ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਾਜ਼ਾ ਦੇ ਗਧੇ

07:46 AM Sep 29, 2024 IST
ਮਨਦੀਪ

ਇਸ ਸੰਸਾਰ ਵਿੱਚ ਅਜਿਹਾ ਕੌਣ ਹੋ ਸਕਦਾ ਹੈ, ਜਿਸ ਨੇ ਫ਼ਲਸਤੀਨ ਦੀ ਗਾਜ਼ਾ ਪੱਟੀ ਦਾ ਨਾਂ ਨਾ ਸੁਣਿਆ ਹੋਵੇ? ਇਹ ਵਿਸ਼ਾਲ ਧਰਤੀ ਦਾ ਉਹ ਅੰਗ ਹੈ ਜੋ ਕੁੱਲ ਲੋਕਾਈ ਸਾਹਮਣੇ ਬੇਰਹਿਮੀ ਨਾਲ ਕੋਹਿਆ-ਸਾੜਿਆ ਜਾ ਰਿਹਾ ਹੈ। ਤੁਸੀਂ ਗਾਜ਼ਾ ਵਿੱਚ ਭੁੱਖੇ ਬਘਿਆੜਾਂ ਦੇ ਝੁੰਡਾਂ ਵਾਂਗ ਫਿਰਦੇ ਵਰਦੀਧਾਰੀ ਇਜ਼ਰਾਇਲੀ ਫ਼ੌਜੀਆਂ ਦੀਆਂ ਫੋਟੋਆਂ ਜਾਂ ਵੀਡੀਓ ਜ਼ਰੂਰ ਦੇਖੀਆਂ ਹੋਣਗੀਆਂ। ਜਿਊਂਦੀਆਂ ਮਨੁੱਖੀ ਦੇਹਾਂ ਨੂੰ ਬੰਦੂਕੜੀਆਂ ਨਾਲ ਵੱਢਦੇ-ਟੁੱਕਦੇ ਤੇ ਭੇਡਾਂ ਵਾਂਗ ਪਰ੍ਹੇ ਹੱਕਦੇ ਹੋਏ। ਮਲਬੇ ਦਾ ਢੇਰ ਬਣੀਆਂ ਇਮਾਰਤਾਂ ਦੇ ਨਾਲ-ਨਾਲ ਤੁਸੀਂ ਮਰਦੇ-ਉੱਜੜਦੇ ਲੋਕਾਂ ਦੀਆਂ ਚੀਕਾਂ-ਵਿਰਲਾਪ ਵੀ ਸੁਣੇ ਹੋਣਗੇ। ਪਰ ਤੁਸੀਂ ਗਾਜ਼ਾ ਦੀਆਂ ਹਨੇਰੀਆਂ-ਉੱਜੜੀਆਂ ਗਲੀਆਂ-ਸੜਕਾਂ ’ਤੇ ਰੋਦੀਂਆਂ ਬਿੱਲੀਆਂ, ਖੰਡਰ ਬਣੀਆਂ ਇਮਾਰਤਾਂ ਦੇ ਕਿਸੇ ਕੋਨੇ ਵਿੱਚ ਚਿੰਬੜੇ ਪੰਛੀਆਂ ਦੇ ਲਹੂ ਭਿੱਜੇ ਚੀਥੜੇ ਅਤੇ ਜ਼ਿੰਦਾ-ਮੁਰਦਾ ਮਾਨਵੀ ਦੇਹਾਂ ਢੋਂਹਦੇ ਗਧਿਆਂ ਨੂੰ ਸ਼ਾਇਦ ਗਹੁ ਨਾਲ ਨਹੀਂ ਵੇਖਿਆ ਹੋਣਾ। ਮਨ ਵਿੱਚ ਸਹਿਜ ਸਵਾਲ ਉੱਠਦਾ ਹੋਵੇਗਾ ਕਿ ਜੰਗ ਵਿੱਚ ਮਨੁੱਖ ਦੀ ਜਾਨ ਕੀਮਤੀ ਹੈ ਜਾਂ ਸਿਰਫ਼ ਪਸ਼ੂ ਦੀ? ਇਹ ਕੋਈ ਤੁਲਨਾਤਮਿਕ ਅਧਿਐਨ ਦਾ ਮਸਲਾ ਨਹੀਂ ਹੈ ਸਗੋਂ ਪਿਛਲੇ ਹਜ਼ਾਰਾਂ ਸਾਲਾਂ ਤੋਂ ਮਨੁੱਖ ਵੱਲੋਂ ਇਸ ਗ੍ਰਹਿ ’ਤੇ ਫੈਲਾਈ ਬਰਬਰਤਾ ਦਾ ਇੱਕ ਨਿੱਕਾ ਜਿਹਾ ਹਵਾਲਾ ਹੈ।
ਇਸ ਵੇਲੇ ਇਜ਼ਰਾਈਲ ਦੁਆਰਾ ਪੈਦਾ ਕੀਤੀ ਭੁੱਖਮਰੀ ਤੇ ਉਜਾੜੇ ਕਾਰਨ ਲੋਥਾਂ ਬਣੇ ਲੋਕਾਂ, ਜ਼ਖ਼ਮੀਆਂ, ਭੋਜਨ-ਪਾਣੀ ’ਤੇ ਜ਼ਿੰਦਾ ਰਹਿਣ ਦੀ ਆਸ ’ਚ ਬਚੇ ਲੋਕਾਂ ਨੂੰ ਸੁਰੱਖਿਅਤ ਜ਼ੋਨਾਂ ਤੱਕ ਪਹੁੰਚਾਉਣ ਲਈ ਗਾਜ਼ਾ ਦੇ ਗਧੇ, ਮੋਟਰਗੱਡੀਆਂ ਤੇ ਵਿਸ਼ਵ ਦੀਆਂ ਕਥਿਤ ਸਮਾਜਸੇਵੀ ਸੰਸਥਾਵਾਂ ਨਾਲੋਂ ਵਧੇਰੇ ਕਾਰਗਰ ਸਿੱਧ ਹੋ ਰਹੇ ਹਨ। ਮਨੁੱਖਾਂ ਵੱਲੋਂ ਰਚਾਏ ਜਾ ਰਹੇ ਇਸ ਮਹਾਂਵਿਨਾਸ਼ ਵਿੱਚ ਭੁੱਖੇ-ਪਿਆਸੇ ਤੇ ਜ਼ਖ਼ਮੀ ਗਧੇ ਕੌਮਾਂਤਰੀ ਅਦਾਲਤਾਂ ਦੇ ਕਿਸੇ ਵੀ ਫ਼ੈਸਲੇ ਦੀ ਉਡੀਕ ਕੀਤੇ ਬਿਨਾਂ ਗਾਜ਼ਾ ਦੇ ਭੁੱਖੇ-ਪਿਆਸੇ ਤੇ ਜ਼ਖ਼ਮੀ ਮਨੁੱਖਾਂ ਦੀ ਦੇਖਭਾਲ ਕਰ ਰਹੇ ਹਨ।
ਇਹ ਚੌਪਾਏ ਪਸ਼ੂ, ਨਸਲ ਤੇ ਰੰਗਭੇਦ ਕੀਤੇ-ਜਾਣੇ ਬਿਨਾਂ ਜੰਗੀ ਤਬਾਹੀ ਦੀ ਲਪੇਟ ਵਿੱਚ ਆਏ ਦੋਪਾਏ ਜੀਵਾਂ ਦੀ ਮੱਦਦ ਕਰਕੇ ਦੁਨੀਆਂ ਦੀਆਂ ਉੱਨਤ ਸੱਭਿਅਤਾਵਾਂ ਨੂੰ ਮਾਤ ਦੇ ਰਹੇ ਹਨ, ਖ਼ਾਸਕਰ ਪੱਛਮੀ ਸੱਭਿਅਤਾ ਨੂੰ। ਮੂਰਖ ਆਖੇ ਜਾਂਦੇ ਇਨ੍ਹਾਂ ਜਾਨਵਰਾਂ ਦੀ ਦਰਿਆਦਿਲੀ, ਮਨੁੱਖੀ ਸਮਾਜ ਦੀ ਵਾਂਗਡੋਰ ਸਾਂਭਣ ਵਾਲੇ ਵਿਸ਼ਵੀ ਰਹਿਬਰਾਂ ਤੋਂ ਕਿਤੇ ਵੱਡੀ ਤੇ ਹਕੀਕੀ ਹੈ। ਗਾਜ਼ਾ, ਰਾਫਾਹ ਤੇ ਖਾਨ ਯੂਸਫ਼ ਦੀਆਂ ਸੜਕਾਂ ਉੱਤੇ ਜ਼ਖ਼ਮੀ ਤੇ ਜ਼ਿੰਦਾ ਲੋਥਾਂ, ਭੋਜਨ-ਪਾਣੀ ਤੇ ਹੋਰ ਜ਼ਰੂਰੀ ਸਾਮਾਨ ਦਾ ਬੋਝ ਚੁੱਕੀ ਜਾਂਦੇ ਗਧਿਆਂ ਕੋਲੋਂ ਜਦੋਂ ਜੰਗੀ ਬਾਰੂਦ ਨਾਲ ਲੱਦੇ ਭਾਰੀ-ਭਰਕਮ ਇਜ਼ਰਾਇਲੀ ਟੈਂਕ ਲੰਘਦੇ ਹੋਣਗੇ ਤਾਂ ਉਨ੍ਹਾਂ ਨੂੰ ਆਪਣੀ ਆਲਸ ’ਤੇ ਘ੍ਰਿਣਾ ਤਾਂ ਆਉਂਦੀ ਹੀ ਹੋਵੇਗੀ? ਉਂਝ ਗਾਜ਼ਾ ਦੀ ਇਹ ‘ਗਧਾ ਐਂਬੂਲੈਂਸ’ ਸੰਸਾਰ ਦੀ ਮੁਫ਼ਤ, ਦਲੇਰ, ਪਰ ਬਦਕਿਸਮਤੀ ਨਾਲ ਹੌਲੀ ਚੱਲਣ ਵਾਲੀ ਐਂਬੂਲੈਂਸ ਹੈ। ਆਪਸੀ ਮਨੁੱਖੀ ਜੰਗ ’ਚ ਇੱਕ ਇਜ਼ਰਾਇਲੀ ਫ਼ੌਜੀ, ਇੱਕ ਗਧੇ ਨੂੰ ਇਸ ਲਈ ਗੋਲੀਆਂ ਮਾਰ ਕੇ ਮਾਰ ਦਿੰਦਾ ਹੈ ਕਿਉਂਕਿ ਉਹ ਉਸ ਦੇ ਸ਼ਿਕਾਰ ਮਨੁੱਖ ਲਈ ਭੋਜਨ ਲਿਜਾ ਰਿਹਾ ਸੀ। ਸਰਬਨਾਸ਼ ਦੀ ਇਸ ਘਿਨੌਣੀ ਜੰਗ ਵਿੱਚ ਜਦੋਂ ਨਿਰਦੋਸ਼ ਲੋਕ, ਪੱਤਰਕਾਰ, ਪੇਸ਼ੇਵਰ ਸਿਹਤ ਸੰਭਾਲ ਤੇ ਸਹਾਇਤਾ ਕਾਮੇ ਵੀ ਨਹੀਂ ਬਖ਼ਸ਼ੇ ਜਾ ਰਹੇ ਤਾਂ ਉਦੋਂ ‘ਮਨੁੱਖਤਾਵਾਦੀ ਸਹਾਇਤਾ ਕਰਮਚਾਰੀ’ ਗਧਿਆਂ ਦੀ ਭਲਾ ਕੀ ਵੁੱਕਤ? ਇਨ੍ਹਾਂ ਗਧਿਆਂ ਦੀ ਗਾਥਾ ਵੀ ਕਿੰਨੀ ਵਚਿੱਤਰ ਹੈ?
