Donald Trump: ਸ਼ੀ ਜਿੰਨਪਿੰਗ ਨਾਲ ਗੱਲਬਾਤ ਕਰਨਗੇ ਟਰੰਪ
ਵਾਸ਼ਿੰਗਟਨ, 4 ਫਰਵਰੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੁਝ ਘੰਟਿਆਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਨਗੇ। ਇਸ ਸਬੰਧੀ ਜਾਣਕਾਰੀ ਵਾਲ ਸਟਰੀਟ ਜਰਨਲ ਦੇ ਇਕ ਰਿਪੋਰਟਰ ਨੇ ਐਕਸ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਇਸ ਬਾਰੇ ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਦਾ ਹਵਾਲਾ ਦਿੱਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬੀਤੇ ਦਿਨੀਂ ਚੀਨ ’ਤੇ ਲਾਏ ਗਏ 10 ਫੀਸਦੀ ਟੈਕਸ ਤੋਂ ਜ਼ਿਆਦਾ ਟੈਕਸ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਚੀਨੀ ਦਰਾਮਦਾਂ ’ਤੇ ਲਾਏ ਗਏ ਟੈਰਿਫ ਅਮਰੀਕਾ-ਚੀਨ ਵਪਾਰਕ ਸਬੰਧਾਂ ਵਿੱਚ ਸੰਤੁਲਨ ਬਣਾਏ ਰੱਖਣ ਲਈ ਜ਼ਰੂਰੀ ਹਨ। ਇਹ ਖੁਲਾਸਾ ਉਨ੍ਹਾਂ ਨੇ ਓਵਲ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਤੋਂ ਪਹਿਲਾਂ ਮੈਕਸਿਕੋ, ਕੈਨੇਡਾ ਅਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਸਖਤ ਟੈਕਸ ਲਗਾਉਣ ਸਬੰਧੀ ਇਕ ਹੁਕਮ ’ਤੇ ਸ਼ਨਿਚਰਵਾਰ ਨੂੰ ਦਸਤਖ਼ਤ ਕੀਤੇ ਸਨ। ਟਰੰਪ ਨੇ ਆਰਥਿਕ ਐਮਰਜੈਂਸੀ ਤਹਿਤ ਚੀਨ ਤੋਂ ਹਰ ਤਰ੍ਹਾਂ ਦੇ ਸਾਮਾਨ ਦੀ ਦਰਾਮਦ ’ਤੇ 10 ਫ਼ੀਸਦ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਰਾਇਟਰਜ਼