For the best experience, open
https://m.punjabitribuneonline.com
on your mobile browser.
Advertisement

ਡੋਨਲਡ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਵਜੋਂ ਵਾਪਸੀ

07:03 AM Nov 07, 2024 IST
ਡੋਨਲਡ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਵਜੋਂ ਵਾਪਸੀ
ਡੋਨਲਡ ਟਰੰਪ ਰਾਸ਼ਟਰਪਤੀ ਚੋਣਾਂ ’ਚ 270 ਦਾ ਜਾਦੂਈ ਅੰਕੜਾ ਛੂਹਣ ਮਗਰੋਂ ਫਲੋਰਿਡਾ ਦੇ ਪਾਮ ਬੀਚ ਕਾਊਂਟੀ ਕਨਵੈਨਸ਼ਨ ਸੈਂਟਰ ’ਚ ਆਪਣੇ ਪਰਿਵਾਰ ਅਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੇਡੀ ਵੈਂਸ ਦੀ ਹਾਜ਼ਰੀ ’ਚ ਸਮਰਥਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਰਾਇਟਰਜ਼
Advertisement

* ਅਹਿਮ ਸਵਿੰਗ ਸਟੇਟਸ ਵਿਚ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਪਛਾੜਿਆ

Advertisement

ਵਾਸ਼ਿੰਗਟਨ, 6 ਨਵੰਬਰ
ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ(78) ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਤੇ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਰਾਇਆ। ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ। ਉਹ ਮੁਲਕ ਦੇ 47ਵੇਂ ਰਾਸ਼ਟਰਪਤੀ ਵਜੋਂ ਅਗਲੇ ਸਾਲ 20 ਜਨਵਰੀ ਨੂੰ ਅਹੁਦੇ ਦਾ ਹਲਫ਼ ਲੈਣਗੇ। ਟਰੰਪ ਦੀ ਜਿੱਤ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਸਿਆਸੀ ਵਾਪਸੀ ਮੰਨਿਆ ਜਾ ਰਿਹਾ ਹੈ। ਵ੍ਹਾਈਟ ਹਾਊਸ ਪਹੁੰਚਣ ਲਈ ਦੋਵਾਂ ਉਮੀਦਵਾਰਾਂ ਨੂੰ 270 ਇਲੈਕਟੋਰਲ ਵੋਟਾਂ ਦੀ ਲੋੜ ਸੀ ਤੇ ਟਰੰਪ ਨੇ ਪੰਜ ਸਵਿੰਗ ਸਟੇਟਾਂ ਵਿਚੋਂ ਇਕ ਵਿਸਕੌਨਸਿਨ ਦਾ ਚੋਣ ਮੈਦਾਨ ਫ਼ਤਹਿ ਕਰਕੇ ਜਾਦੂਈ ਅੰਕੜਾ ਹਾਸਲ ਕਰ ਲਿਆ। ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ (ਏਪੀ) ਮੁਤਾਬਕ ਭਾਰਤੀ ਸਮੇਂ ਅਨੁਸਾਰ ਸ਼ਾਮੀਂ 7 ਵਜੇ ਤੱਕ ਰਿਪਬਲਿਕਨ ਉਮੀਦਵਾਰ ਟਰੰਪ ਨੇ 277 ਤੇ ਭਾਰਤੀ ਮੂਲ ਦੀ ਡੈਮੋਕਰੈਟਿਕ ਉਮੀਦਵਾਰ ਹੈਰਿਸ ਨੂੰ 226 ਇਲੈਕਟੋਰਲ ਵੋਟ ਮਿਲੇ ਸਨ। ਕੁੱਲ 538 ਇਲੈਕਟੋਰਲ ਕਾਲਜ ਵੋਟਾਂ ਵਿਚੋਂ 35 ਲਈ ਗਿਣਤੀ ਦਾ ਅਮਲ ਜਾਰੀ ਸੀ।

