For the best experience, open
https://m.punjabitribuneonline.com
on your mobile browser.
Advertisement

ਬਜ਼ੁਰਗਾਂ ਦਾ ਤਿਰਸਕਾਰ ਨਹੀਂ ਸਤਿਕਾਰ ਕਰੋ

10:55 AM Oct 28, 2023 IST
ਬਜ਼ੁਰਗਾਂ ਦਾ ਤਿਰਸਕਾਰ ਨਹੀਂ ਸਤਿਕਾਰ ਕਰੋ
Advertisement

ਬਰਜਿੰਦਰ ਕੌਰ ਬਿਸਰਾਓ

ਪਹਿਲਾਂ ਬਚਪਨ ਤੋਂ ਹੀ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਸੀ ਕਿ ‘ਬਜ਼ੁਰਗ ਸਾਡਾ ਅਨਮੋਲ ਸਰਮਾਇਆ ਹੁੰਦੇ ਹਨ, ਇਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਅਸੀਂ ਬਹੁਤ ਤਰੱਕੀ ਕਰ ਸਕਦੇ ਹਾਂ। ਇਹ ਘਰ ਦੀ ਨੀਂਹ ਹੁੰਦੇ ਹਨ, ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬਜ਼ੁਰਗਾਂ ਦਾ ਆਸ਼ੀਰਵਾਦ ਬਹੁਤ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ।’ ਪਰ ਅੱਜ ਦੇ ਜ਼ਮਾਨੇ ਵਿੱਚ ਸਾਡੇ ਸਮਾਜ ਵਿੱਚੋਂ ਇਹ ਕੀਮਤੀ ਗੱਲਾਂ ਮਨਫੀ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਅੱਜਕੱਲ੍ਹ ਔਲਾਦ ਦੀ ਨਜ਼ਰ ਬਜ਼ੁਰਗਾਂ ਨਾਲੋਂ ਵੱਧ ਉਨ੍ਹਾਂ ਦੇ ਸਰਮਾਏ ’ਤੇ ਟਿਕੀ ਹੁੰਦੀ ਹੈ।
ਸਾਡੇ ਸੱਭਿਆਚਾਰ ਵਿੱਚ ਕਿੱਥੇ ਤਾਂ ਬਜ਼ੁਰਗ ਮਰਦ ਨੂੰ ਬਾਬਾ ਬੋਹੜ ਅਤੇ ਬਜ਼ੁਰਗ ਔਰਤ ਨੂੰ ਘਣਛਾਵੀਂ ਬੇਰੀ ਕਹਿ ਕੇ ਬੁਲਾਇਆ ਜਾਂਦਾ ਸੀ ਤੇ ਕਿੱਥੇ ਹੁਣ ਉਨ੍ਹਾਂ ਨੂੰ ਬੁੜ੍ਹਾ-ਬੁੜ੍ਹੀ ਕਹਿ ਕੇ ਤ੍ਰਿਸਕਾਰਿਆ ਜਾਂਦਾ ਹੈ। ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ? ਮਾਂ ਦਿਵਸ ਤੇ ਪਿਤਾ ਦਿਵਸ ਜ਼ੋਰ ਸ਼ੋਰ ਨਾਲ ਮਨਾਏ ਜਾਂਦੇ ਹਨ, ਪਰ ਫਿਰ ਵੀ ਬਿਰਧ ਆਸ਼ਰਮ ਕਿਉਂ ਵਧ ਰਹੇ ਹਨ? ਬੇਸ਼ੱਕ ਦੁਨੀਆ ਭਰ ਵਿੱਚ ਬਜ਼ੁਰਗਾਂ ਪ੍ਰਤੀ ਦੁਰਵਿਵਹਾਰ ਅਤੇ ਬੇਇਨਸਾਫ਼ੀ ਨੂੰ ਖਤਮ ਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸੰਯੁਕਤ ਰਾਸ਼ਟਰ ਨੇ 14 ਦਸੰਬਰ 1990 ਨੂੰ ਹਰ ਸਾਲ 1 ਅਕਤੂਬਰ ਨੂੰ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ ਸੀ। ਇਸ ਦਿਨ ਬਜ਼ੁਰਗਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਸਤਿਕਾਰ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਦੀ ਗੱਲ ਆਖੀ ਗਈ ਤੇ ਪਹਿਲੀ ਵਾਰ 1 ਅਕਤੂਬਰ 1991 ਨੂੰ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਮਨਾਇਆ ਗਿਆ ਸੀ। ਪਰ ਕੀ ਉਨ੍ਹਾਂ ਦੀ ਸਥਿਤੀ ਸਚਮੁੱਚ ਸੁਧਰ ਰਹੀ ਹੈ? ਆਓ ਹੁਣ ਝਾਤੀ ਮਾਰ ਲਈਏ ਕਿ ਸਾਡੇ ਦੇਸ਼ ਵਿੱਚ ਬਜ਼ੁਰਗਾਂ ਦੀ ਅਸਲ ਹਾਲਤ ਕੀ ਹੈ।
ਸਾਡੇ ਸਮਾਜ ਵਿੱਚ ਆਮ ਕਰਕੇ ਬਹੁਤੇ ਬਜ਼ੁਰਗ ਅਣਗੌਲੇ ਕੀਤੇ ਜਾਂਦੇ ਹਨ। ਇਕੱਲੇ ਘਰਦਿਆਂ ਵੱਲੋਂ ਹੀ ਨਹੀਂ ਸਗੋਂ ਸਮਾਜ ਅਤੇ ਸਰਕਾਰਾਂ ਵੱਲੋਂ ਵੀ ਉਨ੍ਹਾਂ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ। ਸਾਡਾ ਦੇਸ਼ ਐਨਾ ਵੀ ਪ੍ਰਗਤੀਸ਼ੀਲ ਨਹੀਂ ਹੋਇਆ ਕਿ ਬਾਹਰਲੇ ਮੁਲਕਾਂ ਵਾਂਗ ਬਜ਼ੁਰਗਾਂ ਨੂੰ ਪੂਰੀ ਤਰ੍ਹਾਂ ਸੰਭਾਲਣ ਦੇ ਯੋਗ ਹੋ ਸਕੇ। ਬਜ਼ੁਰਗਾਂ ਦੇ ਨਾਂ ’ਤੇ ਸਰਕਾਰਾਂ ਵੱਲੋਂ ਸਕੀਮਾਂ ਵੀ ਬਹੁਤ ਚਲਾਈਆਂ ਜਾਂਦੀਆਂ ਹਨ। ਹਰ ਜਗ੍ਹਾ ਸੀਨੀਅਰ ਸਿਟੀਜ਼ਨ ਦੇ ਨਾਂ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਰਾਖਵੇਂਕਰਨ ਦੀਆਂ ਨੀਤੀਆਂ ਅਪਣਾਈਆਂ ਜਾਂਦੀਆਂ ਹਨ। ਉਸ ਦਾ ਉਨ੍ਹਾਂ ਨੂੰ ਕਿੰਨਾ ਲਾਹਾ ਮਿਲਦਾ ਹੈ, ਇਹ ਤਾਂ ਸਾਡੇ ਦੇਸ਼ ਵਿੱਚ ਜਦ ਬਜ਼ੁਰਗਾਂ ਦੀਆਂ ਸੜਕਾਂ ’ਤੇ ਰੁਲਦਿਆਂ ਦੀਆਂ, ਸਮਾਜ ਸੇਵੀ ਜਥੇਬੰਦੀਆਂ ਵੱਲੋਂ ਆਜ਼ਾਦ ਕਰਵਾਉਣ ਵਾਲੀਆਂ, ਪਰਿਵਾਰਕ ਮੈਂਬਰਾਂ ਵੱਲੋਂ ਜ਼ਬਰਦਸਤੀ ਬਿਰਧ ਆਸ਼ਰਮ ਛੱਡਣ ਦੀਆਂ, ਪੈਨਸ਼ਨਾਂ ਲਈ ਵੱਡੀਆਂ ਵੱਡੀਆਂ ਲਾਈਨਾਂ ਵਿੱਚ ਖੜ੍ਹਿਆਂ ਦੀਆਂ, ਕਈ ਭ੍ਰਿਸ਼ਟ ਬੈਂਕ ਕਰਮਚਾਰੀਆਂ ਵੱਲੋਂ ਪੈਨਸ਼ਨਾਂ ਵਿੱਚ ਬਿਨਾ ਮਤਲਬ ਦੀਆਂ ਕਟੌਤੀਆਂ ਕਰਨ ਦੀਆਂ ਜਾਂ ਬਜ਼ੁਰਗਾਂ ਉੱਤੇ ਆਪਣੀਆਂ ਹੀ ਔਲਾਦਾਂ ਦੁਆਰਾ ਅੱਤਿਆਚਾਰ ਦੀਆਂ ਹੋਰ ਵੀ ਦਿਲ ਨੂੰ ਦਹਿਲਾ ਦੇਣ ਵਾਲੀਆਂ ਘਟਨਾਵਾਂ ਦੀਆਂ ਗੱਲਾਂ ਜਾਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਹ ਤਾਂ ਭਲਾ ਹੋਵੇ ਉਨ੍ਹਾਂ ਦਾ ਜੋ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਇਨ੍ਹਾਂ ਦਾ ਸਹਾਰਾ ਬਣਦੇ ਹਨ। ਉਸ ਤੋਂ ਪਹਿਲਾਂ ਉਹ ਬਜ਼ੁਰਗ ਪਤਾ ਨਹੀਂ ਕਿੰਨਾ ਕੁ ਸੰਤਾਪ ਭੋਗ ਚੁੱਕੇ ਹੁੰਦੇ ਹਨ।
ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ। ਉਦੋਂ ਵੱਡਿਆਂ ਪ੍ਰਤੀ ਪਿਆਰ, ਸਤਿਕਾਰ, ਜ਼ਿੰਮੇਵਾਰੀ, ਸਮਾਜ ਦੀ ਸ਼ਰਮ, ਹਯਾ ਆਦਿ ਗੱਲਾਂ ਤਹਿਜ਼ੀਬ ਦਾ ਇੱਕ ਹਿੱਸਾ ਹੁੰਦੀਆਂ ਸਨ। ਘਰ ਦਾ ਬਜ਼ੁਰਗ ਚਾਹੇ ਨੱਬੇ ਵਰ੍ਹਿਆਂ ਦੀ ਉਮਰ ਟੱਪ ਜਾਂਦਾ ਸੀ ਤਾਂ ਵੀ ਪੰਜ ਪੰਜ ਪੁੱਤਾਂ ਦੇ ਪਰਿਵਾਰਾਂ ਦੇ ਇਕੱਠ ਦੀ ਵਜ੍ਹਾ ਹੁੰਦਾ ਸੀ, ਪਰ ਇਕਹਿਰੇ ਪਰਿਵਾਰਾਂ ਵਿੱਚ ਤਹਿਜ਼ੀਬ ਨਾਂ ਦਾ ਸ਼ਬਦ ਤਾਂ ਖੰਭ ਲਾ ਕੇ ਉੱਡ ਹੀ ਗਿਆ ਹੈ। ਗਿੱਦੜ ਦੇ ਰੰਗ ਵਾਲੇ ਮੱਟ ਵਿੱਚ ਡਿੱਗ ਕੇ ਰੰਗਿਆ ਜਾਣਾ ਤੇ ਆਪਣੇ ਆਪ ਨੂੰ ਸ਼ੇਰ ਸਾਬਤ ਕਰਨ ਵਾਲਾ ਡਰਾਮਾ ਰਚਣ ਵਾਲਾ ਹਾਲ ਤਾਂ ਸਾਡੀ ਸੱਭਿਅਤਾ ਦਾ ਹੋ ਗਿਆ ਹੈ। ਅਸੀਂ ਵੀ ਪੱਛਮੀ ਸੱਭਿਅਤਾ ਦੀ ਰੰਗਤ ਚਾੜ੍ਹ ਕੇ ਝੂਠ ਮੂਠ ਦੇ ਸ਼ੇਰ ਬਣ ਕੇ ਆਪਣਾ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਹੁਤ ਕੁਝ ਗੁਆ ਰਹੇ ਹਾਂ ਜਿਸ ਦੇ ਨਤੀਜੇ ਸਭ ਨੂੰ ਹੀ ਭੁਗਤਣੇ ਪੈ ਰਹੇ ਹਨ। ਖ਼ਾਸ ਕਰਕੇ ਜਦੋਂ ਬੁਢਾਪਾ ਆਉਂਦਾ ਹੈ ਤੇ ਸਰੀਰ ਦਿਨੋਂ ਦਿਨ ਨਿਰਬਲ ਹੋਣ ਲੱਗਦਾ ਹੈ ਤਾਂ ਫਿਰ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਪਾਲੀਆਂ ਪੋਸੀਆਂ ਔਲਾਦਾਂ ਇਸ ਕਾਬਲ ਨਹੀਂ ਹੁੰਦੀਆਂ ਕਿ ਉਹ ਆਪਣੇ ਬਜ਼ੁਰਗਾਂ ਨੂੰ ਸਮਾਂ ਦੇ ਸਕਣ, ਉਨ੍ਹਾਂ ਨੂੰ ਸੰਭਾਲ ਸਕਣ।
ਆਮ ਕਰਕੇ ਨਵੀਂ ਪੀੜ੍ਹੀ ਦੇ ਨੌਜਵਾਨ ਬਜ਼ੁਰਗਾਂ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ। ਜੇ ਕੋਈ ਉਨ੍ਹਾਂ ਦੀ ਗੱਲ ਸੁਣ ਲੈਣ ਤਾਂ ਉਸ ਨੂੰ ਬਿਨਾ ਮਤਲਬ ਦੀ ਸਲਾਹ ਜਾਂ ਹੁਣ ਜ਼ਮਾਨਾ ਬਦਲ ਗਿਆ ਆਖ ਕੇ ਟਾਲ ਦਿੱਤਾ ਜਾਂਦਾ ਹੈ। ਬਹੁਤਾ ਕਰਕੇ ਤਾਂ ਬਜ਼ੁਰਗਾਂ ਦਾ ਮੰਜਾ ਹੀ ਬਾਕੀ ਪਰਿਵਾਰ ਦੇ ਉੱਠਣ ਬੈਠਣ ਵਾਲੀ ਜਗ੍ਹਾ ਤੋਂ ਐਨੀ ਦੂਰ ਡਾਹ ਦਿੱਤਾ ਜਾਂਦਾ ਹੈ ਕਿ ਉਹ ਦੂਰੋਂ ਹੀ ਉਨ੍ਹਾਂ ਨੂੰ ਹੱਸਦਿਆਂ ਖੇਡਦਿਆਂ ਨੂੰ ਮੁਤਰ ਮੁਤਰ ਦੇਖੀ ਜਾਂਦਾ ਹੈ। ਜੇ ਕਿਤੇ ਉਹ ਕਿਸੇ ਨਿਆਣੇ ਨਿੱਕੇ ਨੂੰ ਹਾਕ ਮਾਰ ਦੇਵੇ ਤਾਂ ਇੱਕ ਦੋ ਹਾਕਾਂ ਨੂੰ ਅਣਗੌਲਿਆਂ ਕਰ ਦਿੰਦੇ ਹਨ। ਉਸ ਦੁਆਰਾ ਤੀਜੀ ਚੌਥੀ ਆਵਾਜ਼ ਮਾਰਨ ’ਤੇ ਤਾਂ ਵਿੱਚੋਂ ਹੀ ਕੋਈ ਨਾ ਕੋਈ ਆਖ ਦਿੰਦਾ ਹੈ, ‘‘ਇਨ੍ਹਾਂ ਨੂੰ ਪਰ੍ਹੇ ਬੈਠਿਆਂ ਨੂੰ ਵੀ ਟੇਕ ਨਹੀਂ... ਜਵਾਕਾਂ ਨੂੰ ਹੱਸਦਿਆਂ ਨੂੰ ਦੇਖ ਕੇ ਊਈਂ ਨ੍ਹੀਂ ਜਰਦੇ...ਹਾਕਾਂ ਤੇ ਹਾਕਾਂ ਮਾਰ ਮਾਰ ਕੇ ਸਿਰ ਖਾ ਲਿਆ...।’’ ਉਂਝ ਉਹ ਇਕੱਲੇ ਪਰ੍ਹਾਂ ਬੈਠ ਕੇ ਕਰਨ ਵੀ ਕੀ। ਜੇ ਉਨ੍ਹਾਂ ਦਾ ਮੰਜਾ ਪਰਿਵਾਰ ਵਿੱਚ ਹੀ ਡਾਹ ਕੇ ਉਨ੍ਹਾਂ ਨੂੰ ਵੀ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦੇ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਅਤੇ ਆਪਣਾ ਸਤਿਕਾਰ ਵੀ ਵਧਦਾ ਹੈ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਿਆ ਵੀ ਜਾ ਸਕਦਾ ਹੈ।
ਇਸ ਮਾਮਲੇ ਵਿੱਚ ਸਰਕਾਰੀ ਪੈਨਸ਼ਨਾਂ ਲੈਣ ਵਾਲੇ ਬਜ਼ੁਰਗ ਆਮ ਬਜ਼ੁਰਗਾਂ ਤੋਂ ਥੋੜ੍ਹੇ ਜਿਹੇ ਕਿਸਮਤ ਵਾਲੇ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਪੈਨਸ਼ਨ ਦੇ ਲਾਲਚ ਵਿੱਚ ਔਲਾਦ ਨੂੰ ਉਨ੍ਹਾਂ ਦੀ ‘ਪੁੱਛ ਗਿੱਛ’ ਕਰਨੀ ਪੈਂਦੀ ਹੈ। ਅਸਲ ਵਿੱਚ ਪੁੱਛ ਗਿੱਛ ਪੈਨਸ਼ਨ ਦੇ ਪੈਸਿਆਂ ਦੀ ਹੁੰਦੀ ਹੈ ਨਾ ਕਿ ਬਜ਼ੁਰਗ ਦੀ। ਇੱਕ ਵਾਰੀ ਫ਼ੌਜੀ ਕੈਂਟੀਨ ’ਤੇ ਮੈਂ ਘਰ ਦੀਆਂ ਜ਼ਰੂਰਤਾਂ ਦਾ ਸਾਮਾਨ ਲੈਣ ਲਈ ਗਈ। ਉੱਥੇ ਐਂਟਰੀ ਕਰਨ ਵਾਲੀ ਥਾਂ ’ਤੇ ਬਾਹਰ ਬੈਂਚ ’ਤੇ ਇੱਕ ਨੱਬੇ ਕੁ ਸਾਲ ਦਾ ਬਜ਼ੁਰਗ ਬੈਠਾ ਸੀ। ਜੇਠ ਹਾੜ੍ਹ ਦੀਆਂ ਧੁੱਪਾਂ ਨਾਲ ਉੱਪਰਲਾ ਸ਼ੈੱਡ ਤਪਸ਼ ਮਾਰੇ। ਦੇਖਣ ਨੂੰ ਇਸ ਤਰ੍ਹਾਂ ਲੱਗੇ ਕਿ ਬਜ਼ੁਰਗ ਹੁਣੇ ਮੋਇਆ ਕਿ ਮੋਇਆ। ਉਹ ਗਰਮੀ ਨਾਲ ਮੁੜ੍ਹਕੋ ਮੁੜ੍ਹਕੀ, ਬੁੱਲ੍ਹ ਸੁੱਕੇ ਹੋਏ, ਸਰੀਰ ਬੁਢਾਪੇ ਨਾਲ ਜਮ੍ਹਾਂ ਈ ਸੁੰਗੜਿਆ ਅਤੇ ਕੰਬਦਾ ਹੋਇਆ। ਅੱਖਾਂ ’ਤੇ ਮੋਟੇ ਚਸ਼ਮੇ, ਸਮਝੋ ਜਿਉਂਦੀ ਲਾਸ਼। ਓਹਦੀ ਨੂੰਹ ਸੀ ਜਾਂ ਧੀ ਕਹਿਣ ਲੱਗੀ, ‘‘ਭਾਪਾ ਜੀ ਕਾਰਡ ਦੇ ਦਿਓ ਤੇ ਤੁਸੀਂ ਇੱਥੇ ਬੈਠੋ...