For the best experience, open
https://m.punjabitribuneonline.com
on your mobile browser.
Advertisement

ਖੋਜੋਂ ਮੂਲ ਨਾ ਖੁੰਝੀਂ ...

08:49 AM Jul 09, 2023 IST
ਖੋਜੋਂ ਮੂਲ ਨਾ ਖੁੰਝੀਂ
ਚਾਰਲਸ ਡਾਰਵਿਨ; 1859 ਵਿਚ ਪ੍ਰਕਾਸ਼ਿਤ ਡਾਰਵਿਨ ਦੀ ਕਿਤਾਬ ‘ਔਨ ਦਿ ਓਰਿਜਨ ਔਫ ਸਪੀਸ਼ੀਜ਼’ ਅਤੇ ਅਮਰੀਕਾ ਵਿਚ ਵਿਕਾਸਵਾਦ ਪਡ਼੍ਹਾਉਣ ਵਾਲੇ ਅਧਿਆਪਕ ਜੌਹਨ ਸਕੋਪਸ ਵਿਰੁੱਧ ਮੁਕੱਦਮੇ ਦੀ ਸੁਣਵਾਈ।
Advertisement

ਸਵਰਾਜਬੀਰ

Advertisement

‘‘ਜਹਾਲਤ ਨਾਲ ਸ੍ਵੈ-ਵਿਸ਼ਵਾਸ ਤਾਂ ਮਿਲ ਜਾਂਦਾ ਹੈ ਪਰ ਗਿਆਨ ਨਹੀਂ।’’ - ਚਾਰਲਸ ਡਾਰਵਿਨ

ਪਿਛਲੇ ਕੁਝ ਮਹੀਨਿਆਂ ਤੋਂ ਵਿੱਦਿਅਕ ਅਦਾਰਿਆਂ ਤੇ ਹਲਕਿਆਂ ਵਿਚ ਉਨ੍ਹਾਂ ਮਜ਼ਮੂਨਾਂ/ਵਿਸ਼ਿਆਂ ਬਾਰੇ ਬਹਿਸ ਹੋ ਰਹੀ ਹੈ ਜਿਨ੍ਹਾਂ ਨੂੰ ਕੌਮੀ ਸਿੱਖਿਆ, ਖੋਜ ਅਤੇ ਸਿਖਲਾਈ ਪ੍ਰੀਸ਼ਦ (National Council of Education Research and Training- NCERT- ਐੱਨਸੀਈਆਰਟੀ) ਨੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੀਆਂ ਕਿਤਾਬਾਂ ਵਿਚੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਵਿਚੋਂ ਇਕ ਮਜ਼ਮੂਨ ਇਸ ਧਰਤੀ ’ਤੇ ਮਨੁੱਖ, ਹੋਰ ਜੀਵਾਂ ਤੇ ਬਨਸਪਤੀ ਦੇ ਪੈਦਾ ਹੋਣ ਤੇ ਉਨ੍ਹਾਂ ਦੇ ਵਿਕਾਸ ਬਾਰੇ ਸੀ। ਇਸ ਨੂੰ ਵਿਕਾਸਵਾਦ (Evolution) ਦਾ ਸਿਧਾਂਤ ਕਿਹਾ ਜਾਂਦਾ ਹੈ; ਇਸ ਦਾ ਬਾਨੀ ਸਿਧਾਂਤਕਾਰ ਇੰਗਲੈਂਡ ਦਾ ਚਾਰਲਸ ਡਾਰਵਿਨ ਸੀ। ਇਹ ਦਸਵੀਂ ਜਮਾਤ ਦੇ ਪਾਠਕ੍ਰਮ (ਸਿਲੇਬਸ) ਵਿਚ ਸੀ। ਹੁਣ ਇਸ ਬਾਰੇ ਪੜ੍ਹਾਈ ਉਹੀ ਵਿਦਿਆਰਥੀ ਕਰਨਗੇ ਜਿਹੜੇ 11ਵੀਂ-12ਵੀਂ ਵਿਚ ਜੀਵ-ਵਿਗਿਆਨ (Biology) ਦਾ ਵਿਸ਼ਾ ਲੈਣਗੇ ਜਾਂ ਆਪ ਰੁਚੀ ਲੈ ਕੇ ਇਸ ਵਿਸ਼ੇ ਬਾਰੇ ਪੜ੍ਹਨਗੇ।
ਪੰਜਾਬੀ ਵਿਚ ਸ਼ਬਦ ‘ਵਿਕਾਸਵਾਦ’ ਮਨ ਵਿਚ ਕੋਈ ਵੱਡੀ ਉਤੇਜਨਾ ਵਾਲੀਆਂ ਬੌਧਿਕ ਤਰਬਾਂ ਪੈਦਾ ਨਹੀਂ ਕਰਦਾ ਜਿਹੜਾ ਅੰਗਰੇਜ਼ੀ ਸ਼ਬਦ ‘Evolution’ ਕਰਦਾ ਹੈ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਪੰਜਾਬੀ ਲੋਕ-ਮਨ ਨੇ ਵਿਕਾਸਵਾਦ ਦੇ ਸਿਧਾਂਤ ਨੂੰ ਆਪਣੀ ਸਮੂਹਿਕ ਸਮਾਜਿਕ ਸੋਚ ਦਾ ਹਿੱਸਾ ਨਹੀਂ ਬਣਾਇਆ ਜਿਵੇਂ ਪੱਛਮੀ ਦੇਸ਼ਾਂ ਦੇ ਸਮਾਜ ਬਣਾ ਚੁੱਕੇ ਹਨ। ਉਨ੍ਹਾਂ ਦੇਸ਼ਾਂ ਵਿਚ ਇਸ ਵਿਸ਼ੇ ਬਾਰੇ ਵੱਡੇ ਵਾਦ-ਵਿਵਾਦ ਅਤੇ ਜਨਤਕ ਪੱਧਰ ’ਤੇ ਵਿਚਾਰ-ਵਟਾਂਦਰੇ ਹੋਏ।
ਵਿਕਾਸਵਾਦ (Evolution) ਦਾ ਸਿਧਾਂਤ ਤੇ ਵਿਚਾਰ ਬਹੁਤ ਜਟਿਲ ਵਿਸ਼ਾ ਹੈ। ਸਰਲ ਰੂਪ ਵਿਚ ਇਸ ਦੀ ਵਿਆਖਿਆ ਇਹ ਹੈ ਕਿ ਇਸ ਧਰਤੀ ’ਤੇ ਜੀਵ-ਜੰਤੂ ਤੇ ਬਨਸਪਤੀ ਕਿਸੇ ਪਰਾਭੌਤਿਕ ਸ਼ਕਤੀ, ਜਿਸ ਨੂੰ ਅਸੀਂ ਵੱਖ ਵੱਖ ਨਾਂ ਪਰਮਾਤਮਾ, ਰੱਬ, ਈਸ਼ਵਰ ਆਦਿ ਦਿੰਦੇ ਹਾਂ, ਨੇ ਨਹੀਂ ਬਣਾਏ। ਦੁਨੀਆ ਵਿਚ ਕਰੋੜਾਂ ਸਾਲ ਪਹਿਲਾਂ ਜਿਊਂਦੀਆਂ ਚੀਜ਼ਾਂ ਅਤਿਅੰਤ ਸਾਧਾਰਨ ਰੂਪ (ਇਕੋ ਸੈੱਲ ਵਾਲੇ ਜੀਵਾਂ ਤੇ ਉਨ੍ਹਾਂ ਤੋਂ ਵੀ ਮੁੱਢਲੇ ਰੂਪਾਂ) ਵਿਚ ਪੈਦਾ ਹੋਈਆਂ ਅਤੇ ਫਿਰ ਜਟਿਲ ਜੀਵ ਤੇ ਬਨਸਪਤੀ ਪੈਦਾ ਹੋਈ। ਕਈ ਤਰ੍ਹਾਂ ਦੀਆਂ ਜੀਵ-ਜਾਤੀਆਂ (species) ਪੈਦਾ ਹੋਈਆਂ, ਕਈ ਜਿਊਂਦੀਆਂ ਰਹੀਆਂ ਤੇ ਕਈ ਖ਼ਤਮ ਹੋ ਗਈਆਂ। ਜੀਵਾਂ ਵਿਚ ਸਭ ਤੋਂ ਵਿਕਸਿਤ ਜੀਵ ਮਨੁੱਖ ਹੈ ਅਤੇ ਉਹ ਬਣਮਾਣਸ ਜਿਹੇ ਵਡੇਰਿਆਂ ਤੋਂ ਵਿਕਸਿਤ ਹੋਇਆ। ਇਹ ਵਿਕਾਸ ਅਤਿਅੰਤ ਜਟਿਲ ਹੈ ਅਤੇ ਚਾਰਲਸ ਡਾਰਵਿਨ ਨੇ ਇਸ ਦੀ ਮੁੱਢਲੀ ਰੂਪ-ਰੇਖਾ ਅਤੇ ਸਿਧਾਂਤ ਆਪਣੀਆਂ ਕਿਤਾਬਾਂ ‘ਜੀਵ-ਜਾਤੀਆਂ ਦੀ ਉਤਪਤੀ ਬਾਰੇ (On The Origin of the Species)’ ਅਤੇ ‘ਮਨੁੱਖ ਦੀ ਉਤਪਤੀ (The Descent of Man)’ ਵਿਚ ਉਲੀਕੇ। ਹਜ਼ਾਰਾਂ ਵਿਗਿਆਨੀਆਂ ਨੇ ਇਸ ਸਿਧਾਂਤ ਨੂੰ ਸਹੀ ਸਾਬਤ ਕਰਨ ਲਈ ਸਬੂਤ ਲੱਭੇ ਅਤੇ ਇਸ ਨੂੰ ਵਿਗਿਆਨਕ ਅਤੇ ਤਰਕਸ਼ੀਲ ਆਧਾਰ ਦਿੱਤਾ। ਹੁਣ ਦੀਆਂ ਖੋਜਾਂ ਸਿੱਧ ਕਰਦੀਆਂ ਹਨ ਕਿ ਆਧੁਨਿਕ ਮਨੁੱਖ ਦਾ ਵਿਕਾਸ ਮਨੁੱਖ ਜਿਹੇ ਜੀਵਾਂ ਤੋਂ ਅਫਰੀਕਾ ਵਿਚ ਤਿੰਨ ਲੱਖ ਸਾਲ ਪਹਿਲਾਂ ਹੋਣਾ ਸ਼ੁਰੂ ਹੋਇਆ ਜਿੱਥੋਂ ਉਹ ਸਾਰੀ ਦੁਨੀਆ ਵਿਚ ਫੈਲੇ।
ਭਾਰਤ ਵਿਚ ਇਸ ਸਿਧਾਂਤ ਨੂੰ ਪਾਠਕ੍ਰਮ ਵਿਚੋਂ ਬਹੁਤ ਆਰਾਮ ਨਾਲ ਲਾਂਭੇ ਕਰ ਦਿੱਤਾ ਗਿਆ ਹੈ। ਕੀ ਕਿਸੇ ਹੋਰ ਦੇਸ਼ ਵਿਚ ਵੀ ਅਜਿਹਾ ਹੋਇਆ ਹੈ? ਇੰਗਲੈਂਡ ਵਿਚ ਡਾਰਵਿਨ ਦੀ ਪਹਿਲੀ ਕਿਤਾਬ ਛਪਣ ’ਤੇ ਵਾਦ-ਵਿਵਾਦ ਹੋਇਆ। ਇੰਗਲੈਂਡ ਦੇ ਐਂਗਲੀਕਨ ਚਰਚ ਨੇ ਵਿਕਾਸਵਾਦ ਦਾ ਵਿਰੋਧ ਕੀਤਾ ਪਰ ਕੁਝ ਧਾਰਮਿਕ ਆਗੂਆਂ ਨੇ ਇਸ ਦੀ ਹਮਾਇਤ ਵੀ ਕੀਤੀ। ਥਾਮਸ ਹਕਸਲੇ, ਜੋਸਫ ਹੁਕਰ, ਹਰਬਰਟ ਸਪੈਂਸਰ ਅਤੇ ਹੋਰ ਵਿਗਿਆਨੀ ਡਾਰਵਿਨ ਦੀ ਹਮਾਇਤ ਵਿਚ ਡਟੇ। ਅਮਰੀਕਾ ਵਿਚ ਇਸ ਦਾ ਵਿਰੋਧ ਵੀ ਹੋਇਆ ਤੇ ਇਸ ਨੂੰ ਸਵੀਕਾਰ ਵੀ ਕੀਤਾ ਗਿਆ। ਅਮਰੀਕਾ ਵਿਚ ਅਜੇ ਵੀ ਇਸ ਦਾ ਵਿਰੋਧ ਹੁੰਦਾ ਹੈ ਅਤੇ ਕੁਝ ਧਾਰਮਿਕ ਵਿਅਕਤੀ ਅਤੇ ਸੰਸਥਾਵਾਂ ਮੰਗ ਕਰਦੀਆਂ ਹਨ ਕਿ ਵਿਕਾਸਵਾਦ (Evolution) ਨੂੰ ਸਕੂਲਾਂ ਵਿਚ ਨਾ ਪੜ੍ਹਾਇਆ ਜਾਵੇ। ਅਜਿਹਾ ਵਿਰੋਧ ਕਿਸੇ ਨਾ ਕਿਸੇ ਰੂਪ ਵਿਚ ਹਰ ਦੇਸ਼ ਵਿਚ ਹੁੰਦਾ ਹੈ। ਸਾਊਦੀ ਅਰਬ, ਅਲਜੀਰੀਆ, ਮਰਾਕੋ ਅਤੇ ਮੁਸਲਿਮ ਬਹੁਗਿਣਤੀ ਵਾਲੇ ਕਈ ਦੇਸ਼ਾਂ ਵਿਚ ਇਸ ਸਿਧਾਂਤ ਦੇ ਪੜ੍ਹਾਉਣ ’ਤੇ ਪਾਬੰਦੀ ਹੈ। ਮਿਸਰ, ਕਤਰ, ਓਮਾਨ ਅਤੇ ਕਈ ਹੋਰ ਦੇਸ਼ਾਂ ਵਿਚ ਧਾਰਮਿਕ ਆਗੂਆਂ ਤੇ ਸੰਸਥਾਵਾਂ ਨੇ ਇਸ ਸਿਧਾਂਤ ਵਿਰੁੱਧ ਫ਼ਤਵੇ ਜਾਰੀ ਕੀਤੇ ਹਨ।
ਵੱਖ ਵੱਖ ਧਾਰਮਿਕ ਫ਼ਿਰਕੇ ਇਸ ਸਿਧਾਂਤ ਦਾ ਵਿਰੋਧ ਕਰਦੇ ਰਹੇ ਹਨ। ਕਈ ਫ਼ਿਰਕਿਆਂ ਨੇ ਇਸ ਨੂੰ ਸਵੀਕਾਰ ਵੀ ਕੀਤਾ ਪਰ ਸਵੀਕਾਰ ਹੋਣ ਦੀ ਪ੍ਰਕਿਰਿਆ ਬਹੁਤ ਜਟਿਲ ਰਹੀ ਹੈ। ਅਮਰੀਕਾ ਵਿਚ ਇਸ ਵਰਤਾਰੇ ਨੇ ਕਈ ਪੜਾਅ ਤੈਅ ਕੀਤੇ ਹਨ। ਸਕੂਲਾਂ ਵਿਚ ਇਹ ਸਿਧਾਂਤ 1859-60 ਤੋਂ ਪੜ੍ਹਾਉਣਾ ਸ਼ੁਰੂ ਕੀਤਾ ਗਿਆ। ਪਹਿਲੀ ਆਲਮੀ ਜੰਗ ਤੋਂ ਬਾਅਦ ਇਸ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਅਤੇ ਮਸ਼ਹੂਰ ਸਿਆਸੀ ਆਗੂ ਵਿਲੀਅਮ ਬਰਾਇਨ ਵਿਕਾਸਵਾਦ-ਵਿਰੋਧੀ ਲਹਿਰ ਦਾ ਆਗੂ ਬਣਿਆ; ਇਹ ਮੰਗ ਉੱਠੀ ਕਿ ਵਿਕਾਸਵਾਦ ਨੂੰ ਪੜ੍ਹਾਉਣ ’ਤੇ ਪਾਬੰਦੀ ਲਗਾਈ ਜਾਵੇ। ਓਕਲਾਹੋਮਾ, ਫਲੋਰਿਡਾ, ਟੇਨੇਸੀ, ਮਿਸਿਸਿਪੀ ਆਦਿ ਸੂਬਿਆਂ ਵਿਚ ਪਾਬੰਦੀ ਲਗਾਉਣ ਲਈ ਕਾਨੂੰਨ ਬਣਾਏ ਗਏ।
