ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਿਜਾਣ ਲਈ ਬੱਸ ਭੇਟ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਨਵੰਬਰ
ਆਸਟ੍ਰੇਲੀਆ ਵਾਸੀ ਸਿੱਖ ਸ਼ਰਧਾਲੂ ਜਤਿੰਦਰ ਸਿੰਘ ਉੱਪਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲਿਜਾਣ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈ ਬੱਸ ਭੇਟ ਕੀਤੀ ਗਈ, ਜਿਸ ਦੀ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸੌਂਪੀਆਂ। ਇਸ ਬੱਸ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਇਆ ਗਿਆ ਹੈ, ਜਿਸ ਅੰਦਰ 300 ਪਾਵਨ ਸਰੂਪ ਸੁਸ਼ੋਭਿਤ ਕੀਤੇ ਜਾ ਸਕਦੇ ਹਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਸਟ੍ਰੇਲੀਆ ਦੀ ਸੰਗਤ ਦੀ ਮੰਗ ’ਤੇ ਬੀਤੇ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਆਸਟ੍ਰੇਲੀਆ ਭੇਜੇ ਗਏ ਸਨ, ਜਿਸ ਦੇ ਬੱਸ ਵੀ ਭੇਜੀ ਸੀ। ਇਸ ਦੇ ਧੰਨਵਾਦ ਵਜੋਂ ਆਸਟ੍ਰੇਲੀਆ ਵਾਸੀ ਜਤਿੰਦਰ ਸਿੰਘ ਉੱਪਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਪਾਵਨ ਸਰੂਪਾਂ ਵਾਲੀ ਵਿਸ਼ੇਸ਼ ਬੱਸ ਤਿਆਰ ਕਰਵਾ ਕੇ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਰਿਵਾਰ ਦਾ ਧੰਨਵਾਦ ਕੀਤਾ।