Advertisement

‘ਸਿੱਖ ਅਮੈਰੀਕਨਜ਼ ਫਾਰ ਟਰੰਪ’ ਸਮੂਹ ਦੇ ਮੈਂਬਰ ਵਾਸ਼ਿੰਗਟਨ ਡੀਸੀ ਵਿਚ ਵ੍ਹਾਈਟ ਹਾਊਸ ਦੇ ਬਾਹਰ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ। -ਫੋਟੋ: ਏਪੀ

ਟਰੰਪ ਦੀ ਜਿੱਤ ਨੂੰ ਜ਼ੋਰਦਾਰ ਵਾਪਸੀ ਵਜੋਂ ਦੇਖਿਆ ਜਾ ਰਿਹਾ ਹੈ। ਟਰੰਪ ਚਾਰ ਸਾਲ ਪਹਿਲਾਂ (2020 ’ਚ) ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਕੋਲੋਂ ਹਾਰ ਗਏ ਸਨ। ਟਰੰਪ ਨੇ ਉਦੋਂ ਚੋਣ ਨਤੀਜਿਆਂ ਨੂੰ ਵੀ ਚੁਣੌਤੀ ਦਿੱਤੀ ਸੀ ਤੇ ਸੱਤਾ ਦੇ ਤਬਾਦਲੇ ਦੌਰਾਨ ਆਪਣੇ ਹਮਾਇਤੀਆਂ ਨੂੰ ਅਮਰੀਕੀ ਸੰਸਦ ਵੱਲ ਮਾਰਚ ਕਰਨ ਦੀ ਅਸਿੱਧੀ ਅਪੀਲ ਕੀਤੀ ਸੀ। ਟਰੰਪ ਹਮਾਇਤੀਆਂ ਦਾ ਮਾਰਚ ਮਗਰੋਂ ਹਿੰਸਕ ਹਮਲਿਆਂ ਵਿਚ ਤਬਦੀਲ ਹੋ ਗਿਆ ਤੇ ਅਮਰੀਕੀ ਸੰਸਦ ਦੇ ਅੰਦਰ ਝੜਪਾਂ ਦੀਆਂ ਤਸਵੀਰਾਂ ਨੇ ਕੁੱਲ ਆਲਮ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਂਝ ਅੱਜ ਦੀ ਜਿੱਤ ਨਾਲ ਟਰੰਪ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਨੂੰ (ਸੰਸਦ ’ਤੇ ਹਮਲੇ ਦੇ) ਸੰਗੀਨ ਜੁਰਮ ਲਈ ਦੋਸ਼ੀ ਠਹਿਰਾਏ ਜਾਣ ਮਗਰੋਂ ਅਮਰੀਕਾ ਦੇ ਸਿਖਰਲੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ। ਟਰੰਪ ਨੇ ਪੈਨਸਿਲਵੇਨੀਆ, ਜੌਰਜੀਆ, ਉੱਤਰੀ ਕੈਰੋਲੀਨਾ ਤੇ ਵਿਸਕੌਨਸਿਨ ਜਿਹੇ ਸਵਿੰਗ ਸਟੇਟ ਜਿੱਤ ਕੇ ਆਪਣੀ ਵਿਰੋਧੀ ਉਮੀਦਵਾਰ ਕਮਲਾ ਹੈਰਿਸ ਨੂੰ ਵੱਡੀ ਸੱਟ ਮਾਰੀ। ਖ਼ਬਰ ਲਿਖੇ ਜਾਣ ਤੱਕ ਕੁਝ ਹੋਰਨਾਂ ਅਹਿਮ ਰਾਜਾਂ ਐਰੀਜ਼ੋਨਾ, ਮਿਸ਼ੀਗਨ ਤੇ ਨੇਵਾਦਾ ਵਿਚ ਵੋਟਾਂ ਦੀ ਗਿਣਤੀ ਜਾਰੀ ਸੀ।
ਅਮਰੀਕਾ ਵਿਚ ਕੁੱਲ ਮਿਲਾ ਕੇ 50 ਸਟੇਟਸ (ਸੂਬੇ) ਹਨ ਤੇ ਸਵਿੰਗ ਸਟੇਟਸ ਨੂੰ ਛੱਡ ਕੇ ਇਨ੍ਹਾਂ ਵਿਚੋਂ ਬਹੁਤੇ ਰਾਜ ਹਰੇਕ ਚੋਣ ਵਿਚ ਇਕੋ ਪਾਰਟੀ ਲਈ ਵੋਟ ਕਰਦੇ ਹਨ। ਸਵਿੰਗ ਸਟੇਟਸ ਪੈਨਸਿਲਵੇਨੀਆ, ਮਿਸ਼ੀਗਨ ਤੇ ਵਿਸਕੌਨਸਿਨ ਨੂੰ ਰਸਟ ਬੈੱਲਟ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਰਵਾਇਤੀ ਤੌਰ ’ਤੇ ਡੈਮੋਕਰੈਟਿਕ ਪਾਰਟੀ ਦਾ ਮਜ਼ਬੂਤ ਗੜ੍ਹ ਹਨ। ਐਗਜ਼ਿਟ ਪੋਲਾਂ (ਚੋਣ ਸਰਵੇਖਣਾਂ) ਵਿਚ ਟਰੰਪ ਤੇ ਹੈਰਿਸ ਦਰਮਿਆਨ ਫਸਵੇਂ ਮੁਕਾਬਲੇ ਦੀ ਪੇਸ਼ੀਨਗੋਈ ਕੀਤੀ ਗਈ ਸੀ ਤੇ ਚੋਣਾਂ ਵਿਚ ਅਮਰੀਕੀ ਵੋਟਰਾਂ ਲਈ ਅਰਥਚਾਰੇ ਦੀ ਹਾਲਤ ਤੇ ਗਰਭਪਾਤ ਨੂੰ ਅਹਿਮ ਮੁੱਦੇ ਦੱਸਿਆ ਗਿਆ ਸੀ। ਆਲਮੀ ਆਗੂਆਂ ਵਿਚੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ, ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਡੋਨਲਡ ਟਰੰਪ ਨੂੰ ‘ਵ੍ਹਾਈਟ ਹਾਊਸ ਵਿਚ ਇਤਿਹਾਸਕ ਵਾਪਸੀ’ ਲਈ ਵਧਾਈ ਦਿੱਤੀ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਜਰਮਨ ਚਾਂਸਲਰ ਓਲਾਫ਼ ਸ਼ੁਲਜ਼, ਇਤਾਲਵੀ ਪ੍ਰਧਾਨ ਮੰਤਰੀ ਜੌਰਜੀਆ ਮਿਲੋਨੀ ਤੇ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਵੀ ਚੋਣ ਜਿੱਤ ਲਈ ਟਰੰਪ ਨੂੰ ਵਧਾਈ ਦਿੱਤੀ।