ਫ਼ਲਸਤੀਨ ਵਿੱਚ ਨਸਲਵਾਦੀ-ਜ਼ਿਊਨਵਾਦੀ ਇਜ਼ਰਾਇਲੀ ਰਾਜ ਵੱਲੋਂ ਅਮਰੀਕੀ ਸਾਮਰਾਜ ਤੇ ਆਪਣੇ ਹੋਰ ਭਾਈਵਾਲਾਂ ਨਾਲ ਮਿਲ ਕੇ ਸਾਡੇ ਦੌਰ ਦੀ ਸਭ ਤੋਂ ਭਿਆਨਕ ਨਸਲਕੁਸ਼ੀ ਕੀਤੀ ਜਾ ਰਹੀ ਹੈ। ਧਾਰਮਿਕ ਤੇ ਨਸਲੀ ਮਿੱਥਾਂ ਬਹਾਨੇ ਇੱਕ ਦੇਸ਼, ਇੱਕ ਨਸਲ ਅਤੇ ਮਨੁੱਖਤਾ ਨੂੰ ਲਹੂ-ਲੁਹਾਣ ਤੇ ਮਲੀਆਮੇਟ ਕਰਨ ਦੀ ਯੋਜਨਾਬੱਧ ਮੁਹਿੰਮ ਵਿੱਢੀ ਹੋਈ ਹੈ। ਦੁਨੀਆ ਪ੍ਰਤੱਖ ਦੇਖ ਰਹੀ ਹੈ ਕਿ ਅਮਨ-ਸ਼ਾਂਤੀ ਦੇ ਹੋ-ਹੱਲੇ ਓਹਲੇ ਸੰਸਾਰ ਦੀਆਂ ਵੱਡੀਆਂ ਸ਼ਕਤੀਆਂ ਅਮਨ-ਚੈਨ ਦੀ ਘੁੱਗੀ ਦੇ ਖੰਭ ਨੋਚ ਰਹੀਆਂ ਹਨ।
ਇਸ ਭਿਅੰਕਰ ਤੇ ਨਿਹੱਕੇ ਕਤਲੇਆਮ ਪ੍ਰਤੀ ਇੱਕੋ ਸਮੇਂ ਦੋ ਸੰਸਾਰ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ। ਇੱਕ ਪਾਸੇ, ‘ਇੱਕ ਸੰਸਾਰ, ਇੱਕ ਸਰਕਾਰ’ ਉਸਾਰਨ ਵਾਲੀਆਂ ਤਾਕਤਾਂ ਅਤੇ ਦੂਜੇ ਪਾਸੇ, ਲੁੱਟ-ਜਬਰ ਤੇ ਭੈਅ ਮੁਕਤ ਸੋਹਣਾ ਸੰਸਾਰ ਸਿਰਜਣ ਦੀ ਲਗਾਤਾਰ ਪਨਪਦੀ-ਵਿਗਸਦੀ ਭਾਵਨਾ ਵਾਲੇ ਪ੍ਰਬੁੱਧ ਲੋਕ। ਜੰਗੀ ਤਾਕਤਾਂ ਅਤਿ ਨਵੀਨ ਤਬਾਹਕੁੰਨ ਬਾਰੂਦੀ ਹਥਿਆਰਾਂ, ਜ਼ਹਿਰੀਲੇ ਰਸਾਇਣਿਕ ਪਦਾਰਥਾਂ, ਸਾਈਬਰ ਹਮਲਿਆਂ ਆਦਿ ਦੇ ਨਾਲ-ਨਾਲ ਫ਼ਲਸਤੀਨੀ ਲੋਕਾਂ ਦੇ ਸਾਹਿਤ, ਸੱਭਿਆਚਾਰ, ਵਿਰਾਸਤ, ਧਰਤ-ਆਸਮਾਨ, ਸੁਪਨੇ-ਸ਼ਾਂਤੀ ਸਭ ਕੁਝ ਤਬਾਹ ਕਰ ਰਹੀਆਂ ਹਨ। ਉਂਝ ਮਨੁੱਖਤਾ ਹਾਲੇ ਮਰੀ ਨਹੀਂ। ਫ਼ਲਸਤੀਨ ਦੇ ਬਹਾਦਰ ਧੀਆਂ-ਪੁੱਤ ‘ਮਹਾਂਸ਼ਕਤੀਆਂ’ ਅੱਗੇ ਹਿੱਕਾਂ ਤਣ ਕੇ ਖੜ੍ਹੇ ਹਨ। ਬੰਬਾਂ ਦਾ ਮੁਕਾਬਲਾ ਪਤੰਗਾਂ, ਪੱਥਰਾਂ, ਗੁੱਸੇ ਤੇ ਨਫ਼ਰਤ ਭਰੀਆਂ ਅੱਖਾਂ-ਚੀਕਾਂ ਨਾਲ ਕਰ ਰਹੇ ਹਨ। ਜੁਝਾਰੂ ਫ਼ਲਸਤੀਨੀ ਲੋਕ ਸੁਨਹਿਰੀ ਪੱਛਮੀ ਗੁਫ਼ਾਵਾਂ ਵਿੱਚ ਦੁਬਕੀਆਂ ਬੈਠੀਆਂ ‘ਤਾਕਤਾਂ’ ਦਾ ਮੁਕਾਬਲਾ ਫ਼ਲਸਤੀਨੀ ਧਰਤੀ ਦੇ ਨਿੱਕੇ ਫੱਟੜ ਟੋਟੇ ਉੱਤੇ ਆਪਣੇ ਹੱਕਾਂ ਦੀ ਵਜਾਹਤ ਲਹੂ ਡੋਲ੍ਹ ਕੇ ਕਰ ਰਹੇ ਹਨ। ਇਹ ਲਹੂ ਯੋਧੇ ਪੈਦਾ ਕਰਦਾ ਰਹੇਗਾ।
