ਪਾਸੇ ਉਸਨੂੰ ਪਤਾ ਸੀ ਕਿ ਉਹ ਜੋ ਵੀ ਕਰ ਰਹੀ ਹੈ, ਉਹ ਸਿਰਫ਼ ਜਤਾਉਣ ਲਈ ਹੀ ਕਰ ਰਹੀ ਹੈ ... ਇਸ ਗੱਲ ਨੇ ਉਸ ਨੂੰ ਸਗੋਂ ਜ਼ਿਆਦਾ ਦੁਖੀ ਕੀਤਾ।
ਹੁਣ ਉਸ ਕੋਲ ਵੀ ਪਤਨੀ ਪ੍ਰਤੀ ਬੇਰੁਖ਼ੀ ਦਿਖਾਉਣ ਤੋਂ ਇਲਾਵਾ ਕੋਈ ਰਾਹ ਨਹੀਂ ਸੀ। ਬਿਲਕੁਲ ਚੁੱਪਚਾਪ ਅਤੇ ਠਰ੍ਹੰਮੇ ਨਾਲ ਉਸਨੇ ਬਾਕੀ ਰਹਿੰਦੇ ਭਾਂਡੇ ਸਾਫ ਕੀਤੇ। ਉਨ੍ਹਾਂ ਨੂੰ ਸੁਕਾਇਆ ਤੇ ਥਾਂ ਸਿਰ ਰੱਖੇ। ਗੈਸ ਚੁੱਲ੍ਹਾ ਤੇ ਸਲੈਬ ਸਾਫ਼ ਕੀਤੀ। ਫਰਸ਼ ’ਤੇ ਖ਼ੂਨ ਦਾ ਜਿਹੜਾ ਕਤਰਾ ਪਿਆ ਸੀ, ਉਸ ਨੂੰ ਵੀ ਸਾਫ਼ ਕੀਤਾ। ਜਦੋਂ ਕੰਮ ਪੂਰਾ ਹੋਇਆ ਤਾਂ ਉਸਨੇ ਸੋਚਿਆ ਫਰਸ਼ ਵੀ ਸਾਫ਼ ਕਰ ਹੀ ਦਿਆਂ। ਇਹ ਕੰਮ ਪੂਰਾ ਕਰਨ ਤੋਂ ਬਾਅਦ ਉਸਨੂੰ ਇਸ ਗੱਲ ਦੀ ਤਸੱਲੀ ਹੋਈ ਕਿ ਕਿਚਨ ਉਵੇਂ ਦੀ ਹੀ ਨਵੀਂ ਨਕੋਰ ਦਿਖਾਈ ਦੇਣ ਲੱਗੀ ਸੀ ਜਿਵੇਂ ਜਦੋਂ ਉਹ ਘਰ ਵੇਖਣ ਆਏ ਸੀ ਉਦੋਂ ਲੱਗੀ ਸੀ। ਉਸਨੇ ਕੂੜੇ ਵਾਲੀ ਬਾਲਟੀ ਚੁੱਕੀ ਤੇ ਘਰ ਤੋਂ ਬਾਹਰ ਨਿਕਲਣ ਲੱਗਾ । ਆਸਮਾਨ ਪੂਰਾ ਸਾਫ਼ ਸੀ ਅਤੇ ਪੱਛਮ ਵੱਲ ਕੁਝ ਤਾਰੇ ਦਿਖਾਈ ਦੇ ਰਹੇ ਸਨ, ਜੋ ਸ਼ਹਿਰ ਦੀ ਚਕਾਚੌਂਧ ਵਿੱਚ ਧੁੰਦਲੇ ਨਹੀਂ ਪਏ ਸਨ। ਐਲ ਕੈਮੀਨੋ ’ਤੇ ਟਰੈਫਿਕ ਦੀ ਰਫ਼ਤਾਰ ਧੀਮੀ ਦਿਖਾਈ ਦੇ ਰਹੀ ਸੀ... ਉਸਦੀ ਗਤੀ ਵੀ ਓਨੀ ਹੀ ਸੁਸਤ ਸੀ ਜਿੰਨੀ ਹੇਠਾਂ ਵਹਿੰਦੀ ਨਦੀ ਦੀ। ਉਸ ਨੂੰ ਲੱਗਾ ਕਿ ਉਸਨੇ ਪਤਨੀ ਨਾਲ ਖਾਹਮਖਾਹ ਝਗੜਾ ਮੁੱਲ ਲੈ ਲਿਆ ਸੀ। ਹੁਣ ਉਮਰ ਹੀ ਕਿੰਨੀ ਬਚੀ ਸੀ... ਮੁਸ਼ਕਿਲ ਨਾਲ 30 ਸਾਲ... ਜਦੋਂ ਦੋਵੇਂ ਇਸ ਦੁਨੀਆ ਵਿੱਚ ਨਹੀਂ ਹੋਣਗੇ... ਫਿਰ ਇਹ ਝਗੜਾ ਝੰਜਟ ਕਾਹਦੇ ਲਈ। ਸੋਚਦੇ ਸੋਚਦੇ ਉਸਨੂੰ ਇਕੱਠੇ ਬਿਤਾਏ ਦਿਨ ਯਾਦ ਆਉਣ ਲੱਗੇ। ਉਸਨੂੰ ਲੱਗਾ ਦੋਹਾਂ ਵਿੱਚ ਕਿੰਨੀ ਸਾਂਝ ਰਹੀ ਹੈ। ਦੋਵੇਂ ਇੱਕ ਦੂਜੇ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਸਮਝਦੇ ਹਨ। ਇਹ ਸੋਚਦਿਆਂ ਉਸਦਾ ਗਲਾ ਇੰਨਾ ਭਰ ਆਇਆ ਕਿ ਸਾਹ ਲੈਣਾ ਮੁਸ਼ਕਲ ਹੋਣ ਲੱਗਾ। ਚਿਹਰੇ ਅਤੇ ਗਰਦਨ ਵਿੱਚ ਝਨਝਨਾਹਟ ਹੋਈ। ਸੀਨੇ ਵਿੱਚ ਗਰਮਾਹਟ ਮਹਿਸੂਸ ਹੋਈ। ਥੋੜ੍ਹੀ ਦੇਰ ਇਸੇ ਤਰ੍ਹਾਂ ਖੜ੍ਹਾ ਉਹ ਇਨ੍ਹਾਂ ਅਹਿਸਾਸਾਂ ਦਾ ਆਨੰਦ ਲੈਂਦਾ ਰਿਹਾ। ਫਿਰ ਕੂੜੇ ਦੀ ਬਾਲਟੀ ਲੈ ਕੇ ਉਹ ਘਰੋਂ ਬਾਹਰ ਨਿਕਲ ਆਇਆ।
ਬਾਹਰ ਨਿਕਲਦਿਆਂ ਹੀ ਉਸਦੇ ਹੱਥ ਵਿੱਚ ਕੂੜੇ ਦੀ ਬਾਲਟੀ ਵੇਖ ਦੋ ਕੁੱਤੇ ਝਪਟੇ। ਪਹਿਲਾਂ ਉਨ੍ਹਾਂ ਵਿੱਚੋਂ ਇੱਕ ਜ਼ਮੀਨ ’ਤੇ ਲੋਟਪੋਟ ਹੋ ਰਿਹਾ ਸੀ ਤੇ ਦੂਜਾ ਮੂੰਹ ਵਿੱਚ ਕੁਝ ਲਈ ਹੌਲੀ ਹੌਲੀ ਭੌਂਕ ਰਿਹਾ ਸੀ। ਆਮ ਤੌਰ ’ਤੇ ਉਹ ਕੁੱਤਿਆਂ ਨੂੰ ਆਪਣੇ ਵੱਲ ਆਉਂਦੇ ਵੇਖ ਰੋੜਾ ਮਾਰ ਭਜਾ ਦਿੰਦਾ ਸੀ। ਪਰ ਅੱਜ ਉਸਨੇ ਉਨ੍ਹਾਂ ਨੂੰ ਰੋਕਿਆ ਨਹੀਂ।
ਜਦੋਂ ਉਹ ਅੰਦਰ ਆਇਆ ਤਾਂ ਘਰ ਵਿੱਚ ਹਨੇਰਾ ਪੱਸਰਿਆ ਹੋਇਆ ਸੀ। ਪਤਨੀ ਬਾਥਰੂਮ ਵਿੱਚ ਸੀ। ਦਰਵਾਜ਼ੇ ਕੋਲ ਖੜ੍ਹ ਕੇ ਉਸਨੇ ਆਵਾਜ਼ ਦਿੱਤੀ। ਅੰਦਰੋਂ ਸ਼ੀਸ਼ੀਆਂ ਦੇ ਟਕਰਾਉਣ ਦੀ ਆਵਾਜ਼ ਆ ਰਹੀ ਸੀ, ਪਰ ਉਸ ਨੂੰ ਕੋਈ ਜਵਾਬ ਨਾ ਮਿਲਿਆ। ‘‘ਐਨ, ਮੈਂ ਬਹੁਤ ਸ਼ਰਮਿੰਦਾ ਹਾਂ। ਮੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ...’’, ਉਸਨੇ ਕਿਹਾ, ‘‘ਚਲੋ ਅੱਗੇ ਤੋਂ ਅਜਿਹਾ ਨਹੀਂ ਕਰਾਂਗਾ... ਵਾਅਦਾ ਰਿਹਾ।’’ ‘‘ਕਿਹੋ ਜਿਹਾ ਭਲਾ?’’ ਉਸਨੇ ਪੁੱਛਿਆ। ਉਸ ਨੂੰ ਇਸ ਸਵਾਲ ਦੀ ਉਮੀਦ ਹਰਗਿਜ਼ ਨਹੀਂ ਸੀ। ਪਤਨੀ ਦੀ ਆਵਾਜ਼ ਅਤੇ ਉਸਦੇ ਅੰਦਰਲੇ ਭਾਵ ਉਸ ਨੂੰ ਇਕਦਮ ਅਜਨਬੀ ਲੱਗੇ। ਉਸ ਨੂੰ ਸਮਝ ਆ ਗਿਆ ਸੀ ਕਿ ਜੋ ਵੀ ਜਵਾਬ ਉਸ ਨੇ ਹੁਣ ਦੇਣਾ ਹੈ, ਉਹ ਬਹੁਤ ਸੋਚ ਸਮਝ ਕੇ ਅਤੇ ਸਾਵਧਾਨੀ ਨਾਲ ਦੇਣਾ ਪਵੇਗਾ। ਉਹ ਦਰਵਾਜ਼ੇ ਨਾਲ ਟਿਕ ਕੇ ਖੜ੍ਹਾ ਹੋ ਗਿਆ। ‘‘ਮੈਂ ਤੇਰੇ ਨਾਲ ਸ਼ਾਦੀ ਕਰਾਂਗਾ...,’’ ਉਹ ਹੌਲੀ ਜਿਹੀ ਬੁੜਬੁੜਾਇਆ। ‘‘ਦੇਖਦੇ ਆਂ...’’, ਉਸ ਨੇ ਕਿਹਾ, ‘‘ਤੂੰ ਬਿਸਤਰ ਵਿੱਚ ਚੱਲ, ਮੈਂ ਇੱਕ ਮਿੰਟ ਵਿੱਚ ਆਈ।’’ ਉਸਨੇ ਆਪਣੇ ਕੱਪੜੇ ਬਦਲੇ ਅਤੇ ਬਿਸਤਰ ਵਿੱਚ ਜਾ ਕੇ ਚਾਦਰ ਲੈ ਕੇ ਪੈ ਗਿਆ। ਥੋੜ੍ਹੀ ਦੇਰ ਪਿੱਛੋਂ ਉਸਨੇ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਣ ਅਤੇ ਫਿਰ ਬੰਦ ਹੋਣ ਦੀ ਆਵਾਜ਼ ਸੁਣੀ।