ਅਸੀਂ ਆਉਂਦੀਆਂ।’’ ਭਾਪਾ ਜੀ ਕਾਹਨੂੰ ਉਹ ਤਾਂ ਇੱਕ ਕਾਰਡ ਸੀ। ਭਾਪਾ ਜੀ ਵਿਚਾਰੇ ਤਪਦੀ ਗਰਮੀ ਵਿੱਚ ਤਿੰਨ ਚਾਰ ਘੰਟੇ ਬੈਠੇ ਮਰਨ ਵਾਲੇ ਹੋਏ ਪਏ ਨਾ ਪਾਣੀ ਨਾ ਧਾਣੀ... ਉਹ ਔਰਤਾਂ ਦੁਪਹਿਰ ਨੂੰ ਦੋ ਵਜੇ ਕੈਂਟੀਨ ਦੇ ਬੰਦ ਹੋਣ ਵੇਲੇ ਅੰਦਰੋਂ ਸਾਮਾਨ ਲੈ ਆਈਆਂ। ਉਹ ਸਾਮਾਨ ਆਟੋ ਰਿਕਸ਼ਾ ਵਿੱਚ ਰੱਖਣ ਲੱਗੀਆਂ ਜਿਵੇਂ ਕੋਈ ਦੁਕਾਨ ਖਾਲੀ ਕਰਕੇ ਚੱਲਿਆ ਹੋਵੇ। ਜਦੋਂ ਕਿ ਦੇਖਣ ਨੂੰ ਹੀ ਲੱਗਦਾ ਸੀ ਕਿ ਜ਼ਰੂਰਤ ਦੇ ਸਾਮਾਨ ਨਾਲੋਂ ਜ਼ਿਆਦਾ ਬਜ਼ੁਰਗ ਦੇ ਕਾਰਡ ਦਾ ਲਾਹਾ ਚੁੱਕਿਆ ਜਾ ਰਿਹਾ ਸੀ। ਇਹ ਇੱਕ ਬਜ਼ੁਰਗ ਦੀ ਕਹਾਣੀ ਨਹੀਂ ਹੈ। ਪਤਾ ਨਹੀਂ ਕਿੰਨੇ ਕੁ ਕਾਰਡਾਂ ਵਾਲੇ ਬਜ਼ੁਰਗਾਂ ਦੀ ਇਹ ਆਪਬੀਤੀ ਹੋ ਸਕਦੀ ਹੈ।
ਇਸ ਤਰ੍ਹਾਂ ਕਈ ਪਤੀ-ਪਤਨੀ ਦੋਵੇਂ ਨੌਕਰੀ ਕਰਦੇ ਹੋਣ ਕਰਕੇ ਸਿਰਫ਼ ਆਪਣੇ ਬੱਚਿਆਂ ਨੂੰ ਸਾਂਭਣ ਲਈ ਹੀ ਆਪਣੇ ਕੋਲ ਰੱਖਦੇ ਹਨ। ਕਈ ਆਪਣਾ ਘਰ ਸਾਂਭਣ ਲਈ ਰੱਖਦੇ ਹਨ ਤੇ ਕਈ ਕੰਮ ਵਿੱਚ ਹੱਥ ਵਟਾਉਣ ਕਰਕੇ ਰੱਖਦੇ ਹਨ। ਜਦੋਂ ਉਹ ਬਜ਼ੁਰਗ ਬਿਮਾਰੀਆਂ ਜਾਂ ਕਮਜ਼ੋਰੀਆਂ ਕਾਰਨ ਇਨ੍ਹਾਂ ਕੰਮਾਂ ਦੇ ਯੋਗ ਨਹੀਂ ਰਹਿੰਦੇ ਤਾਂ ਉਨ੍ਹਾਂ ਨੂੰ ਆਪਣੇ ਉੱਪਰ ਬੋਝ ਸਮਝਦੇ ਹਨ। ਇੱਕ ਉਨ੍ਹਾਂ ਬਜ਼ੁਰਗਾਂ ਦੀ ਲਾਚਾਰੀ ਅਤੇ ਉੱਪਰੋਂ ਆਪਣੇ ਲਾਡਲਿਆਂ ਦੀ ਦੁਰਾਚਾਰੀ ਬੁਢਾਪੇ ਨੂੰ ਨਰਕ ਵਿੱਚ ਬਦਲ ਦਿੰਦੀ ਹੈ। ਸੋ ਮੁੱਕਦੀ ਗੱਲ ਇਹ ਹੈ ਕਿ ਇਹ ਗੱਲ ਹਮੇਸ਼ਾਂ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਨਿ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਅਤੇ ਸਰਮਾਇਆ ਉਨ੍ਹਾਂ ਉੱਪਰ ਲੁਟਾ ਕੇ ਕਿਸੇ ਯੋਗ ਬਣਾਇਆ ਹੁੰਦਾ ਹੈ, ਉਨ੍ਹਾਂ ਨੂੰ ਉਸੇ ਤਰ੍ਹਾਂ ਸੰਭਾਲਣਾ ਉਨ੍ਹਾਂ ਦਾ ਫਰਜ਼ ਬਣਦਾ ਹੈ। ਉਹ ਕੋਈ ਨੌਕਰ ਨਹੀਂ ਜੋ ਉਨ੍ਹਾਂ ਨੂੰ ਕਿਸੇ ਖ਼ਾਸ ਮਕਸਦ ਲਈ ਹੀ ਵਰਤਿਆ ਜਾਵੇ ਤੇ ਨਾ ਹੀ ਉਹ ਘਰ ਦੇ ਕਬਾੜ ਵਾਂਗੂ ਫਾਲਤੂ ਹੁੰਦੇ ਹਨ ਜਨਿ੍ਹਾਂ ਨੂੰ ਇੱਕ ਨੁੱਕਰੇ ਅਲੱਗ ਕਰਕੇ ਸੁੱਟ ਦਿੱਤਾ ਜਾਵੇ। ਉਨ੍ਹਾਂ ਦਾ ਵੀ ਗੱਲਾਂ ਕਰਨ ਨੂੰ ਦਿਲ ਕਰਦਾ ਹੈ ਦੇ ਰੁਝੇਵਿਆਂ ਵਿੱਚੋਂ ਚੌਵੀ ਘੰਟਿਆਂ ਵਿੱਚੋਂ ਦਸ ਮਿੰਟ ਉਨ੍ਹਾਂ ਨੂੰ ਦੇ ਦਿੱਤੇ ਜਾਣ ਤਾਂ ਉਹ ਤੁਹਾਨੂੰ ਦੁਆਵਾਂ ਦੇ ਕੇ ਅਤੇ ਹਰ ਕਿਸੇ ਕੋਲ ਵਡਿਆਈ ਕਰ ਕੇ ਤੁਹਾਨੂੰ ਦੁਨੀਆ ਦੀ ਸਭ ਤੋਂ ਨੇਕ ਔਲਾਦ ਦੀ ਕਤਾਰ ਵਿੱਚ ਖੜ੍ਹੇ ਕਰ ਦੇਣਗੇ। ਦੁਨੀਆ ਵੱਲੋਂ ਵਡਿਆਈ ਆਪਣੇ ਆਪ ਹੀ ਮਿਲਦੀ ਹੈ ਬਸ ਸੋਚ ਬਦਲਣ ਦੀ ਲੋੜ ਹੈ।
ਬਜ਼ੁਰਗਾਂ ਦਾ ਸਤਿਕਾਰ ਸਾਡੇ ਮਨ ਵਿੱਚ ਹਰ ਪਲ ਹੋਣਾ ਚਾਹੀਦਾ ਹੈ। ਚਾਹੇ ਬਜ਼ੁਰਗਾਂ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਨ ਅਤੇ ਉਨ੍ਹਾਂ ਬਾਰੇ ਸੋਚਣ ਦੀ ਲੋੜ ਨੂੰ ਪ੍ਰਗਟ ਕਰਨ ਲਈ ਰਸਮੀ ਤੌਰ ’ਤੇ ਹਰ ਸਾਲ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਦਿਨ ਦੀ ਸ਼ੁਰੂਆਤ ਦੁਨੀਆ ਵਿੱਚ ਬਜ਼ੁਰਗਾਂ ਨਾਲ ਹੋ ਰਹੀ ਬੇਇਨਸਾਫ਼ੀ, ਅਣਗਹਿਲੀ ਅਤੇ ਦੁਰਵਿਵਹਾਰ ਨੂੰ ਰੋਕਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਸ ਗੱਲ ਨੂੰ ਜ਼ਰੂਰ ਵਿਚਾਰਨਾ ਪਵੇਗਾ ਕਿ ਕਿਤੇ ਇਹ ਇੱਕ ਦਿਨ ਦਾ ਸਨਮਾਨ ਦਿਵਸ ਹੀ ਤਾਂ ਨਹੀਂ ਬਣ ਕੇ ਰਹਿ ਜਾਂਦਾ।

Advertisement

ਸੰਪਰਕ: 99889-01324

Advertisement
Author Image

sukhwinder singh

View all posts

Advertisement
Advertisement
×