ਇੱਕ ਪਾਸੇ, ਪੂਰੇ ਸੰਸਾਰ ’ਚੋਂ ਜੰਗ ਤੇ ਜੰਗਬਾਜ਼ਾਂ ਵਿਰੋਧੀ ਨਵੀਂ ਚੇਤਨਾ ਦੀ ਕਿਰਨ, ਕਾਲੀਆਂ-ਨ੍ਹੇਰੀਆਂ ਤਾਕਤਾਂ ਦੇ ਗਰਦੋ-ਗ਼ੁਬਾਰ ਨੂੰ ਵੰਗਾਰ ਰਹੀ ਹੈ। ਦੂਜੇ ਪਾਸੇ, ਦੁਨੀਆ ਭਰ ਵਿੱਚ ਲੋਕ ਸੇਵਾ, ਸ਼ਾਂਤੀ ਤੇ ਵਿਕਾਸ ਦਾ ਦਮ ਭਰਨ ਵਾਲੇ ‘ਲੋਕਾਂ ਦੇ ਚੁਣੇ ਹੋਏ ਪਤਵੰਤੇ’ ਚੁੱਪ ਹਨ। ਵਹਿਸ਼ੀ ਜੰਗ ਦਾ ਵਿਰੋਧ, ਮਨੁੱਖ ਹੋਣ ਦਾ ਸਬੂਤ ਹੈ। ਮਹਾਂ ਪੁੰਨ ਤੇ ਮਹਾਨ ਕਾਜ਼ ਹੈ। ਇਸ ਮਹਾਂਪੁੰਨ ਤੇ ਮਹਾਨ ਮਨੁੱਖੀ ਕਾਜ਼ ਤੋਂ ਵਿਰਵੇ ਰਹਿਣ ਦਾ ਅਰਥ ਮਨੁੱਖ ਤੇ ਉਸ ਦੀ ਮਨੁੱਖਤਾ ’ਤੇ ਸ਼ੰਕੇ ਦੇ ਤੁੱਲ ਹੈ।
ਜੰਗ ਦੀ ਮਾਰ ਹੇਠ ਆਏ ਫ਼ਲਸਤੀਨੀ ਲੋਕ, ਆਪਣੇ ਲੋਕਾਂ ਨੂੰ ਬਚਾ ਰਹੇ ਹਨ। ਜੰਗੀ ਉਜਾੜੇ ਦਾ ਸ਼ਿਕਾਰ ਜ਼ਖ਼ਮੀਆਂ ਨੂੰ ਗਧੇ ਆਪਣੀਆਂ ਪਿੱਠਾਂ ਅਤੇ ਗਧਾ-ਗੱਡੀਆਂ ਉੱਤੇ ਲੱਦ ਕੇ ਸੁਰੱਖਿਅਤ ਥਾਵਾਂ ਵੱਲ ਢੋਅ ਰਹੇ ਹਨ। ਚੱਲਦੀ ਜੰਗ ਵਿੱਚ ਗਧਾ ਕਿੰਨਾ ਬੇਸ਼ਕੀਮਤੀ ਹੁੰਦਾ ਹੈ ਜੋ ਮਨੁੱਖਤਾ ਦੇ ਘਾਣ ਬਾਰੇ ਕੋਈ ਬਿਆਨਬਾਜ਼ੀ ਨਹੀਂ ਕਰਦਾ ਤੇ ਨਾ ਹੀ ਜੰਗ ਦਾ ਵਿਰੋਧ ਕਰਦਾ ਹੈ। ਕੀ ਗਧੇ ਤੋਂ ਵੱਧ ਕੋਈ ਮੂਰਖ ਹੋ ਸਕਦਾ ਹੈ? ਕੀ ਇਸ ਗ੍ਰਹਿ ’ਤੇ ਕੋਈ ਹੋਰ ਅਜਿਹਾ ਜੀਵ ਹੈ ਜੋ ਗਧਿਆਂ ਤੋਂ ਵਧੇਰੇ ਸ਼ਹਿਣਸ਼ੀਲ ਹੋਵੇ? ਸੰਸਾਰ ਨੂੰ ਮਨਮਰਜ਼ੀ ਨਾਲ ਹੱਕਣ ਲਈ ਜਿਨ੍ਹਾਂ ਹੱਥ ਚਾਬੁਕ ਹੈ, ਉਹ ਸਮਝਦੇ ਹਨ ਕਿ ਕੋਈ ਉਨ੍ਹਾਂ ਦੀ ਰਜ਼ਾ ਦੀ ਮੁਖ਼ਾਲਫਤ ਨਾ ਕਰੇ। ਬੱਸ ਗਧਿਆਂ ਵਾਂਗ ਸਿਰ ਸੁੱਟ ਕੇ ਉਨ੍ਹਾਂ ਦੀਆਂ ਇੱਛਾਵਾਂ ਦਾ ਭਾਰ ਢੋਏ। ਲੱਤਾਂ-ਛੜਾਂ ਮਾਰਨ ਵਾਲੇ ਪਸ਼ੂਆਂ ਨੂੰ ਜਾਂ ਤਾਂ ਨਕੇਲ ਪਾਈ ਜਾਂਦੀ ਹੈ ਜਾਂ ਫਿਰ ਨੂੜ। ਕੀ ਕਦੇ ਗਧਿਆਂ ਦੀ ਬਗ਼ਾਵਤ ਬਾਬਤ ਸੁਣਿਆ ਹੈ? ਰਜ਼ਾਕਾਰ ਬਣੋ, ਮੂਰਖ ਨਾ ਬਣੋ।
