ਸਰਕਾਰੀ ਸਕੀਮਾਂ ਦਾ ਲਾਹਾ ਲੈਣ ਲਈ ਕਿਸੇ ਨੂੰ ਪੈਸੇ ਨਾ ਦਿਓ: ਮਮਤਾ
ਸੰਦੇਸ਼ਖਲੀ (ਪੱਛਮੀ ਬੰਗਾਲ), 30 ਦਸੰਬਰ
ਸਥਾਨਕ ਟੀਐੱਮਸੀ ਆਗੂਆਂ ਵੱਲੋਂ ਕਥਿਤ ਤੌਰ ’ਤੇ ਜ਼ਮੀਨ ’ਤੇ ਕਬਜ਼ਾ ਕਰਨ ਤੇ ਔਰਤਾਂ ਦੇ ਕਥਿਤ ਜਿਨਸੀ ਸ਼ੋਸ਼ਣ ਖ਼ਿਲਾਫ਼ ਹੋਏ ਮੁਜ਼ਾਹਰਿਆਂ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਪਹਿਲੀ ਵਾਰ ਸੰਦੇਸ਼ਖਲੀ ਦਾ ਦੌਰਾ ਕੀਤਾ ਗਿਆ। ਇੱਕ ਜਨਤਕ ਵੰਡ ਸਮਾਗਮ ਦੌਰਾਨ ਉਨ੍ਹਾਂ ਸਥਾਨਕ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕਿਸੇ ਵੀ ਵਿਅਕਤੀ ਨੂੰ ਪੈਸੇ ਨਾ ਦੇਣ ਲਈ ਕਿਹਾ। ਉਨ੍ਹਾਂ ਕਿਹਾ,‘ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਕੀਮਾਂ ਲਈ ਕਿਸੇ ਨੂੰ ਪੈਸੇ ਨਾ ਦਿਓ। ਇਹ ਪ੍ਰੋਗਰਾਮ ਸਰਕਾਰ ਵੱਲੋਂ ਚਲਾਏ ਜਾ ਰਹੇ ਹਨ ਤੇ ਇਸ ਪੈਸੇ ਦਾ ਸਬੰਧ ਸੂਬੇ ਨਾਲ ਹੈ। ਤੁਹਾਨੂੰ ਤੁਹਾਡੇ ਬੈਂਕ ਖਾਤਿਆਂ ਰਾਹੀਂ ਸਿੱਧੇ ਤੌਰ ’ਤੇ ਲਾਭ ਮਿਲ ਰਹੇ ਹਨ।’ ਉਨ੍ਹਾਂ ਸਥਾਨਕ ਔਰਤਾਂ ਨੂੰ ਵੀ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਕਿਸੇ ਵੀ ਕਾਰਨ ਲਈ ਫੋਨ ਕਰਦਾ ਹੈ ਤਾਂ ਉਹ ਇਸ ਗੱਲ ਵੱਲ ਗੌਰ ਕਰਨ। ਉਨ੍ਹਾਂ ਦੋਸ਼ ਲਾਇਆ ਕਿ ਸੰਦੇਸ਼ਖਲੀ ਵਿੱਚ ਹਾਲਾਤ ਵਿਗਾੜਨ ਲਈ ਵੱਡੀ ਮਾਤਰਾ ’ਚ ਪੈਸਿਆਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ,‘ਮੈਂ ਤੁਹਾਨੂੰ ਆਖਦੀ ਹਾਂ ਕਿ ਤੁਸੀਂ ਇਕੱਠੇ ਰਹੋ। ਸ਼ਰਾਰਤੀ ਤੱਤਾਂ ਤੋਂ ਸਾਵਧਾਨ ਰਹੋ। ਜੇਕਰ ਮਹਿਲਾਵਾਂ ਨੂੰ ਕੋਈ ਫੋਨ ਕਰੇ ਤਾਂ ਉਹ ਨਾ ਜਾਣ। ਜੇਕਰ ਤੁਸੀਂ ਕਿਸੇ ਸਰਕਾਰੀ ਸਕੀਮ ਦਾ ਲਾਹਾ ਲੈਣਾ ਚਾਹੁੰਦੇ ਹੋ ਤਾਂ ‘ਦੁਆਰੇ ਸਰਕਾਰ’ ਦੇ ਮੁਲਾਜ਼ਮ ਤੁਹਾਡੇ ਤੱਕ ਪਹੁੰਚ ਕਰਨਗੇ। ਉਨ੍ਹਾਂ ਕਿਹਾ,‘ਤੁਸੀਂ, ਭਾਜਪਾ ਦੀਆਂ ਸਾਜਿਸ਼ਾਂ ਨੂੰ ਜਾਣਦੇ ਹੋ। ਉਨ੍ਹਾਂ ਕੋਲ ਪੈਸਾ ਹੈ, ਪਰ ਤੁਸੀਂ ਇਹ ਨਾ ਲੈਣਾ... ਇਹ ਗੈਰ-ਕਾਨੂੰਨੀ ਧਨ ਹੈ ਤੇ ਸਥਾਨਕ ਲੋਕਾਂ ਨਾਲ ਇਸਦਾ ਲੈਣਾ ਦੇਣਾ ਨਹੀਂ ਹੈ। ਹੁਣ, ਸੀਪੀਆਈਐੱਮ ਵੀ ਲੰਮੇ ਦਾਅਵੇ ਕਰ ਰਹੀ ਹੈ। ਉਨ੍ਹਾਂ ਦੇ ਝੂਠੇ ਦਾਅਵਿਆਂ ਵੱਲ ਧਿਆਨ ਨਾ ਦਿਓ। ’-ਪੀਟੀਆਈ