‘ਜਾਗਦੇ ਬੋਲ’ ਤੇ ‘ਲਫਜ਼ਾਂ ਦੀ ਦਰਗਾਹ’ ਪੁਸਤਕਾਂ ਲੋਕ ਅਰਪਣ
ਪੱਤਰ ਪ੍ਰੇਰਕ
ਜਲੰਧਰ, 18 ਸਤੰਬਰ
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ ਵੱਲੋਂ ਸਾਂਝਾ ਕਾਵਿ ਸੰਗ੍ਰਹਿ ‘ਜਾਗਦੇ ਬੋਲ’ ਅਤੇ ਗੁਰਿੰਦਰ ਗਿੱਲ ਦੀ ਪੁਸਤਕ ‘ਲਫਜ਼ਾਂ ਦੀ ਦਰਗਾਹ’ ਆਦਿ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਵਿੱਚ ਬੇਲਾਰੂਸ ਦੇ ਸੇਵਾਮੁਕਤ ਰਾਜਦੂਤ ਰਮੇਸ਼ ਚੰਦਰ ਨੇ ਮੁੱਖ ਮਹਿਮਾਨ ਅਤੇ ਸੇਵਾਮੁਕਤ ਏਏਓ ਬਲਰਾਜ ਚੰਦੇਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੇ ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਰੂਪ ਲਾਲ ਰੂਪ ਵੱਲੋਂ ‘ਜਾਗਦੇ ਬੋਲ’ ਸਾਂਝਾ ਕਾਵਿ ਸੰਗ੍ਰਹਿ ਅਤੇ ਗੁਰਿੰਦਰ ਗਿੱਲ ਦੀ ਪੁਸਤਕ ‘ਲਫਜ਼ਾਂ ਦੀ ਦਰਗਾਹ’ ਵਿੱਚ ਛੋਹੇ ਗਏ ਵਿਸ਼ਿਆਂ ਦੀ ਸਰੋਤਿਆਂ ਨਾਲ ਸਾਂਝ ਪੁਆਈ। ‘ਜਾਗਦੇ ਬੋਲ’ ਪੁਸਤਕ ’ਤੇ ਪਰਚਾ ਪੜ੍ਹਦਿਆਂ ਪ੍ਰੋ. ਮਲਕੀਤ ਜੌੜਾ ਨੇ ਕਿਹਾ ਕਿ ਹਾਕਮ ਧਿਰ ਵੱਲੋਂ ਲੋਕ ਹਿੱਤਾਂ ਦੀ ਅਣਦੇਖੀ ਨਾਲ ਖਹਿ ਕੇ ਲੰਘਦੀਆਂ ਕਵਿਤਾਵਾਂ ਲੋਕ-ਜਾਗਰੂਕਤਾ ਦੇ ਪਾਸਾਰ ਵਿੱਚ ਨਿੱਗਰ ਯੋਗਦਾਨ ਪਾਉਣ ਦੀ ਸਮਰੱਥਾ ਰੱਖਦੀਆਂ ਹਨ। ਡਾ. ਰਵਿੰਦਰ ਕੌਰ ਨੇ ‘ਲਫਜ਼ਾਂ ਦੀ ਦਰਗਾਹ’ ਪੁਸਤਕ ’ਤੇ ਪਰਚਾ ਪੜ੍ਹਦਿਆਂ ਗੁਰਿੰਦਰ ਗਿੱਲ ਵੱਲੋਂ ਆਪਣੀਆਂ ਰਚਨਾਵਾਂ ਵਿਚ ਉਠਾਏ ਵਿਭਿੰਨ ਲੋਕ ਮੁੱਦਿਆਂ ਦੇ ਨਾਲ ਨਾਲ ਸਮਾਜ ਵਿਚ ਔਰਤ ਨੂੰ ਆਪਣੇ ਸਨਮਾਨ ਲਈ ਲੜਨ ਤੇ ਖੜ੍ਹਨ ਦਾ ਸੁਨੇਹਾ ਦਿੰਦੀਆਂ ਰਚਨਾਵਾਂ ਨੂੰ ਵਿਚਾਰ ਦਾ ਵਿਸ਼ਾ ਬਣਾਇਆ। ਡਾ. ਬਲਵਿੰਦਰ ਸਿੰਘ ਥਿੰਦ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਦੂਜੇ ਅੱਧ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਦਲਜੀਤ ਮਹਿਮੀ, ਸੁਖਦੇਵ ਸਿੱਧੂ , ਧਰਮਪਾਲ ਪੈਂਥਰ, ਅੰਜੂ ਬਾਲਾ, ਮਲਕੀਤ ਜੌੜਾ, ਜਨਕ ਰਾਜ ਰਾਠੌਰ, ਸੁਖਦੇਵ ਸਿੰਘ ਗੰਢਵਾਂ ਤੇ ਸੋਢੀ ਸੱਤੋਵਾਲ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।