ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੁੱਟੇ ਨਾ ਵਿਸ਼ਵਾਸ ਦੀ ਡੋਰ

08:57 AM Jun 22, 2024 IST

ਬਲਜਿੰਦਰ ਸਿੰਘ ਬਾਲੀ ਰੇਤਗੜ੍ਹ

ਹਰ ਸਮਾਜ ਦੇ ਆਪਣੇ ਆਪਣੇ ਕਾਇਦੇ ਕਾਨੂੰਨ ਹੁੰਦੇ ਹਨ। ਇਨ੍ਹਾਂ ਕਾਇਦੇ ਕਾਨੂੰਨਾਂ ਦਾ ਮੂਲ ਆਧਾਰ ਉਸ ਭਾਈਚਾਰੇ, ਉਸ ਸਮਾਜ ਦੇ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਜੁੜੇ ਹੋਏ ਸੰਸਕਾਰ ਹੁੰਦੇ ਹਨ। ਇਨ੍ਹਾਂ ਸੰਸਕਾਰਾਂ ਨਾਲ ਮਨੁੱਖੀ ਜੀਵਨ ਦੇ ਰਿਸ਼ਤੇ ਬਣਦੇ ਅਤੇ ਨਿਭਦੇ ਹਨ। ਤੁਹਾਡੇ ਜਿਹੋ ਜਿਹੇ ਸੰਸਕਾਰ, ਤਿਹੋ ਜਿਹੇ ਰਿਸ਼ਤੇ ਹੋਣਗੇ। ਰਿਸ਼ਤੇ ਕੁਦਰਤ ਦਾ ਅਨਮੋਲ ਵਰਦਾਨ ਹਨ। ਰਿਸ਼ਤਿਆਂ ਨਾਲ ਹੀ ਜੀਵਨ ਦਾ ਚੱਕਰ ਘੁੰਮਦਾ ਹੈ। ਮਨੁੱਖੀ ਜੀਵਨ ਸੁਚਾਰੂ ਢੰਗ ਨਾਲ ਨਵੀਆਂ ਪੁਲਾਘਾਂ ਪੁੱਟਦਾ ਗਤੀਮਾਨ ਰਹਿੰਦਾ ਹੈ। ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲੇ ਸੰਸਕਾਰ, ਸੰਸਕਾਰੀ ਰਿਸ਼ਤੇ ਸਮਾਜ ਦੀ ਨੈਤਿਕਤਾ ਅਤੇ ਸਮਾਜਿਕ ਕਦਰਾਂ ਕੀਮਤਾਂ ਦਾ ਮੂਲ ਆਧਾਰ ਹੁੰਦੇ ਹਨ। ਇਹ ਮੂਲ ਆਧਾਰ ਜੀਵਨ ਦੇ ਰਸਾਂ ਦਾ ਆਨੰਦ ਬਣਦੇ ਹਨ। ਰਿਸ਼ਤਿਆਂ ਵਿੱਚ ਕੜਵਾਹਟ ਨੂੰ ਕੋਈ ਥਾਂ ਨਹੀਂ। ਹਰ ਵਿਅਕਤੀ ਦਾ ਸਵੈਮਾਣ ਬਰਕਰਾਰ ਰਹਿਣਾ ਅਤਿ ਜ਼ਰੂਰੀ ਹੈ। ਆਪਣੀ ਗ਼ਲਤੀ ’ਤੇ ਪਛਤਾਵਾ ਕਰਨ ਨਾਲ ਕੋਈ ਵੀ ਮਨੁੱਖ ਨੀਵਾਂ ਨਹੀਂ ਹੁੰਦਾ।
ਮੰਨਦੇ ਹਾਂ, ਵਕਤ ਦੀ ਚਾਲ ਨਾਲ ਮਨੁੱਖੀ ਜੀਵਨ ਵਿੱਚ ਤੇਜ਼ੀ ਨਾਲ ਤਬਦੀਲੀਆਂ ਆਉਂਦੀਆਂ ਹਨ। ਤਬਦੀਲੀਆਂ ਦਾ ਆਉਣਾ ਵੀ ਕੁਦਰਤੀ ਪ੍ਰਕਿਰਿਆ ਹੈ। ਤਬਦੀਲੀਆਂ ਦੇ ਬਿਨਾਂ ਤਾਂ ਜੀਵਨ ਵਿੱਚ ਖੜੋਤ ਹੀ ਆ ਜਾਵੇਗੀ। ਕਿਸੇ ਦਰਿਆ ਦੇ ਪਾਣੀ ਵਿੱਚ ਖੜੋਤ ਆ ਜਾਵੇ ਤਾਂ ਸਾਫ਼ ਤੇ ਪਵਿੱਤਰ ਪੀਣਯੋਗ ਪਾਣੀ ਵੀ ਗੰਧਲਾ ਜਾਵੇਗਾ, ਮੁਸ਼ਕ ਜਾਵੇਗਾ। ਪਰ ਜੇਕਰ ਇਸੇ ਪਾਣੀ ਦਾ ਵਹਾਅ ਆਪ ਮੁਹਾਰਾ ਹੋ ਕੇ ਕਰੋਧ ਦੀ ਦਿਸ਼ਾ ਵਿੱਚ ਆਪਣਾ ਵੇਗ ਬਣਾ ਲਏ ਤਾਂ ਇਹ ਮਨੁੱਖੀ ਜੀਵਨ ਦੀ ਤਬਾਹੀ ਕਰਦਾ ਆਪਣੀ ਹੋਂਦ ਵੀ ਗੁਆ ਬੈਠੇਗਾ। ਪਾਣੀ ਦਾ ਸਹਿਜ ਹੋ ਕੇ ਚੱਲਣਾ ਹੀ ਧਰਤੀ, ਜਲਵਾਯੂ ਅਤੇ ਪ੍ਰਾਣੀਆਂ ਲਈ ਜੀਵਨ ਹੈ। ਇਸੇ ਤਰ੍ਹਾਂ ਸਾਡੇ ਜੀਵਨ ਦਾ ਵਹਿਣ ਤੋਰਨ ਵਾਲੇ ਰਿਸ਼ਤੇ ਹਨ। ਰਿਸ਼ਤਿਆਂ ਨਾਲ ਸਮਾਜਿਕ ਮਰਿਆਦਾਵਾਂ ਬਣਦੀਆਂ ਹਨ। ਜ਼ਿੰਦਗੀ ਦੇ ਰਸ ਮਾਣੇ ਜਾ ਸਕਦੇ ਸਨ। ਮਾਂ ਦੇ ਗਰਭ ਤੋਂ ਮਾਂ-ਬਾਪ ਦਾ ਰਿਸ਼ਤਾ, ਭੈਣ-ਭਰਾਵਾਂ ਦਾ ਰਿਸ਼ਤਾ ਬਣਦਾ ਹੈ। ਚਾਚੇ-ਤਾਏ, ਦਾਦਾ-ਦਾਦੀ ਆਦਿ ਬਣਦੇ ਹਨ। ਵਿਸ਼ਵਾਸ ਅਤੇ ਪਿਆਰ ਤੋਂ ਪਤੀ-ਪਤਨੀ ਦੇ ਰਿਸ਼ਤੇ ਬਣਦੇ ਅਤੇ ਨਿਭਦੇ ਹਨ।
ਮਨੁੱਖੀ ਜੀਵਨ ਰਿਸ਼ਤਿਆਂ ਨਾਲ ਹੀ ਚੱਲਦਾ ਹੈ। ਰਿਸ਼ਤਿਆਂ ਤੋਂ ਬਿਨਾਂ ਮਨੁੱਖ ਅਤੇ ਪਸ਼ੂਆਂ ਵਿੱਚ ਕੀ ਅੰਤਰ? ਰਿਸ਼ਤਿਆਂ ਦੀ ਪਰਿਭਾਸ਼ਾ ਜ਼ੁਬਾਨਾਂ ਤੋਂ ਬੋਲ ਕੇ ਨਹੀਂ ਦਿੱਤੀ ਜਾ ਸਕਦੀ ਅਤੇ ਦੋ-ਚਾਰ ਸਤਰਾਂ ਵਿੱਚ ਵੀ ਬਿਆਨੀ ਨਹੀਂ ਜਾ ਸਕਦੀ। ਰਿਸ਼ਤੇ ਕੁਦਰਤ ਦੀ ਵਿਉਂਤਬੰਦੀ ਹਨ। ਕੁਦਰਤ ਦੀ ਨੀਅਤੀ ਦਾ ਆਧਾਰ ਹਨ। ਮਨੁੱਖੀ ਜੀਵਨ ਵਿੱਚ ਮੋਹ ਦੀਆਂ ਤੰਦਾਂ ਨਾਲ ਗੁੰਦਿਆ ਸਮਾਜਿਕ ਤਾਣਾ ਹੀ ਜੀਵਨ ਦਾ ਅਸਲ ਸੱਚ ਹੈ। ਜਵਾਨੀ ਦੀ ਰੁੱਤੇ ਇੱਕ ਦੂਸਰੇ ਪ੍ਰਤੀ ਆਕਰਸ਼ਣ ਕੁਦਰਤ ਦਾ ਆਪਣੀ ਕਾਇਨਾਤ ਪ੍ਰਤੀ ਦਿਨ ਅੱਗੇ ਤੋਰਨ ਦਾ ਅਟੱਲ ਨਿਯਮ ਹੈ। ਆਕਰਸ਼ਣ ਜੀਵਾਂ, ਜਾਨਵਰਾਂ, ਪਸ਼ੂਆਂ ਅਤੇ ਮਨੁੱਖਾਂ ਵਿੱਚ ਆਮ ਸਹਿਜ ਵਰਤਾਰਾ ਹੈ। ਕਿਸੇ ਦਾ ਤਨੋਂ ਮਨੋਂ ਪੂਰਨ ਰੂਪ ਵਿੱਚ ਹੋ ਜਾਣਾ ਅਤੇ ਆਪਣੇ ਉਸ ਸਾਥੀ ਦੀਆਂ ਆਦਤਾਂ , ਗੁਣਾਂ-ਔਗੁਣਾਂ ਨੂੰ ਅਪਣਾ ਕੇ ਹਮਸਫ਼ਰ ਹੋ ਤੁਰਨਾ ਕੋਈ ਮਨੁੱਖ ਦੇ ਵਸ ਦਾ ਵਰਤਾਰਾ ਨਹੀਂ, ਇਹ ਕੁਦਰਤੀ ਹੈ। ਇਸ ਵਰਤਾਰੇ ਵਿੱਚ ਖ਼ੁਦ ਸ਼੍ਰਿਸਟੀ ਜਾਂ ਸਿਰਜਣਹਾਰ ਪ੍ਰਭੂ ਮਾਲਕ ਆਪ ਵਿਚਰਦਾ ਹੈ। ਪ੍ਰੇਮ ਦੀ ਰਾਸਲੀਲਾ ਨੂੰ ਅਦਿੱਖ ਹੋ ਕੇ ਮਾਣਦਾ, ਕਾਮ ਸੰਵੇਦਨਾ ਦੇ ਅਹਿਸਾਸਾਂ ਵਿੱਚ ਮੰਤਰ ਮੁਗਧ ਹੁੰਦਾ ਹੈ। ਪ੍ਰੇਮ ਮਿਲਣ ਦੀ ਤਾਂਘ ਲੈ ਕੇ ਭੰਵਰੇ ਦੀ ਤਰ੍ਹਾਂ ਰਾਗ ਅਲਾਪਦਾ ਹੈ। ਆਪਣੇ ਸਾਥੀ ਦੇ ਦੂਰ ਹੋਣ ’ਤੇ ਬਿਰਹਾ ਦਾ ਸੇਕ ਹੰਡਾਉਂਦਾ ਰੋਂਦਾ, ਵਿਰਲਾਪ ਕਰਦਾ ਤੇ ਤੜਫ਼ਦਾ ਹੋਇਆ ਪਪੀਹੇ ਦੀ ਤਰ੍ਹਾਂ ਕੁਰਲਾਉਂਦਾ ਹੈ। ਇਨ੍ਹਾਂ ਰਿਸ਼ਤਿਆਂ ਵਿੱਚ ਕੋਈ ਦੂਸਰੀ ਸ਼ੈਅ ਆ ਜਾਵੇ ਤਾਂ ਉਸ ਤੋਂ ਬਰਦਾਸ਼ਤ ਵੀ ਨਹੀਂ ਹੁੰਦਾ। ਉਹ ਆਪਣੇ ਪਿਆਰੇ ’ਤੇ ਤਨ, ਮਨ ਤੇ ਧਨ ਨਿਛਾਵਰ ਕਰਦਾ ਰਹਿੰਦਾ ਹੈ। ਰਿਸ਼ਤਿਆਂ ਵਿੱਚ ਆ ਰਹੇ ਅੜਿੱਕਿਆਂ ਨੂੰ ਹੋਸ਼ ਹਵਾਸ ਗੁਆ ਕੇ ਹਮਲਾਵਰੀ ਰੁਖ਼ ਅਖਤਿਆਰ ਕਰਦਾ ਕਿਸੇ ਵੀ ਹੱਦ ਤੱਕ ਪਹੁੰਚ ਸਕਦਾ ਹੈ। ਇਹ ਵੀ ਕੁਦਰਤ ਦਾ ਇੱਕ ਅਜਬ ਰੰਗ ਹੈ।
ਪਿਆਰ ਮੁਹੱਬਤ ਦੇ ਇਸ਼ਕ-ਰੱਤੇ ਰਿਸ਼ਤੇ ਅਕਸਰ ਕੱਚੇ ਧਾਗੇ ਜਿਹੇ ਹੋ ਵਿਚਰਦੇ ਹਨ। ਕਿਸੇ ਇੱਕ ਵੱਲੋਂ ਥੋੜ੍ਹੀ ਜਿਹੀ ਬੇਧਿਆਨੀ ਕਰ ਦੇਣੀ ਸ਼ੱਕ ਦੇ ਸ਼ੰਕੇ ਪੈਦਾ ਕਰ ਦਿੰਦੀ ਹੈ। ਧਿਆਨ ਹਰ ਸਮੇਂ ਆਪਣੇ ਸਾਥੀ ਦੇ ਬੇਵਫ਼ਾ ਹੋ ਜਾਣ ਤੋਂ ਫ਼ਿਕਰਮੰਦ ਹੋ ਜਾਂਦਾ ਹੈ। ਮਨ ਦੀ ਚੰਚਲਤਾ ਰੂਹ ਅਤੇ ਜਿਸਮ ਨੂੰ ਵਿਆਕੁਲ ਕਰ ਕੇ ਰੱਖਦੀ ਹੈ। ਇਹ ਚਿੰਤਾ ਸ਼ਿਕਵਿਆਂ ਮਿਹਣਿਆਂ ’ਤੇ ਆ ਕੇ ਦੋ ਦਿਲਾਂ ਦੇ ਪਿਆਰ ਵਿੱਚ ਤਰੇੜ ਲਿਆ ਕੇ ਰਿਸ਼ਤੇ ਤਹਿਸ ਨਹਿਸ ਕਰ ਜਾਂਦੀ ਹੈ। ਮਨੁੱਖ ਚੰਗੇ ਮਾੜੇ ਦਾ ਅੰਤਰ ਸਮਝਣ ਤੋਂ ਅਸਮਰੱਥ ਹੋ ਜਾਂਦਾ ਹੈ। ਇਹ ਸਥਿਤੀ ਗੰਭੀਰ ਰੂਪ ਧਾਰਨ ਕਰਕੇ ਮਨੁੱਖ ਨੂੰ ਮਾਨਸਿਕ ਰੋਗੀ ਬਣਾ ਜਾਂਦੀ ਹੈ।
ਦਿਲ ਦੇ ਰਿਸ਼ਤੇ ਕੁਦਰਤ ਦੀ ਬੰਦਗੀ ਹਨ। ਇਨ੍ਹਾਂ ਦੀ ਪਵਿੱਤਰਤਾ ਬਰਕਰਾਰ ਰਹਿਣੀ ਹਰ ਹਾਲਤ ਵਿੱਚ ਲਾਜ਼ਮੀ ਹੈ। ਇਹ ਨਾਜ਼ੁਕ ਰਿਸ਼ਤੇ ਕੋਈ ਖਿਡੌਣੇ ਨਹੀਂ ਕਿ ਖੇਡ ਕੇ ਤੁਰਦੇ ਬਣੋ। ਮਨਮਾਨੀਆਂ ਕਰਦੇ ਜਾਵੋ। ਸਮਾਂ ਨਾ ਗੁਆਓ। ਆਪਣੀ ਗੁਸਤਾਖ਼ੀਆਂ ’ਤੇ ਨਿਰਪੱਖ ਹੋ ਕੇ ਝਾਤ ਮਾਰੋ। ਆਪਣੇ ਗੁਨਾਹਾਂ, ਆਪਣੀਆਂ ਗ਼ਲਤੀਆਂ ਨੂੰ ਆਪਣੇ ਜੀਵਨ ਸਾਥੀ, ਆਪਣੇ ਦਿਲਬਰ ਅੱਗੇ ਜ਼ੇਰਾ ਕਰਕੇ ਸਵੀਕਾਰ ਕਰੋ। ਉਸ ਦਾ ਵਿਸ਼ਵਾਸ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੀ ਤੁਹਾਡਾ ਧਰਮ ਹੈ। ਵਿਸ਼ਵਾਸਘਾਤ ਕਰਕੇ, ਦਿਲ ਤੋੜ ਕੇ ਤੁਸੀਂ ਧਰਤੀ, ਆਕਾਸ਼ ਦੇ ਬਾਦਸ਼ਾਹ ਵੀ ਬਣ ਜਾਵੋ ਤਾਂ ਵੀ ਤੁਸੀਂ ਅਪਰਾਧੀ ਹੀ ਰਹੋਗੇ। ਕੁਦਰਤ ਦੀ ਸਰਵਉੱਚ ਸ਼ਕਤੀ ਤੁਹਾਨੂੰ ਮੁਆਫ਼ ਨਹੀਂ ਕਰੇਗੀ। ਕਿਸੇ ਨਾ ਕਿਸੇ ਮੋੜ ’ਤੇ ਤੁਹਾਨੂੰ ਸਜ਼ਾ ਭੁਗਤਣੀ ਹੀ ਪੈਣੀ ਹੈ। ਅੰਤ ਪਛਤਾਵਾ ਉਮਰ ਭਰ ਰਹਿੰਦੀ ਜ਼ਿੰਦਗੀ ਨੂੰ ਨਰਕ ਬਣਾ ਦੇਵੇਗਾ। ਤੁਸੀਂ ਖੋਏ ਪਿਆਰ ਵੱਲ ਵਾਪਸ ਮੁੜਨਾ ਚਾਹੋਗੇ ਪਰ ਉਦੋਂ ਸਭ ਰਸਤੇ ਬੰਦ ਹੋ ਜਾਣਗੇ। ਜਿਊਣਾ ਦੁੱਭਰ ਹੋ ਜਾਵੇਗਾ।
ਆਪਣੀ ਸੋਚ ਦਾ ਦਾਇਰਾ ਵਿਸ਼ਾਲ ਕਰੋ। ਆਪਣੇ ਫਾਇਦੇ ਲਈ, ਆਪਣੇ ਮਨੋਰੰਜਨ ਲਈ ਕਿਸੇ ਨੂੰ ਪਿਆਰ ਦਾ ਭੁਲੇਖਾ ਪਾ ਕੇ ਇਸਤੇਮਾਲ ਕਰਨਾ ਤਾਂ ਗੁਨਾਹਾਂ ਦਾ ਗੁਨਾਹ ਹੈ। ਇਸ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਵਿਸ਼ਵਾਸ ਨਾਲ ਰਿਸ਼ਤੇ ਨਿਭਦੇ ਹਨ। ਪਰਿਵਾਰ ਚੱਲਦੇ ਹਨ। ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਸਥਿਰ ਰਹਿੰਦੀਆਂ ਹਨ। ਆਉਣ ਵਾਲੀਆਂ ਨਸਲਾਂ ਵਿੱਚ ਚੰਗੇ ਗੁਣ ਚੰਗੀ ਨਸਲ ਦੀ ਹੋਂਦ ਨੂੰ ਬਰਕਰਾਰ ਰੱਖਦੇ ਹਨ। ਇਸ ਦੀ ਹਰ ਸੰਭਵ ਕੋੋਸ਼ਿਸ਼ ਕਰੋ ਕਿ ਤੁਸੀਂ ਸਮਾਜ ਲਈ ਆਪਣੇ ਜੀਵਨ ਦੀ ਉਦਾਹਰਨ ਛੱਡ ਕੇ ਜਾਵੋ। ਤੁਹਾਡੀਆਂ ਪਾਈਆਂ ਪੈੜਾਂ ’ਤੇ ਆਉਂਦੀਆਂ ਨਸਲਾਂ ਤੁਰਨ, ਤੁਹਾਡੇ ਪਾਏ ਪੂਰਨਿਆਂ ’ਤੇ ਸਮਾਜ ਮਾਣ ਕਰੇ, ਅਜਿਹੀ ਮਿਸਾਲ ਵਜੋਂ ਆਪਣੇ ਜੀਵਨ ਦੇ ਕਰਮ ਕਰੋ। ਰਿਸ਼ਤੇ ਬਣਦੇ ਰੱਬੀ ਹੁਕਮ ਨਾਲ ਹਨ ਪਰ ਰਿਸ਼ਤੇ ਨਿਭਾਉਣੇ ਤੁਹਾਡੇ ਆਪਣੇ ਸਲੀਕੇ ਨੇ ਹਨ। ਤੁਹਾਡੀ ਆਪਣੀ ਸੋਚ ਨੇ ਹਨ। ਮੋਹ ਦੀਆਂ ਤੰਦਾਂ ਨੂੰ ਹੋਰ ਪੱਕਾ ਕਰਨਾ ਹੈ। ਟੁੱਟੀਆਂ ਗੰਡਣਾ ਸਿਆਣਪ ਹੈ। ਕੋਈ ਤੁਹਾਡਾ ਆਪਣਾ ਤੁਹਾਡੇ ਸੁਨੇਹੇ ਅਤੇ ਤੁਹਾਡੇ ਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਉਸ ਨੂੰ ਫੋਨ ਕਰੋ, ਗੁਆਚੇ ਹੀਰੇ ਆਪਣੀ ਝੋਲੀ ਵਿੱਚ ਮੁੜ ਪਾ ਲਵੋ।

Advertisement

ਸੰਪਰਕ: 94651-29168

Advertisement
Advertisement
Advertisement