ਕਰਮਾਂ ਮਾਰੇ ਫ਼ਲਸਤੀਨੀ ਲੋਕਾਂ ਲਈ ਧਰਤੀ ਬਲ਼ਦ ਦੇ ਸਿੰਗਾਂ ’ਤੇ ਨਹੀਂ ਸਗੋਂ ਗਧੇ ਦੀ ਪਿੱਠ ’ਤੇ ਟਿਕੀ ਹੋਈ ਹੈ। ਅੱਜ ਜਦੋਂ ਪੱਛਮੀ ਪ੍ਰਭਾਵ ਵਾਲੀ ਮਨੁੱਖੀ ਬਿਰਾਦਰੀ ਫ਼ਲਸਤੀਨੀ ਲੋਕਾਂ ਦਾ ਸਾਥ ਛੱਡ ਗਈ ਹੈ ਤਾਂ ਇਹ ਗਧੇ ਹੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਪਿੱਠ ਨਹੀਂ ਵਿਖਾਈ। ਇਨ੍ਹਾਂ ਗਧਿਆਂ ਦੇ ਪੁਰਖਿਆਂ ਨੇ ਅਫਰੀਕੀ ਲੋਕਾਂ ਦੀ ਸੱਤ ਹਜ਼ਾਰ ਸਾਲ ਸੇਵਾ ਕੀਤੀ। ਇਨ੍ਹਾਂ ਦਾ ਇੰਨਾ ਫਰਜ਼ ਤਾਂ ਬਣਦਾ ਹੀ ਹੈ ਕਿ ਉਹ ਮੁਸੀਬਤ ਦੀ ਇਸ ਘੜੀ ਵਿੱਚ ਫ਼ਲਸਤੀਨੀ ਲੋਕਾਂ ਦਾ ਸਾਥ ਦੇਣ। ਜੇ ਇਹ ਫਰਜ਼ ਉਹ ਨਹੀਂ ਨਿਭਾਉਣਗੇ ਤਾਂ ਹੋਰ ਕੌਣ ਨਿਭਾਏਗਾ?
ਸੁਣਿਆ ਇਸ ਸਮੇਂ ਸੰਸਾਰ ਵਿੱਚ ਕੁੱਲ ਚਾਰ ਕਰੋੜ ਗਧੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਕਾਸਸ਼ੀਲ ਮੁਲਕਾਂ ਵਿੱਚ ਹਨ ਤੇ ਇਨ੍ਹਾਂ ਮੁਲਕਾਂ ਦੇ ਲੋਕਾਂ ਦੇ ਜੀਵਨ ਨਿਰਬਾਹ ਵਿੱਚ ਹਿੱਸੇਦਾਰ ਹਨ। ਗਧਾ, ਘੋੜੇ ਵਾਂਗ ਇੱਕ ਕੰਮਕਾਜੀ ਜਾਨਵਰ ਹੈ। ਇਹ ਜੰਗਲਾਂ, ਮਾਰੂਥਲਾਂ, ਅਤਿ ਗਰਮ ਤੇ ਅਤਿ ਠੰਢੀਆਂ ਥਾਵਾਂ ’ਤੇ ਹਰ ਤਰ੍ਹਾਂ ਦੇ ਵਾਤਾਵਰਣ ਦੇ ਅਨੁਕੂਲ ਬੇਧਿਆਨਾ ਆਪਣੇ ਕੰਮ ਵਿੱਚ ਲੱਗਿਆ ਰਹਿੰਦਾ ਹੈ। ਇਹ ਚਾਰੇ ਬਦਲੇ ਆਪਣੀ ਕਿਰਤ ਸ਼ਕਤੀ ਮਨੁੱਖ ਨੂੰ ਸੌਂਪ ਦਿੰਦਾ ਹੈ। ਇਹ ਨਾ ਸੋਚਦਾ, ਨਾ ਵਿਰੋਧ ਕਰਦਾ, ਨਾ ਸੁਪਨੇ ਲੈਂਦਾ ਹੈ ਅਤੇ ਨਾ ਹੀ ਇਸ ਦੀਆਂ ਇੱਛਾਵਾਂ ਹੁੰਦੀਆਂ ਹਨ। ਸ਼ਾਇਦ ਇਸੇ ਕਰਕੇ ਇਸ ਨੂੰ ਮੂਰਖ ਹੋਣ ਦਾ ਖਿਤਾਬ ਦਿੱਤਾ ਜਾਂਦਾ ਹੈ। ਇਸ ਦੇ ਉਲਟ ਮਿਹਨਤੀ ਤੇ ਘਰੇਲੂ ਪ੍ਰਾਣੀ ਹੋਣ ਦੇ ਸਾਂਝੇ ਗੁਣ ਦੇ ਨਾਲ-ਨਾਲ ਮਨੁੱਖ ਵਿੱਚ ਉਹ ਗੁਣ ਵੀ ਹੁੰਦੇ ਹਨ ਜਿਨ੍ਹਾਂ ਤੋਂ ਗਧਾ ਵਾਂਝਾ ਰਹਿੰਦਾ ਹੈ। ਬਹੁਤੀ ਵਾਰ ਮਨੁੱਖ ਨਾਲ ਗਧਿਆਂ ਵਰਗਾ ਵਿਹਾਰ ਕੀਤਾ ਜਾਂਦਾ ਹੈ, ਪਰ ਕਦੇ ਕਿਸੇ ਗਧੇ ਨਾਲ ਮਨੁੱਖ ਵਾਂਗ ਪੇਸ਼ ਨਹੀਂ ਆਇਆ ਜਾਂਦਾ।