ਟੇਨੇਸੀ ਸੂਬੇ ਦੀ ਕਹਾਣੀ ਕਾਫੀ ਦਿਲਚਸਪ ਹੈ। ਵਿਧਾਇਕ ਜੌਹਨ ਬਟਲਰ ਨੇ 1925 ਵਿਚ ਸੂਬੇ ਦੇ ਹੇਠਲੇ ਸਦਨ ਵਿਚ ਸਕੂਲਾਂ ਵਿਚ ਇਸ ਸਿਧਾਂਤ ਦੇ ਪੜ੍ਹਾਉਣ ’ਤੇ ਪਾਬੰਦੀ ਲਗਾਉਣ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਬਾਰੇ ਬਿੱਲ ਪੇਸ਼ ਕੀਤਾ। ਇਹ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ‘ਬਟਲਰ ਕਾਨੂੰਨ (Buttler’s Act)’ ਵਜੋਂ ਜਾਣਿਆ ਜਾਂਦਾ ਹੈ। ਅਮਰੀਕਾ ਦੀ ਸਿਵਿਲ ਲਿਬਰਟੀਜ਼ ਯੂਨੀਅਨ ਨੇ ਪੇਸ਼ਕਸ਼ ਕੀਤੀ ਕਿ ਉਹ, ਉਨ੍ਹਾਂ ਅਧਿਆਪਕਾਂ ਜਿਹੜੇ ਵਿਕਾਸਵਾਦ ਪੜ੍ਹਾਉਣਗੇ, ਦੀ ਹਮਾਇਤ ਕਰੇਗੀ। ਜੌਹਨ ਸਕੋਪਸ ਨੇ ਇਹ ਪੇਸ਼ਕਸ਼ ਪ੍ਰਵਾਨ ਕੀਤੀ ਅਤੇ ਕੁਝ ਵਿਦਿਆਰਥੀਆਂ ਨੂੰ ਵਿਕਾਸਵਾਦ ਪੜ੍ਹਾਉਣਾ ਸ਼ੁਰੂ ਕੀਤਾ।
ਸਕੋਪਸ ’ਤੇ ਮੁਕੱਦਮਾ ਚਲਾਇਆ ਗਿਆ। ਮੁਕੱਦਮਾ 10 ਜੁਲਾਈ 1915 ਨੂੰ ਸੂਬੇ ਦੇ ਡੇਟਨ ਸ਼ਹਿਰ ਵਿਚ ਸ਼ੁਰੂ ਹੋਇਆ। ਸਰਕਾਰ ਦਾ ਪੱਖ ਸਾਬਕਾ ਵਿਦੇਸ਼ ਮੰਤਰੀ ਅਤੇ ਡੈਮੋਕਰੇਟਿਕ ਪਾਰਟੀ ਵੱਲੋਂ ਤਿੰਨ ਵਾਰ ਰਾਸ਼ਟਰਪਤੀ ਦੀ ਚੋਣ ਲੜਨ ਵਾਲੇ ਵਿਲੀਅਮ ਬਰਾਇਨ ਨੇ ਪੇਸ਼ ਕੀਤਾ ਅਤੇ ਸਕੋਪਸ ਦਾ ਪੱਖ ਮਸ਼ਹੂਰ ਫ਼ੌਜਦਾਰੀ ਵਕੀਲ ਕਲੀਅਰੈਂਸ ਡੈਰੋ ਨੇ। ਮੁਕੱਦਮੇ ਦੀ ਖਾਸੀਅਤ ਇਹ ਰਹੀ ਕਿ ਜੱਜ ਜੌਹਨ ਰਾਲਸਟੋਨ ਨੇ ਉੱਘੇ ਵਿਗਿਆਨੀਆਂ ਨੂੰ ਗਵਾਹੀ ਦੇਣ ਤੋਂ ਮਨ੍ਹਾਂ ਕਰ ਦਿੱਤਾ। ਜੱਜ ਨੇ ਕਾਨੂੰਨ ਅਤੇ ਬਾਈਬਲ ’ਚੋਂ ਹਵਾਲੇ ਦਿੱਤੇ ਅਤੇ ਜਿਊਰੀ ਨੂੰ ਆਦੇਸ਼ ਦਿੱਤਾ ਕਿ ਉਹ ਬਟਲਰ ਕਾਨੂੰਨ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਸਵਾਲ ਨਹੀਂ ਕਰੇਗੀ ਸਗੋਂ ਸਿਰਫ਼ ਇਹ ਦੇਖੇਗੀ ਕਿ ਸਕੋਪਸ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ। ਵਕੀਲ ਡੈਰੋ ਦੀ ਮੁਕੱਦਮੇ ਵਿਚ ਮਸ਼ਹੂਰ ਦਲੀਲ ਇਹ ਸੀ ਕਿ ਬਾਈਬਲ ਦਾ ਸਥਾਨ ਧਾਰਮਿਕ ਮਾਮਲਿਆਂ ਵਿਚ ਹੈ, ਵਿਗਿਆਨ ਦੇ ਸੰਸਾਰ ਵਿਚ ਨਹੀਂ। ਜਿਊਰੀ ਅਤੇ ਜੱਜ ਨੇ ਸਕੋਪਸ ਨੂੰ ਦੋਸ਼ੀ ਠਹਿਰਾਇਆ। ਸਕੋਪਸ ਨੇ ਕਿਹਾ, ‘‘ਮਾਨਯੋਗ ਜੱਜ ਸਾਹਿਬ, ਮੈਂ ਮਹਿਸੂਸ ਕਰ ਰਿਹਾਂ ਕਿ ਮੈਨੂੰ ਇਕ ਅਨਿਆਂਪੂਰਨ ਕਾਨੂੰਨ ਭੰਗ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਮੈਂ ਭਵਿੱਖ ਵਿਚ ਵੀ ਇਸ ਕਾਨੂੰਨ ਦੀ ਉਲੰਘਣਾ ਕਰਦਾ ਰਹਾਂਗਾ। ਮੇਰਾ ਕਿਸੇ ਹੋਰ ਤਰ੍ਹਾਂ ਕੰਮ ਕਰਨਾ ਮੇਰੇ ਅਕਾਦਮਿਕ ਆਜ਼ਾਦੀ ਦੇ ਆਦਰਸ਼ ਦੀ ਉਲੰਘਣਾ ਹੋਵੇਗੀ।’’
ਪ੍ਰਮੁੱਖ ਪ੍ਰਸ਼ਨ ਇਹੀ ਹੈ ਕਿ ਵਿਕਾਸਵਾਦ ਦਾ ਸਿਧਾਂਤ ਕੁਝ ਲੋਕਾਂ ਨੂੰ ਏਨਾ ਕਿਉਂ ਚੁਭਦਾ ਹੈ? ਉਹ ਇਸ ਦਾ ਵਿਰੋਧ ਕਿਉਂ ਕਰਦੇ ਹਨ? ਇਸ ਦਾ ਜਵਾਬ ਸਰਲ ਹੈ: ਵਿਕਾਸਵਾਦ ਇਹ ਸਿੱਧ ਕਰਦਾ ਹੈ ਕਿ ਧਰਤੀ ’ਤੇ ਜੀਵ-ਜੰਤੂ ਤੇ ਬਨਸਪਤੀ ਕਿਸੇ ਪਰਾਭੌਤਿਕ ਸ਼ਕਤੀ ਜਾਂ ਪਰਮਾਤਮਾ ਨੇ ਨਹੀਂ ਬਣਾਏ ਸਗੋਂ ਉਹ ਭੌਤਿਕ ਤੇ ਪਦਾਰਥਕ ਅਮਲ ’ਚੋਂ ਪੈਦਾ ਹੋਏ ਹਨ। ਕਈ ਧਾਰਮਿਕ ਵਿਦਵਾਨਾਂ ਦਾ ਖ਼ਿਆਲ ਹੈ ਕਿ ਇਹ ਸਿਧਾਂਤ ਧਰਮ-ਵਿਰੋਧੀ ਹੈ; ਇਹ ਲੋਕਾਂ ਦੇ ਮਨ ਵਿਚ ਪਰਮਾਤਮਾ ਦੀ ਹਸਤੀ ਬਾਰੇ ਸ਼ੰਕੇ ਪੈਦਾ ਕਰਦਾ ਅਤੇ ਧਾਰਮਿਕ ਸੱਤਾ ਨੂੰ ਠੇਸ ਪਹੁੰਚਾਉਂਦਾ ਹੈ। ਹਕੀਕਤ ਇਹ ਹੈ ਕਿ ਇਹ ਸਿਧਾਂਤ ਮਨੁੱਖ ਨੂੰ ਤਰਕ-ਆਧਾਰਿਤ ਚਿੰਤਨ ਤੇ ਖੋਜ ਕਰਨ ਦੀ ਚੁਣੌਤੀ ਦਿੰਦਾ ਹੈ। ਚਾਰਲਸ ਡਾਰਵਿਨ ਦੇ ਪ੍ਰਮੁੱਖ ਹਮਾਇਤੀ ਥਾਮਸ ਹਕਸਲੇ ਦਾ ਕਥਨ ਹੈ, ‘‘ਵਿਗਿਆਨ ਅਨੁਸਾਰ ਕੰਮ ਕਰਨ ਵਾਲੇ ਮਨੁੱਖ ਨੇ ਇਹ ਸਿੱਖਿਆ ਹੈ ਕਿ ਉਹ ਹਰ ਵਰਤਾਰੇ ਨੂੰ ਪ੍ਰਮਾਣ ਦੇ ਆਧਾਰ ’ਤੇ ਹੀ ਸਹੀ ਮੰਨੇਗਾ, ਵਿਸ਼ਵਾਸ (faith) ਦੇ ਆਧਾਰ ’ਤੇ ਨਹੀਂ।’’
ਵਿਕਾਸਵਾਦ ਦਾ ਮੁੱਖ ਵਿਰੋਧ ਇਸ ਕਰਕੇ ਹੁੰਦਾ ਰਿਹਾ ਹੈ ਕਿ ਇਹ ਮਨੁੱਖ, ਜੀਵ-ਜੰਤੂਆਂ ਅਤੇ ਬਨਸਪਤੀ ਦੇ ਵਿਕਸਿਤ ਹੋਣ ਦੀ ਵਿਗਿਆਨਕ ਕਹਾਣੀ ਦੱਸਦਾ ਹੈ; ਵਿਗਿਆਨਕ ਕਹਾਣੀ ਉਨ੍ਹਾਂ ਕਥਾਵਾਂ ਦੇ ਬਿਲਕੁਲ ਉਲਟ ਹੈ ਜੋ ਧਾਰਮਿਕ ਗ੍ਰੰਥਾਂ ਵਿਚ ਮਿਲਦੀਆਂ ਹਨ। ਮਨੁੱਖ ਹਜ਼ਾਰਾਂ ਸਾਲ ਸੰਸਾਰ ਅਤੇ ਜੀਵਾਂ ਦੀ ਉਤਪਤੀ ਉਨ੍ਹਾਂ ਕਥਾਵਾਂ ਅਨੁਸਾਰ ਮੰਨਦਾ ਆਇਆ ਹੈ; ਉਨ੍ਹਾਂ ਕਥਾਵਾਂ ਦੀ ਮਨੁੱਖੀ ਮਨ ’ਤੇ ਡੂੰਘੀ ਛਾਪ ਹੈ; ਦੂਸਰੇ ਪਾਸੇ ਵਿਕਾਸਵਾਦ ਨੇ ਵੀ ਮਨੁੱਖੀ ਮਨ ’ਤੇ ਅਮਿੱਟ ਪ੍ਰਭਾਵ ਛੱਡਿਆ ਹੈ।
ਸਮੇਂ ਤੇ ਇਤਿਹਾਸ ਦਾ ਗੇੜ ਹਮੇਸ਼ਾਂ ਤਰਕ, ਖੋਜ ਤੇ ਵਿਗਿਆਨ ਦੇ ਪੱਖ ਵਿਚ ਰਿਹਾ ਹੈ। ਇਸ ਗੇੜ ਦੇ ਰਾਹ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਦੇ ਹਜ਼ਾਰਾਂ ਯਤਨ ਕੀਤੇ ਗਏ ਪਰ ਮਨੁੱਖੀ ਮਨ ਵਹਿਮਾਂ, ਭਰਮਾਂ ਅਤੇ ਤਰਕਹੀਣ ਵਿਸ਼ਵਾਸਾਂ ਨੂੰ ਪਿਛਾਂਹ ਛੱਡਦਾ ਹੋਇਆ ਹਮੇਸ਼ਾਂ ਤਰਕ ਵੱਲ ਵਧਦਾ ਰਿਹਾ ਹੈ। ਚਾਰਲਸ ਡਾਰਵਿਨ ਇਸ ਸੱਚਾਈ ਨੂੰ ਜਾਣਦਾ ਸੀ ਤੇ ਉਸ ਨੇ ਇਸ ਨੂੰ ਇੰਝ ਬਿਆਨਿਆ, ‘‘ਦੁਨੀਆਂ ਨੂੰ ਲਗਾਤਾਰ ਗ਼ਲਤ ਤਰ੍ਹਾਂ ਨਾਲ ਬਿਆਨ ਕਰਨ ਵਾਲਿਆਂ ਦੀ ਤਾਕਤ ਕਾਫੀ ਜ਼ਿਆਦਾ ਹੈ ਪਰ ਖੁਸ਼ਕਿਸਮਤੀ ਨਾਲ ਵਿਗਿਆਨ ਦਾ ਇਤਿਹਾਸ ਇਹ ਦੱਸਦਾ ਹੈ ਕਿ ਇਹ ਤਾਕਤ ਜ਼ਿਆਦਾ ਦੇਰ ਤਕ ਕਾਇਮ ਨਹੀਂ ਰਹਿੰਦੀ।’’ ਇਸ ਰਾਹ ’ਤੇ ਤੁਰਦਿਆਂ ਮਨੁੱਖ ਨੇ ਅਨੇਕ ਕੁਰਬਾਨੀਆਂ ਕੀਤੀਆਂ ਹਨ। ਬਰੂਨੋ ਨੂੰ ਇਹ ਦੱਸਣ ’ਤੇ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਜ਼ਿੰਦਾ ਸਾੜਿਆ ਗਿਆ ਅਤੇ ਗੈਲੀਲਿਓ ਨੂੰ ਜੇਲ੍ਹ ਵਿਚ ਸੁੱਟਿਆ ਗਿਆ। ਇਸ ਸਭ ਕੁਝ ਦੇ ਬਾਵਜੂਦ ਵਿਗਿਆਨ ਦੇ ਵਿਰੋਧੀ ਤਰਕ ਤੇ ਵਿਗਿਆਨ ਦੇ ਸਫ਼ਰ ਨੂੰ ਰੋਕ ਨਹੀਂ ਸਕੇ। ਇਹ ਸਫ਼ਰ ਹਰ ਥਾਂ ਜਾਰੀ ਰਹਿਣਾ ਹੈ; ਭਾਰਤ ਵਿਚ ਵੀ। ਖੋਜੀ ਹੋਣਾ, ਪ੍ਰਸ਼ਨ ਕਰਨਾ, ਪ੍ਰਸ਼ਨਾਂ ਦੇ ਉੱਤਰ ਅਤੇ ਵਰਤਾਰਿਆਂ ਦੇ ਪ੍ਰਮਾਣ ਲੱਭਣਾ ਮਨੁੱਖ ਦੀ ਬਿਰਤੀ ਦਾ ਹਿੱਸਾ ਹੈ। ਸਾਡੇ ਚਿੰਤਕਾਂ, ਵਿਦਵਾਨਾਂ ਤੇ ਵਿਗਿਆਨੀਆਂ ਨੇ ਸਾਨੂੰ ਤਰਕ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ ਹੈ। ਪੰਜਾਬੀ ਦੇ ਸਿਰਮੌਰ ਸ਼ਾਇਰ ਪ੍ਰੋ. ਮੋਹਨ ਸਿੰਘ ਦਾ ਕਥਨ ਹੈ, ‘‘ਕਾਫ਼ਰ ਹੋਣੋ ਡਰ ਕੇ ਜੀਵੇਂ/ ਖੋਜੋਂ ਮੂਲ ਨਾ ਖੁੰਝੀਂ/ ਲਾਈਲਗ ਮੋਮਨ ਦੇ ਕੋਲੋਂ/ ਖੋਜੀ ਕਾਫ਼ਰ ਚੰਗਾ।’’
ਖੋਜੀ ਕਾਫ਼ਰ ਹੋਣਾ ਮਨੁੱਖ ਦੀ ਹੋਣੀ ਹੈ।

Advertisement
Tags :
Author Image

sukhwinder singh

View all posts

Advertisement
Advertisement
×