‘‘ਲਾਈਟ ਬੰਦ ਕਰ ਦੇ’’, ਬਿਸਤਰ ਵੱਲ ਆਉਂਦਿਆਂ ਉਸਨੇ ਹਦਾਇਤ ਕੀਤੀ। ‘‘ਕੀ ਕਿਹਾ?’’ ‘‘ਮੈਂ ਕਿਹਾ ਲਾਈਟ ਬੰਦ ਕਰ ਦੇ।’’ ਉਸਨੇ ਹੱਥ ਵਧਾ ਕੇ ਬੈੱਡ ਦੇ ਕੋਲ ਰੱਖਿਆ ਲੈਂਪ ਬੰਦ ਕਰ ਦਿੱਤਾ। ਕਮਰੇ ਵਿੱਚ ਹਨੇਰਾ ਪਸਰ ਗਿਆ। ‘‘ਹੁਣ ਠੀਕ ਹੈ...,’’ ਉਸਨੇ ਕਿਹਾ। ਉਹ ਬਿਸਤਰ ਵਿੱਚ ਉਵੇਂ ਹੀ ਪਿਆ ਰਿਹਾ, ਪਰ ਕਿਤੇ ਕੁਝ ਵੱਖਰਾ ਨਾ ਵਾਪਰਿਆ।
‘‘ਠੀਕ ਹੈ!’’ ਉਸਨੇ ਫਿਰ ਕਿਹਾ।
ਉਸ ਨੂੰ ਕਮਰੇ ਵਿੱਚ ਚਹਿਲਕਦਮੀ ਹੁੰਦੀ ਮਹਿਸੂਸ ਹੋਈ। ਉਹ ਉੱਠ ਕੇ ਬੈਠ ਗਿਆ, ਪਰ ਸਾਫ਼ ਸਾਫ਼ ਕੁਝ ਵਿਖਾਈ ਨਾ ਦਿੱਤਾ। ਕਮਰੇ ਵਿੱਚ ਸੰਨਾਟਾ ਪਸਰਿਆ ਹੋਇਆ ਸੀ। ਉਸਦਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ, ਬਿਲਕੁਲ ਉਵੇਂ ਜਿਵੇਂ ਸੁਹਾਗ ਰਾਤ ਦੇ ਪਲਾਂ ਵਿੱਚ ਧੜਕ ਰਿਹਾ ਸੀ। ਉਸ ਰਾਤ ਵੀ ਜਦੋਂ ਅੱਧੀ ਰਾਤ ਦੇ ਹਨੇਰੇ ਦੇ ਸ਼ੋਰ ਵਿੱਚ ਉਸਦੀ ਨੀਂਦ ਖੁੱਲ੍ਹੀ ਸੀ ਤਾਂ ਉਹ ਇਨ੍ਹਾਂ ਆਵਾਜ਼ਾਂ ਨੂੰ ਸਾਹ ਰੋਕ ਕੇ ਸੁਣਨ ਦੀ ਕੋਸ਼ਿਸ਼ ਕਰਨ ਲੱਗਾ ਸੀ... ਘਰ ਵਿੱਚ ਚਹਿਲਕਦਮੀਂ ਕਰਦਾ ਕੋਈ ਇਨਸਾਨ... ਪਰ ਉਸ ਤੋਂ ਇਕਦਮ ਬੇਪਰਵਾਹ... ਅਸਲੋਂ ਅਜਨਬੀ।