ਕਾਂਗਰਸ ਵੱਲੋਂ ਟਰੰਪ ਨੂੰ ਵਧਾਈ

ਨਵੀਂ ਦਿੱਲੀ:

ਕਾਂਗਰਸ ਨੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਚੋਣਾਂ ਮਿਲੀ ਜਿੱਤ ਦੀ ਵਧਾਈ ਦਿੱਤੀ ਹੈ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ‘‘ਅਸੀਂ ਆਲਮੀ ਸ਼ਾਂਤੀ ਤੇ ਸਥਿਰਤਾ ਲਈ ਅਮਰੀਕਾ ਨਾਲ ਨੇੜਿਓਂ ਕੰਮ ਕਰਨ ਦੀ ਦਿਸ਼ਾ ਵਿਚ ਦੇਖ ਰਹੇ ਹਾਂ। ਖੜਗੇ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘‘ਮੈਂ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਡੋਨਲਡ ਟਰੰਪ ਨੂੰ ਚੋਣਾਂ ਵਿਚ ਮਿਲੀ ਜਿੱਤ ਲਈ ਵਧਾਈ ਦਿੰਦਾ ਹਾਂ। ਭਾਰਤ ਤੇ ਅਮਰੀਕਾ ਦਰਮਿਆਨ ਮਜ਼ਬੂਤ ਵਿਆਪਕ ਆਲਮੀ ਰਣਨੀਤਕ ਭਾਈਵਾਲੀ, ਜਮਹੂਰੀ ਕਦਰਾਂ ਕੀਮਤਾਂ, ਇਕਸਾਰ ਹਿੱਤਾਂ ਅਤੇ ਲੋਕਾਂ ਦੀ ਇਕ ਦੂਜੇ ਨਾਲ ਨੇੜਤਾ ਦੀ ਸਾਂਝ ਹੈ। -ਪੀਟੀਆਈ

ਸਿੱਖਾਂ ਨੇ ਵ੍ਹਾਈਟ ਹਾਊਸ ਦੇ ਬਾਹਰ ਢੋਲ ਢਮੱਕੇ ਨਾਲ ਮਨਾਇਆ ਜਸ਼ਨ

ਵਾਸ਼ਿੰਗਟਨ:

‘ਸਿੱਖ ਅਮੈਰੀਕਨਜ਼ ਫਾਰ ਟਰੰਪ’ ਨਾਂ ਦੇ ਸਮੂਹ ਨੇ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਜਿੱਤ ਦਾ ਢੋਲ ਢਮੱਕੇ ਨਾਲ ਜਸ਼ਨ ਮਨਾਇਆ। ‘ਟਰੰਪ 2024’ ਦੇ ਬੈਨਰ ਚੁੱਕੀ ਸਮੂਹ ਨੇ ਵ੍ਹਾਈਟ ਹਾਊਸ ਦੇ ਬਾਹਰ ਢੋਲ ਦੇ ਡੱਗੇ ’ਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਸਮੂਹ ਦੇ ਮੈਂਬਰ ਜੱਸੀ ਸਿੰਘ ਨੇ ਕਿਹਾ, ‘‘ਭਾਰਤੀ ਭਾਈਚਾਰਾ, ਪੂਰਾ ਦੱਖਣ ਏਸ਼ਿਆਈ ਭਾਈਚਾਰਾ, ਸਿੱਖ, ਮੁਸਲਮਾਨ, ਹਿੰਦੂ...ਸਾਰੇ ਇਥੇ ਵ੍ਹਾਈਟ ਹਾਊਸ ਦੇ ਬਾਹਰ ਵੱਡੀ ਗਿਣਤੀ ਵਿਚ ਇਕੱਤਰ ਹੋਏ ਹਨ। ਰਾਸ਼ਟਰਪਤੀ ਟਰੰਪ ਚੋਣ ਜਿੱਤ ਗਏ ਹਨ ਤੇ ਅਸੀਂ ਸਾਰੇ ਢੋਲ ਢਮੱਕੇ ਨਾਲ ਜਿੱਤ ਦਾ ਜਸ਼ਨ ਮਨਾ ਰਹੇ ਹਾਂ।’’ -ਏਐੱਨਆਈ

ਮੋਦੀ ਵੱਲੋਂ ‘ਦੋਸਤ’ ਟਰੰਪ ਨੂੰ ‘ਇਤਿਹਾਸਕ’ ਜਿੱਤ ਦੀ ਵਧਾਈ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ‘ਦੋੋਸਤ’ ਡੋਨਲਡ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਮਿਲੀ ‘ਇਤਿਹਾਸਕ’ ਜਿੱਤ ਦੀ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਟਰੰਪ ਦੀ ਇਸ ਜਿੱਤ ਮਗਰੋਂ ਉਹ ਭਾਰਤ-ਅਮਰੀਕਾ ਵਿਆਪਕ ਆਲਮੀ ਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਯੋਗ ਵਧਾਉਣ ਦੀ ਦਿਸ਼ਾ ’ਚ ਦੇਖ ਰਹੇ ਹਨ। ਸ੍ਰੀ ਮੋਦੀ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘‘ਮੇਰੇ ਦੋਸਤ ਡੋਨਲਡ ਟਰੰਪ ਨੂੰ ਚੋਣਾਂ ਵਿਚ ਇਤਿਹਾਸਕ ਜਿੱਤ ਲਈ ਦਿਲੋਂ ਵਧਾਈਆਂ। ਤੁਹਾਡੇ ਪਿਛਲੇ ਕਾਰਜਕਾਲ ਦੀਆਂ ਸਫ਼ਲਤਾਵਾਂ ਦੀ ਲੜੀ ਵਿਚ, ਭਾਰਤ-ਅਮਰੀਕਾ ਆਲਮੀ ਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਡੇ ਸਹਿਯੋਗ ਨੂੰ ਨਵੇਂ ਸਿਰੇ ਤੋਂ ਅੱਗੇ ਵਧਾਉਣ ਦੀ ਆਸ ਕਰਦਾ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਆਓ ਆਪਣੇ ਲੋਕਾਂ ਦੀ ਬਿਹਤਰੀ ਅਤੇ ਆਲਮੀ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਦੇ ਪ੍ਰਚਾਰ ਪਾਸਾਰ ਲਈ ਮਿਲ ਕੇ ਕੰਮ ਕਰੀਏ।’’ ਸ੍ਰੀ ਮੋਦੀ ਨੇ ਟਰੰਪ, ਜੋ 2016 ਤੋਂ 2020 ਦੌਰਾਨ ਅਮਰੀਕੀ ਰਾਸ਼ਟਰਪਤੀ ਸਨ, ਨਾਲ ਆਪਣੀਆਂ ਪਿਛਲੀਆਂ ਬੈਠਕਾਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ। ਪਿਛਲੇ ਮਹੀਨੇ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ‘ਸਭ ਤੋਂ ਵਧੀਆ ਇਨਸਾਨ’ ਵਜੋਂ ਤਾਰੀਫ਼ ਕੀਤੀ ਸੀ। ਟਰੰਪ ਨੇ ਭਾਰਤੀ ਆਗੂ ਨੂੰ ‘ਆਪਣਾ ਦੋਸਤ’ ਦੱਸਿਆ ਸੀ। -ਪੀਟੀਆਈ

ਹੈਰਿਸ ਨੇ ਹਾਰਵਰਡ ਯੂਨੀਵਰਸਿਟੀ ’ਚ ਰੱਖੀ ਪਾਰਟੀ ਰੱਦ ਕੀਤੀ

ਵੋਟਾਂ ਦੀ ਗਿਣਤੀ ਦੌਰਾਨ ਸਪਸ਼ਟ ਰੁਝਾਨਾਂ ਮਗਰੋਂ ਕਮਲਾ ਹੈਰਿਸ ਨੇ ਚੋਣ ਨਤੀਜੇ ਦੇਖਣ ਲਈ ਹਾਰਵਰਡ ਯੂਨੀਵਰਸਿਟੀ ਵਿਚ ਰੱਖੀ ਪਾਰਟੀ ਰੱਦ ਕਰ ਦਿੱਤੀ। ਚੋਣ ਨਤੀਜਿਆਂ ਨੂੰ ਹੈਰਿਸ ਲਈ ਵੱਡੀ ਨਮੋਸ਼ੀ ਮੰਨਿਆ ਜਾ ਰਿਹਾ ਹੈ। ਜੁਲਾਈ ਵਿਚ ਚੋਣ ਪ੍ਰਚਾਰ ਦੇ ਵਿਚਾਲੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਚੋਣ ਮੈਦਾਨ ਵਿਚੋਂ ਹਟਣ ਮਗਰੋਂ ਕਮਲਾ ਹੈਰਿਸ ਦੌੜ ਵਿਚ ਸ਼ਾਮਲ ਹੋਈ ਸੀ। ਉਂਝ ਹੈਰਿਸ ਦੀ ਨਾਮਜ਼ਦਗੀ ਖੁ਼ਦ ਵਿਚ ਇਤਿਹਾਸਕ ਸੀ, ਕਿਉਂਕਿ ਉਹ ਅਮਰੀਕਾ ਵਿਚ ਪਹਿਲੀ ਅਸ਼ਵੇਤ ਮਹਿਲਾ ਸੀ, ਜਿਸ ਨੂੰ ਕਿਸੇ ਪ੍ਰਮੁੱਖ ਪਾਰਟੀ ਨੇ ਰਾਸ਼ਟਰਪਤੀ ਦੀ ਚੋਣ ਲਈ ਮੈਦਾਨ ਵਿਚ ਉਤਾਰਿਆ ਸੀ।