ਫ਼ਲਸਤੀਨ ਦੇ ਲੋਕਾਂ ਦਾ ਵਿਰਲਾਪ ਕੁੱਲ ਦੁਨੀਆ ਸੁਣ ਰਹੀ ਹੈ। ਵਿਗਿਆਨਕ ਤੌਰ ’ਤੇ ਗਧੇ ਦੀ ਆਵਾਜ਼ ਮਨੁੱਖ ਨਾਲੋਂ ਵੱਧ, ਭਾਵ ਤਿੰਨ ਕਿਲੋਮੀਟਰ ਤੱਕ ਜਾ ਸਕਦੀ ਹੈ। ਇਸ ਜੰਗੀ ਵਿਰਲਾਪ ਵਿੱਚ ਗਧੇ ਦਾ ਹਿਣਕਣਾ ਵੀ ਸ਼ਾਮਲ ਹੈ। ਗਧੇ ਦੇ ਕੰਨ ਵੱਡੇ ਹੋਣ ਕਾਰਨ ਉਹ ਦੂਰ ਦੀਆਂ ਆਵਾਜ਼ਾਂ ਮਨੁੱਖ ਨਾਲੋਂ ਵੱਧ ਸੁਣ ਸਕਦੇ ਹਨ। ਫਿਰ ਤਾਂ ਫ਼ਲਸਤੀਨ ਦੇ ਗਧਿਆਂ ਨੇ ਕੁਝ ਵਰ੍ਹੇ ਪਹਿਲਾਂ ਇਰਾਕ, ਇਰਾਨ, ਅਫ਼ਗ਼ਾਨਿਸਤਾਨ, ਸੀਰੀਆ, ਲਿਬੀਆ ਵਿੱਚ ਸੁੱਟੇ ਬੰਬਾਂ ਦੀਆਂ ਆਵਾਜ਼ਾਂ ਵੀ ਜ਼ਰੂਰ ਸੁਣੀਆਂ ਹੋਣਗੀਆਂ। ਉਹ ਉਦੋਂ ਹਿਣਕੇ ਕਿਉਂ ਨਹੀਂ? ਤੇ ਜਾਂ ਸ਼ਾਇਦ ਅਸੀਂ ਹੀ ਨਹੀਂ ਸੁਣ ਸਕੇ ਕਿਉਂਕਿ ਮਨੁੱਖ ਦੂਰ ਦੀ ਆਵਾਜ਼ ਗਧੇ ਨਾਲੋਂ ਵੱਧ ਨਹੀਂ ਸੁਣ ਸਕਦਾ।
ਵਕਤ ਪਏ ’ਤੇ ਗਧਾ ਟੀਟਣਾ ਮਾਰ ਕੇ ਪਲ ਦੀ ਪਲ ਬੰਦੇ ਦੀ ਮੱਤ ਮਾਰ ਦਿੰਦਾ ਹੈ, ਪਰ ਇਹ ‘ਚਮਤਕਾਰ’ ਸਿਰਫ਼ ਮਨੁੱਖ ਹੀ ਦਿਖਾ ਸਕਦਾ ਹੈ ਕਿ ਉਹ ਕੌਮਾਂ, ਦੇਸ਼ਾਂ, ਸੱਭਿਅਤਾਵਾਂ ਦੀ ਮੱਤ ਮਾਰ ਕੇ ਅਜਿਹੀ ਦੁਲੱਤੀ ਮਾਰਦਾ ਹੈ ਜਿਸ ਦੇ ਜ਼ਖ਼ਮ ਸਦੀਆਂ ਤੱਕ ਰਿਸਦੇ ਰਹਿੰਦੇ ਹਨ।
ਗਧੇ ਜਾਂ ਘੋੜੇ ’ਤੇ ਸਵਾਰ ਹੋਣ ਨਾਲ ਭਾਵੇਂ ਮਨੁੱਖ ਦੀ ਪ੍ਰਤਿਭਾ, ਗਿਆਨ ਜਾਂ ਰੁਤਬੇ ਦਾ ਕੋਈ ਸਿੱਧਾ ਸਬੰਧ ਨਹੀਂ ਹੁੰਦਾ, ਪਰ ਅਕਸਰ ਦੇਖਿਆ ਜਾਂਦਾ ਹੈ ਕਿ ਬਹਾਦਰ ਤੇ ਅਮੀਰ ਲੋਕ ਘੋੜੇ ਦੀ ਸਵਾਰੀ ਕਰਦੇ ਹਨ ਅਤੇ ਫਟੇਹਾਲ ਗ਼ਰੀਬ ਤੇ ਪੱਛੜੇ ਲੋਕ ਗਧੇ ਦੀ। ਇਸੇ ਕਰਕੇ ਗਧੇ ਦੀ ਪਿੱਠ ’ਤੇ ਬੈਠਾ ਬੰਦਾ ਮੂਰਖ ਤੇ ਘੋੜ ਚੜ੍ਹਿਆ ਅਮੀਰ ਤੇ ਬਹਾਦਰ ਸਮਝਿਆ ਜਾਂਦਾ ਹੈ। ਸੰਸਾਰ ਦੇ ਗ਼ਰੀਬ ਮੁਲਕਾਂ ਅਤੇ ਇਨ੍ਹਾਂ ਦੇ ਬਾਗ਼ੀ ਆਗੂਆਂ ਨੂੰ ਵੀ ਇਵੇਂ ਹੀ ਸਮਝਿਆ ਜਾਂਦਾ ਹੈ। ਇਸੇ ਕਰਕੇ ਅਮਰੀਕਾ ਦਾ ਇੱਕ ਅਮੀਰ ਆਦਮੀ ਐਲਨ ਮਸਕ, ਵੈਨਜ਼ੂਏਲਾ ਦੇ ਲੋਕਾਂ ਦੁਆਰਾ ਚੁਣੇ ਹੋਏ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਬੜੇ ਸਹਿਜ ਨਾਲ ਗਧਾ ਕਹਿਣ ਦੀ ਹਿਮਾਕਤ ਕਰ ਦਿੰਦਾ ਹੈ, ਪਰ ਇਨ੍ਹਾਂ ਮੁਲਕਾਂ ਦਾ ਕੋਈ ਅਮੀਰ ਆਦਮੀ ਅਮਰੀਕੀ ਰਾਸ਼ਟਰਪਤੀ ਨੂੰ ਗਧਾ ਕਹਿਣ ਦੀ ਜੁਅਰਤ ਨਹੀਂ ਰੱਖਦਾ। ਉਂਝ ਵੀ ਘੋੜੇ ਦੀ ਟੌਹਰ ਹੀ ਵੱਖਰੀ ਹੈ। ਕੀ ਕਦੇ ਕਿਸੇ ਬੇਗੈਰਤ ਦਾ ਮੂੰਹ ਕਾਲਾ ਕਰਕੇ ਉਸ ਨੂੰ ਘੋੜੇ ’ਤੇ ਚੜ੍ਹਾ ਕੇ ਘੁੰਮਾਉਂਦੇ ਦੇਖਿਆ ਹੈ? ਜਾਂ ਕਦੇ ਕੋਈ ਰਾਜਾ ਗਧੇ ਦੀ ਸਵਾਰੀ ਕਰਦਾ ਸੁਣਿਆ ਹੋਵੇ? ਕਦੇ ਇਹ ਸੁਰਖ਼ੀ ਵੀ ਨਹੀਂ ਪੜ੍ਹੀ ਕਿ ਅਮਰੀਕਾ ਦੀ ਪ੍ਰਥਮ ਮਹਿਲਾ ਜਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਚਾਰ ਬੱਕਰੀਆਂ ਤੇ ਦੋ ਖੱਚਰਾਂ ਖ਼ਰੀਦੀਆਂ ਹੋਣ। ਜਾਂ ਵਿਹੜੇ ਵਾਲਾ ਦੁਨੀਚੰਦ ਜੋ ‘ਬੱਕਰੀਆਂ ਵਾਲਾ ਦੁਨੀਚੰਦ’ ਨਾਂ ਨਾਲ ਕੁੱਲ ਇਲਾਕੇ ’ਚ ਮਸ਼ਹੂਰ ਹੈ, ਘੋੜੇ ’ਤੇ ਚੜ੍ਹ ਕੇ ਗੌਲਫ ਖੇਡਣ ਜਾ ਰਿਹਾ ਹੋਵੇ। ਇਹ ਤਾਂ ਕਲਪਨਾ ਤੋਂ ਵੀ ਪਰ੍ਹੇ ਹੈ। ਯਹੂਦੀਆਂ ਦੀ ਬਾਈਬਲ ਵਿੱਚ ਲਿਖਿਆ ਹੈ ਕਿ ਯੇਰੂਸ਼ਲਮ ਦੀ ਪਵਿੱਤਰ ਭੂਮੀ ’ਤੇ ਪ੍ਰਭੂ ਦਾ ਭੇਜਿਆ ਦੂਤ ਰਾਜਾ ਗਧੇ ਉੱਤੇ ਸਵਾਰ ਹੋ ਕੇ ਯੇਰੂਸ਼ਲਮ ਆ ਰਿਹਾ ਹੈ। ਬਾਈਬਲ ਦਰਸਾਉਂਦੀ ਹੈ ਕਿ ‘ਹੇ ਜ਼ਿਊਨ ਦੀ ਧੀ, ਖ਼ੁਸ਼ੀ ਨਾਲ ਖੀਵੀ ਹੋ! ਹੇ ਯੇਰੂਸ਼ਲਮ ਦੀ ਧੀ! ਉੱਚੀ ਆਵਾਜ਼ ਵਿੱਚ ਬੋਲੋ! ਵੇਖੋ, ਤੁਹਾਡਾ ਰਾਜਾ ਤੁਹਾਡੇ ਕੋਲ ਆ ਰਿਹਾ ਹੈ; ਉਹ ਧਰਮੀ, ਨਿਮਰ ਅਤੇ ਮੁਕਤੀਦਾਤਾ ਹੈ। ਉਹ ਗਧੇ ਉੱਤੇ, ਗਧੀ ਦੇ ਬੱਚੇ ਉੱਤੇ ਸਵਾਰ ਹੈ।’ ਜੇ ਪ੍ਰਭੂ ਦੇ ਇਸ ਸੰਕੇਤ ਨੂੰ ਡੀਕੋਡ ਕਰਨਾ ਹੋਵੇ ਤਾਂ ਕੀ ਇਜ਼ਰਾਈਲ, ਅਮਰੀਕਾ ਉੱਤੇ ਸਵਾਰ ਹੋ ਕੇ ਫ਼ਲਸਤੀਨ ਆ ਰਿਹਾ ਹੈ ਜਾਂ ਅਮਰੀਕਾ, ਇਜ਼ਰਾਈਲ ਉੱਤੇ?
ਪਿੱਛੇ ਜਿਹੇ ਚੀਨ ’ਤੇ ਕੋਈ ਭੀੜ ਪਈ ਤੇ ਉਸ ਨੇ ਪਾਕਿਸਤਾਨ ਤੋਂ ਵੱਡੀ ਤਾਦਾਦ ਵਿੱਚ ਗਧੇ ਖਰੀਦੇ। ਪਾਕਿਸਤਾਨ ਵਿੱਚ ਸੱਠ ਲੱਖ ਗਧੇ ਹਨ ਤੇ ਉਹ ਖੇਤੀਬਾੜੀ ਤੇ ਘਰੇਲੂ ਕੰਮਾਕਾਰਾਂ ਲਈ ਪਾਕਿਸਤਾਨ ਦੀ ਰੀਂਗਦੀ ਅਰਥ-ਵਿਵਸਥਾ ਦੀ ਚਾਲ ਨਾਲ ਤਾਲ ਮਿਲਾ ਕੇ ਚੱਲਦੇ ਹਨ। ਚੀਨ ਦੁਆਰਾ ਕਾਨੂੰਨੀ ਤੌਰ ’ਤੇ ਪਾਕਿਸਤਾਨ ਦੇ ਗਧੇ ਤੇ ਸ੍ਰੀਲੰਕਾ ਦੇ ਬਾਂਦਰ ਖ਼ਰੀਦਣ ਦੇ ਨਾਲ-ਨਾਲ ਕੁਝ ਗ਼ੈਰ ਕਾਨੂੰਨੀ ‘ਐਨੀਮਲ ਟ੍ਰੈਫਿਕਿੰਗ’ ਵੀ ਹੋਈ ਦੱਸੀ ਜਾਂਦੀ ਹੈ।
ਮਨੁੱਖਾਂ ਵਾਂਗ ਜਾਨਵਰ ਵੀ ਸਰਹੱਦੋਂ ਪਾਰ ਪਰਵਾਸ ਕਰਦੇ ਹਨ ਤੇ ਕੀ ਉਨ੍ਹਾਂ ਦੇ ਵੀ ‘ਮਨੁੱਖੀ ਅਧਿਕਾਰਾਂ’ ਦਾ ਹਨਨ ਹੁੰਦਾ ਹੋਵੇਗਾ? ਹੁੰਦਾ ਹੀ ਹੋਵੇਗਾ! ਪਰਵਾਸੀਆਂ ਤੋਂ ਅਨੰਤ ਵਾਰ ਸੁਣਿਆ ਕਿ ਜ਼ਿੰਦਗੀ ਭਰ ਗਧਿਆਂ ਵਾਂਗ ਕੰਮ ਕੀਤਾ, ਪਰ ਬਰਾਬਰ ਦੇ ਹੱਕ ਨਹੀਂ ਮਿਲੇ। ਇਸੇ ਤਰ੍ਹਾਂ ਲੂਸੀ ਫੈਂਸੋਮ ਨੇ ਸਾਲ 2000 ਵਿੱਚ ਪਵਿੱਤਰ ਭੂਮੀ ਵਿੱਚ ਗਧਿਆਂ ਦੀ ਦੇਖਭਾਲ ਲਈ ‘ਸੁਰੱਖਿਅਤ ਹੈਵਨ’ ਨਾਮ ਦੀ ਇੱਕ ਸੰਸਥਾ ਸਥਾਪਿਤ ਕੀਤੀ ਜੋ ਇਜ਼ਰਾਈਲ ਅਤੇ ਫ਼ਲਸਤੀਨ ਵਿੱਚ ਕੰਮਕਾਜੀ ਤੇ ਆਵਾਰਾ ਗਧਿਆਂ ਦੀ ਭਲਾਈ ਲਈ ਸਰਗਰਮ ਹੈ।
ਬਦੀ ਕਰਨ ਵਾਲਿਆਂ ਨੂੰ ਅਕਸਰ ਸਿਆਣੇ ਲੋਕ ਨਸੀਹਤ ਦਿੰਦੇ ਹਨ ਕਿ ‘ਗਧੇ ਨਾ ਬਣੋ’। ਪਰ ਜੰਗਬਾਜ਼ਾਂ ਦੁਆਰਾ ਮਚਾਈ ਜਾਂਦੀ ਭਿਆਨਕ ਤਬਾਹੀ ਦੇਖ ਕੇ ਐਨਾ ਕਹਿਣਾ ਤਾਂ ਬਣਦਾ ਹੀ ਹੈ ਕਿ ਇਨਸਾਨ ਬਣੋ।
ਸੰਪਰਕ: 1-438-924-2052

Advertisement

Advertisement