Donkey Route: ਕੋਲੰਬੀਆ ਵਿੱਚ ਬੰਦੀ ਬਣਾਏ 5 ਪੰਜਾਬੀਆਂ ਵਿੱਚੋਂ ਤਿੰਨ ਮੁੜ ਦੂਤਘਰ ਦੀ ਹਿਫਾਜ਼ਤ ’ਚੋਂ ਭੱਜੇ: ਧਾਲੀਵਾਲ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਮਈ
ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਲੰਬੀਆ ਵਿੱਚ ਬੰਦੀ ਬਣਾਏ ਪੰਜ ਨੌਜਵਾਨਾਂ, ਜਿਨ੍ਹਾਂ ਨੂੰ ਕੋਲੰਬੀਆ ਸਥਿਤ ਭਾਰਤੀ ਦੂਤਘਰ ਨੇ ਆਪਣੀ ਹਿਫਾਜ਼ਤ ਵਿੱਚ ਲੈ ਲਿਆ ਸੀ, ਵਿੱਚੋਂ ਤਿੰਨ ਮੁੜ ਆਪਣੇ ਏਜੰਟਾਂ ਨਾਲ ਸਬੰਧ ਬਣਾ ਕੇ ਭੱਜ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜਾਬੀਆਂ ਬਾਰੇ ਸੂਚਨਾ ਮਿਲਣ ਉਪਰੰਤ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਦੀ ਸਹਾਇਤਾ ਨਾਲ ਕੋਲੰਬੀਆ ਸਥਿਤ ਭਾਰਤੀ ਸਫ਼ਾਰਤਖ਼ਾਨੇ ਨਾਲ ਰਾਬਤਾ ਕਰ ਕੇ ਇਹਨਾਂ ਨੌਜਵਾਨਾਂ ਦੀ ਮਦਦ ਲਈ ਅਪੀਲ ਕੀਤੀ ਸੀ। ਇਸ ਉੱਤੇ ਕਾਰਵਾਈ ਕਰਦੇ ਹੋਏ ਉਥੇ ਸਥਿਤ ਸਫ਼ਾਰਤਖ਼ਾਨੇ ਨੇ ਕੁਝ ਹੀ ਘੰਟਿਆਂ ਵਿੱਚ ਪੰਜਾਂ ਨੌਜਵਾਨਾਂ ਨੂੰ ਆਪਣੀ ਹਿਫਾਜ਼ਤ ਵਿੱਚ ਲੈ ਕੇ ਹੋਸਟਲ ਵਿੱਚ ਠਹਿਰਾ ਦਿੱਤਾ ਸੀ।
ਇਸ ਦੌਰਾਨ ਉਹਨਾਂ ਨੂੰ ਵਾਪਸ ਪੰਜਾਬ ਭੇਜਣ ਦੇ ਪ੍ਰਬੰਧ ਹੋ ਹੀ ਰਹੇ ਸਨ ਕਿ ਉਨ੍ਹਾਂ ਵਿੱਚੋਂ ਤਿੰਨ ਨੌਜਵਾਨ ਕਰਨਦੀਪ ਸਿੰਘ, ਗੁਰਨਾਮ ਸਿੰਘ ਅਤੇ ਰਮਨਦੀਪ ਸਿੰਘ ਨੇ ਆਪਣੇ ਭਾਰਤ ਸਥਿਤ ਏਜੰਟਾਂ ਨਾਲ ਫੋਨ ਉੱਤੇ ਰਾਬਤਾ ਕਰ ਲਿਆ ਅਤੇ ਫਿਰ ਬਿਨਾਂ ਕਿਸੇ ਨੂੰ ਦੱਸੇ ਉਥੋਂ ਨਿਕਲ ਗਏ। ਜਦ ਕਿ ਦੂਸਰੇ ਦੋਵੇਂ ਨੌਜਵਾਨ ਵਾਪਸੀ ਲਈ ਤਿਆਰ ਹਨ।
ਉਹਨਾਂ ਨੌਜਵਾਨਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਡੌਂਕੀ ਰਸਤੇ (Donkey Route) ਜੋ ਕਿ ਬਹੁਤ ਖਤਰਨਾਕ ਹਨ, ਰਾਹੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਨਾ ਭੇਜਣ। ਉਹਨਾਂ ਕਿਹਾ ਕਿ ਜਿੰਨੇ ਪੈਸੇ ਲਗਾ ਕੇ ਇਹ ਲੋਕ ਵਿਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਨ ਉਂਨੇ ਪੈਸੇ ਨਾਲ ਇੱਥੇ ਹੀ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ।