ਮਸਜਿਦ ਬਣਾਉਣ ਲਈ ਪੰਜ ਵਿਸਵੇ ਜ਼ਮੀਨ ਦਾਨ
ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 28 ਨਵੰਬਰ
ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਉਮਰਪੁਰਾ ਦੇ ਸਿੱਖ ਪਰਿਵਾਰ ਨੇ ਮਸਜਿਦ ਲਈ ਜ਼ਮੀਨ ਦੇ ਕੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਪਿੰਡ ਉਮਰਪੁਰਾ ’ਚ ਲੰਬਾ ਸਮਾਂ ਸਰਪੰਚ ਰਹੇ ਮਰਹੂਮ ਤੇਜਿੰਦਰ ਸਿੰਘ ਪੰਧੇਰ ਦੇ ਸਮਾਜ ਸੇਵੀ ਪੁੱਤਰ ਸੁਖਜਿੰਦਰ ਸਿੰਘ ਪੰਧੇਰ ਤੇ ਅਵਨਿੰਦਰ ਸਿੰਘ ਪੰਧੇਰ ਆਸਟ੍ਰੇਲੀਆ ਨੇ ਮੁਸਲਿਮ ਭਾਈਚਾਰੇ ਦੀ ਲੰਮੇ ਤੋਂ ਲਟਕ ਰਹੀ ਮੰਗ ਨੂੰ ਆਪਣੀ ਜ਼ਮੀਨ ’ਚੋਂ ਪੰਜ ਵਿਸਵੇ ਥਾਂ ਦੇ ਕੇ ਪੂਰਾ ਕੀਤਾ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਪੰਧੇਰ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੇ ਕਿਹਾ ਕਿ ਇਹ ਇੱਕ ਵੱਡਾ ਉੱਦਮ ਹੈ ਜਿਸ ਨਾਲ ਸਮਾਜ ਵਿੱਚ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਵਧੇਗੀ ਅਤੇ ਮਸਜਿਦ ਬਣਾਉਣ ਦਾ ਕੰਮ ਪਿੰਡ ਦੇ ਸਹਿਯੋਗ ਨਾਲ ਸੰਪੂਰਨ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਹਰਕਮਲ ਸਿੰਘ ਧਾਲੀਵਾਲ, ਆਪ ਆਗੂ ਸੁਖਵਿੰਦਰ ਸਿੰਘ ਕਾਲਾ, ਸਕਿੰਦਰ ਸਿੰਘ ਪੰਧੇਰ, ਡਾ.ਪ੍ਰੀਤ ਧਾਲੀਵਾਲ, ਪੰਚ ਮਹੁੰਮਦ ਅਸ਼ਰਫ, ਪੰਚ ਬਲਵਿੰਦਰ ਸਿੰਘ, ਸਾਬਕਾ ਪੰਚ ਬਿੱਟੂ, ਕੰਗਣ ਖਾਂ, ਫਕੀਰੀਆ ਖਾਂ, ਮੁਸ਼ਤਾਕ ਮਹੁੰਮਦ, ਤੇਲੂ ਖਾਂ, ਸੇਰ ਖਾਂ ਨੇ ਇਸ ਉੱਦਮ ਨੂੰ ਸ਼ਲਾਘਾਯੋਗ ਦੱਸਿਆ।