ਵਿਦਿਆਰਥੀਆਂ ਵੱਲੋਂ ਕਾਲਜ ਦੀ ਲਾਇਬ੍ਰੇਰੀ ਲਈ ਕਿਤਾਬਾਂ ਦਾਨ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, ਮੁੱਲਾਂਪੁਰ, 5 ਦਸੰਬਰ
ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੀ 53ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਕਿਤਾਬ ਦਾਨ ਮਹੀਨਾ’ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਵਤਾਰ ਸਿੰਘ ਨੇ 10 ਕਿਤਾਬਾਂ ਦਾ ਸੈੱਟ ਕਾਲਜ ਲਾਇਬਰੇਰੀ ਨੂੰ ਭੇਟ ਕਰਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ। ਇਸ ਮਗਰੋਂ ਅਧਿਆਪਕਾਂ, ਵਿਦਿਆਰਥੀਆਂ ਤੇ ਪੁਰਾਣੇ ਵਿਦਿਆਰਥੀਆਂ ਨੇ ਲਗਪਗ 140 ਪੁਸਤਕਾਂ ਭੇਟ ਕੀਤੀਆਂ। ਇਸ ਮੌਕੇ ਡਾ. ਅਵਤਾਰ ਸਿੰਘ ਨੇ ਕਿਹਾ ਕਿ ਕਿਤਾਬਾਂ ਸਾਡੇ ਗਿਆਨ ਵਿੱਚ ਤਾਂ ਵਾਧਾ ਕਰਦੀਆਂ ਹੀ ਹਨ, ਇਸ ਦੇ ਨਾਲ ਹੀ ਇਹ ਜ਼ਿੰਦਗੀ ਵਿੱਚ ਸਭ ਤੋਂ ਬਿਹਤਰ ਮਿੱਤਰ ਵੀ ਬਣ ਕੇ ਵਿਚਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਕਾਲਜ ਦੀ ਲਾਇਬਰੇਰੀ ਦੇ ਪੁਸਤਕ ਭੰਡਾਰ ਵਿੱਚ ਉੱਚ ਪੱਧਰੀ ਵਾਧਾ ਹੋਇਆ ਹੈ। ਕਾਲਜ ਦੀ ਲਾਇਬ੍ਰੇਰੀਅਨ ਰਾਜਵਿੰਦਰ ਕੌਰ ਨੇ ਇਸ ਦਿਵਸ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਕਿਤਾਬਾਂ ਜੀਵਨ-ਸ਼ੈਲੀ ਨੂੰ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦਾਨ ਕੀਤੀਆਂ ਪੁਸਤਕਾਂ ਵਿੱਚੋਂ ‘ਇਹ ਰਾਹ ਜਾਂਦੇ ਕਿਹੜੇ ਪਾਸੇ’ ਮਨਦੀਪ ਕੌਰ ਰਾਏ ਦੀ ਲਿਖੀ ਹੋਈ ਹੈ, ਜਿਸ ਵਿੱਚ ‘ਮਨੁੱਖਤਾ ਦੀ ਸੇਵਾ’ ਸਿਰਲੇਖ ਹੇਠ ਹਸਨਪੁਰ ਦੇ ਗੁਰਪ੍ਰੀਤ ਸਿੰਘ ਮਿੰਟੂ ਬਾਰੇ ਜਾਣਕਾਰੀ ਦਿੱਤੀ ਗਈ ਹੈ।