ਟਰੰਪ ਵੱਲੋਂ ‘ਸੁਨਹਿਰੀ ਯੁੱਗ’ ਲਿਆਉਣ ਦਾ ਵਾਅਦਾ

ਵਾਸ਼ਿੰਗਟਨ:

ਡੋਨਲਡ ਟਰੰਪ(78) ਨੇ ਰਾਸ਼ਟਰਪਤੀ ਚੋਣਾਂ ਵਿਚ ਮਿਲੇ ਫ਼ਤਵੇ ਨੂੰ ‘ਬੇਮਿਸਾਲ ਤੇ ਸ਼ਕਤੀਸ਼ਾਲੀ’ ਕਰਾਰ ਦਿੰਦਿਆਂ ਅਮਰੀਕਾ ਲਈ ‘ਸੁਨਹਿਰੀ ਯੁੱਗ’ ਲਿਆਉਣ ਦਾ ਵਾਅਦਾ ਕੀਤਾ ਹੈ। ਟਰੰਪ ਨੇ ਫਲੋਰਿਡਾ ਦੇ ਪਾਮ ਬੀਚ ਸਥਿਤ ਪਾਮ ਬੀਚ ਕਨਵੈਨਸ਼ਨ ਸੈਂਟਰ ਵਿਚ ਅੱਜ ਤੜਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਹ ਅਮਰੀਕਾ ਲਈ ਸੱਚਮੁੱਚ ਸੁਨਹਿਰੀ ਯੁੱਗ ਹੋਵੇਗਾ। ਇਹ ਸ਼ਾਨਦਾਰ ਜਿੱਤ ਹੈ, ਜੋ ਸਾਨੂੰ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਵਿਚ ਮਦਦ ਕਰੇਗੀ।’’ ਇਸ ਮੌਕੇ ਟਰੰਪ ਨਾਲ ਉਨ੍ਹਾਂ ਦੀ ਪਤਨੀ ਮਿਲਾਨੀਆ ਟਰੰਪ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਉਪ ਰਾਸ਼ਟਰਪਤੀ ਚੁਣੇ ਜਾਣ ਵਾਲੇ ਜੇਡੀ ਵੈਂਸ ਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵੈਂਸ ਵੀ ਮੰਚ ਉੱਤੇ ਹਾਜ਼ਰ ਸੀ। ਟਰੰਪ ਨੇ ਚੋਣ ਅਮਲ ਦੌਰਾਨ ਸਹਿਯੋਗ ਲਈ ਵੈਂਸ ਜੋੜੇ ਦਾ ਸ਼ੁਕਰੀਆ ਅਦਾ ਕੀਤਾ। ਟਰੰਪ ਨੇ ਕਿਹਾ, ‘‘ਇਹ ਅਜਿਹਾ ਅੰਦੋਲਨ ਸੀ ਜਿਹੜਾ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖਿਆ ਸੀ। ਸੱਚ ਕਹਾਂ ਤਾਂ ਮੇਰਾ ਮੰਨਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਅੰਦੋਲਨ ਹੈ। ਇਸ ਦੇਸ਼ ਵਿਚ ਤੇ ਸ਼ਾਇਦ ਇਸ ਤੋਂ ਪਰੇ ਵੀ ਅਜਿਹਾ ਕਦੇ ਨਹੀਂ ਹੋਇਆ। ਹੁਣ ਇਹ ਨਵੇਂ ਮੁਕਾਮ ਉੱਤੇ ਪਹੁੰਚਣ ਜਾ ਰਿਹਾ ਹੈ ਕਿਉਂਕਿ ਅਸੀਂ ਆਪਣੇ ਦੇਸ਼ ਨੂੰ ਉਭਰਨ ਵਿਚ ਮਦਦ ਕਰਾਂਗੇ।’’ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਸਕਦੇ ਹਨ।ਟਰੰਪ ਨੇ ਕਿਹਾ, ‘‘ਅਮਰੀਕਾ ਵਿਚ ਸਾਨੂੰ ਲੋਕਾਂ ਦਾ ਬੇਮਿਸਾਲ ਤੇ ਸ਼ਕਤੀਸ਼ਾਲੀ ਫ਼ਤਵਾ ਮਿਲਿਆ ਹੈ। ਸਾਨੂੰ ਸੈਨੇਟ ਦਾ ਮੁੜ ਕੰਟਰੋਲ ਮਿਲ ਗਿਆ ਹੈ।’’ ਸਾਬਕਾ ਰਾਸ਼ਟਰਪਤੀ ਨੇ ਕਿਹਾ, ‘‘ਮੈਂ ਆਖਰੀ ਸਾਹ ਤੱਕ ਤੁਹਾਡੇ ਲਈ ਲੜਾਂਗਾ ਅਤੇ ਅਮਰੀਕਾ ਨੂੰ ਮਜ਼ਬੂਤ, ਸੁਰੱਖਿਅਤ ਤੇ ਖ਼ੁਸ਼ਹਾਲ ਰਾਸ਼ਟਰ ਬਣਾਉਣ ਤੱਕ ਟਿਕ ਕੇ ਨਹੀਂ ਬੈਠਾਂਗਾ।’’ ਉਧਰ ਵੈਂਸ ਨੇ ਭਾਸ਼ਣ ’ਚ ਟਰੰਪ ਦੀ ਜਿੱਤ ਨੂੰ ਮਹਾਨ ਸਿਆਸੀ ਵਾਪਸੀ ਦਾ ਨਾਮ ਦਿੱਤਾ। ਟਰੰਪ ਦੋ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਵਾਲੇ ਦੂਜੇ ਵਿਅਕਤੀ ਹਨ। ਇਸ ਤੋਂ ਪਹਿਲਾਂ ਗਰੋਵਰ ਕਲੀਵਲੈਂਡ ਦੇਸ਼ ਦੇ 22ਵੇਂ ਤੇ 24ਵੇਂ ਰਾਸ਼ਟਰਪਤੀ ਚੁਣੇ ਗਏ ਸਨ। -ਪੀਟੀਆਈ

ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤੇ

* ਸੁਹਾਸ ਨੂੰ ਛੱਡ ਕੇ ਪੰਜ ਉਮੀਦਵਾਰ ਮੁੜ ਪੁੱਜੇ ਸੰਸਦ
* ਡੈਮੋਕਰੈਟ ਉਮੀਦਵਾਰ ਅਮੀਸ਼ ਸ਼ਾਹ ਐਰੀਜ਼ੋਨਾ ’ਚ ਵੋਟਾਂ ਦੀ ਗਿਣਤੀ ’ਚ ਅੱਗੇ

ਰੋਅ ਖੰਨਾ, ਡਾ.ਐੱਮੀ ਬੇਰਾ, ਸ੍ਰੀ ਥਾਨੇਦਾਰ, ਸੁਹਾਸ ਸੁਬਰਾਮਨੀਅਮ, ਰਾਜਾ ਕਿ੍ਰਸ਼ਨਾਮੂਰਤੀ, ਪ੍ਰਮਿਲਾ ਜੈਪਾਲ

ਵਾਸ਼ਿੰਗਟਨ, 6 ਨਵੰਬਰ
ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤ ਕੇ ਪ੍ਰਤੀਨਿਧ ਸਦਨ ਵਿਚ ਪਹੁੰਚ ਗਏ ਹਨ। ਇਨ੍ਹਾਂ ਵਿਚੋਂ ਪੰਜ ਜਣੇ ਡਾ.ਐਮੀ ਬੇਰਾ, ਰਾਜਾ ਕ੍ਰਿਸ਼ਨਾਮੂਰਤੀ, ਰੋਅ ਖੰਨਾ, ਪ੍ਰਮਿਲਾ ਜੈਪਾਲ ਤੇ ਸ੍ਰੀ ਥਾਨੇਦਾਰ ਮੌਜੂਦਾ ਪ੍ਰਤੀਨਿਧ ਸਦਨ ਦੇ ਮੈਂਬਰ ਹਨ ਤੇ ਉਹ ਮੁੜ ਚੁਣੇ ਗਏ ਹਨ। ਉਂਝ ਇਹ ਗਿਣਤੀ ਵੱਧ ਕੇ ਸੱਤ ਹੋ ਸਕਦੀ ਹੈ ਕਿਉਂਕਿ ਡਾ. ਅਮੀਸ਼ ਸ਼ਾਹ ਐਰੀਜ਼ੋਨਾ ਵਿਚ ਬਹੁਤ ਥੋੜ੍ਹੇ ਫ਼ਰਕ ਨਾਲ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਤੋਂ ਅੱਗੇ ਹਨ। ਭਾਰਤੀ ਅਮਰੀਕੀ ਵਕੀਲ ਸੁਹਾਸ ਸੁਬਰਾਮਨੀਅਮ ਨੇ ਵਰਜੀਨੀਆ ਤੇ ਪੂਰੇ ਈਸਟ ਕੋਸਟ ਤੋਂ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਸੁਬਰਾਮਨੀਅਮ ਇਥੋਂ ਚੁਣੇ ਜਾਣ ਵਾਲੇ ਪਹਿਲੀ ਭਾਰਤੀ ਹਨ। ਸੁਬਰਾਮਨੀਅਨ ਨੇ ਰਿਪਬਲਿਕਨ ਪਾਰਟੀ ਦੇ ਮਾਈਕ ਕਲੈਂਸੀ ਨੂੰ ਹਰਾਇਆ। ਸੁਬਰਾਮਨੀਅਨ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਲਾਹਕਾਰ ਵੀ ਰਹੇ ਹਨ। ਸ੍ਰੀ ਥਾਨੇਦਾਰ ਮਿਸ਼ੀਗਨ ਤੋਂ ਦੂਜੀ ਵਾਰ, ਰਾਜਾ ਕ੍ਰਿਸ਼ਨਾਮੂਰਤੀ ਇਲੀਨੌਇਸ ਤੋਂ ਲਗਾਤਾਰ ਪੰਜਵੀਂ ਵਾਰ, ਰੋਅ ਖੰਨਾ ਕੈਲੀਫੋਰਨੀਆ ਦੇ 17ਵੇਂ ਕਾਂਗਰੈਸ਼ਨਲ ਜ਼ਿਲ੍ਹੇ ਤੇ ਪ੍ਰਮਿਲਾ ਜੈਪਾਲ ਵਾਸ਼ਿੰਗਟਨ ਤੋਂ ਮੁੜ ਜੇਤੂ ਰਹੀ। ਡਾ.ਅੇੈਮੀ ਬੇਰਾ ਕੈਲੀਫੋਰਨੀਆ ਦੇ 6ਵੇਂ ਕਾਂਗਰੈਸ਼ਨਲ ਜ਼ਿਲ੍ਹੇ ਤੋਂ ਸੱਤਵੀਂ ਵਾਰ ਮੁੜ ਚੁਣਿਆ ਗਿਆ ਹੈ। ਪੇਸ਼ੇ ਵਜੋਂ ਡਾਕਟਰ ਬੇਰਾ 2013 ਤੋਂ ਕੈਲੀਫੋਰਨੀਆ ਦੇ ਛੇਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਮੂਲ ਦੇ ਸੀਨੀਅਰ ਅਮਰੀਕੀ ਸੰਸਦ ਮੈਂਬਰ ਹਨ। -ਪੀਟੀਆਈ

Advertisement
Author Image

joginder kumar

View all posts

Advertisement