ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੂਟੀ ਤੰਤੁ ਨ ਬਜੈ ਰਬਾਬੁ॥

07:38 AM Aug 20, 2020 IST

ਪਿਛਲੇ ਲੇਖ ਵਿਚ ਯੋਗੇਂਦਰ ਯਾਦਵ ਅਤੇ ਪ੍ਰਤਾਪ ਭਾਨੂੰ ਮਹਿਤਾ ਵਿਚ ਛਿੜੀ ਬਹਿਸ ਦਾ ਜ਼ਿਕਰ ਅਤੇ ਕੁਝ ਸਵਾਲਾਂ ਦਾ ਜਵਾਬ ਦੇਣ ਦਾ ਯਤਨ ਕੀਤਾ ਗਿਆ ਸੀ। ਪਿਛਲੇ ਲੇਖ ਵਿਚ ਇਹ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਵੇਂ ਸਮਾਜ ਵਿਚਲੇ ਪ੍ਰਗਤੀਸ਼ੀਲ/ਅਗਾਂਹਵਧੂ ਅਤੇ ਖੱਬੇ-ਪੱਖੀ ਤੱਤ ਹਮੇਸ਼ਾਂ ਅਜਿਹੀ ਭਾਸ਼ਾ ਨਹੀਂ ਬੋਲ ਸਕਦੇ ਜਿਹੜੀ ਰਵਾਇਤੀ ਅਤੇ ਧਾਰਮਿਕ ਲੋਕਾਂ ਨੂੰ ਮਨਜ਼ੂਰ ਹੋਵੇ। ਇਸ ਸਬੰਧੀ ਕਬੀਰ ਦੀ ਉਦਾਹਰਨ ਦਿੱਤੀ ਗਈ ਸੀ।

Advertisement

ਯੋਗੇਂਦਰ ਦਾ ਸਵਾਲ/ਟਿੱਪਣੀ ਹੈ, ‘‘ਧਰਮ ਨਿਰਪੱਖਤਾ ਦਾ ਸੰਕਲਪ ਇਸ ਕਰ ਕੇ ਹਾਰ ਗਿਆ ਕਿਉਂਕਿ ਇਸ ਨੇ ਸਾਡੀਆਂ ਭਾਸ਼ਾਵਾਂ ਨੂੰ ਅਸਵੀਕਾਰ ਕੀਤਾ, ਕਿਉਂਕਿ ਇਹ ਸਾਡੀਆਂ ਰਵਾਇਤਾਂ ਦੀ ਭਾਸ਼ਾ ਸਿੱਖਣ ਵਿਚ ਅਸਫ਼ਲ ਰਿਹਾ, ਕਿਉਂਕਿ ਇਸ ਨੇ ਸਾਡੇ ਧਰਮਾਂ ਦੀ ਭਾਸ਼ਾ ਸਿੱਖਣ ਤੇ ਬੋਲਣ ਤੋਂ ਇਨਕਾਰ ਕੀਤਾ।’’ ਇਹ ਸਵਾਲ ਏਨੇ ਸਿੱਧੇ ਤਰੀਕੇ ਨਾਲ ਪੁੱਛਿਆ ਗਿਆ, ਜਿਵੇਂ ਇਹ ਬਹੁਤ ਆਸਾਨ ਕੰਮ ਹੋਵੇ। ਪਿਛਲੇ ਲੇਖ ਵਿਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਅਤੇ ਹੋਰਨਾਂ ਨੇ ਹਿੰਦੂ ਧਰਮ ਦੀ ਪੁਨਰ-ਵਿਆਖਿਆ ਕੀਤੀ। ਮੱਧਕਾਲੀਨ ਸਮਿਆਂ ਵਿਚ ਇਹ ਯਤਨ ਦੱਖਣ ਵਿਚ ਕਰਨਾਟਕ ’ਚ ਬਸਵਨਾ/ਬਸੇਸ਼ਵਰ ਜਿਹੇ ਚਿੰਤਕਾਂ ਨਾਲ ਸ਼ੁਰੂ ਹੋਇਆ ਅਤੇ ਭਗਤੀ ਲਹਿਰ ਦੇ ਸੰਤਾਂ ਅਤੇ ਸਿੱਖ ਗੁਰੂਆਂ ਦੇ ਯਤਨਾਂ ਸਦਕਾ ਪੂਰੇ ਹਿੰਦੋਸਤਾਨ ਵਿਚ ਫੈਲ ਗਿਆ। ਇਨ੍ਹਾਂ ਯਤਨਾਂ ਨੇ ਹਿੰਦੋਸਤਾਨੀ ਬਰੇ-ਸਗੀਰ (ਉਪ ਮਹਾਂਦੀਪ) ਵਿਚ ਵਸਦੇ ਵੱਖ ਵੱਖ ਸਮਾਜਾਂ ਵਿਚ ਜਮਹੂਰੀ ਰੂਹ ਫੂਕਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਕੁਝ ਸਫ਼ਲਤਾ ਵੀ ਮਿਲੀ ਪਰ ਇਨ੍ਹਾਂ ਸਮਾਜਾਂ ਦੇ ਲੋਕ-ਮਾਨਸ ਵਿਚ ਬ੍ਰਾਹਮਣਵਾਦ, ਜਾਤੀਵਾਦ, ਮਰਦ-ਪ੍ਰਧਾਨ ਸੋਚ ਦੇ ਮੱਕੜਜਾਲ ਏਨੇ ਘਣੇ ਸਨ/ਹਨ ਕਿ ਇਹ ਯਤਨ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਏ।

Advertisement

ਆਧੁਨਿਕ ਸਮਿਆਂ ਵਿਚ ਇਹ ਯਤਨ ਰਾਜਾ ਰਾਮ ਮੋਹਨ ਰਾਏ, ਰਾਬਿੰਦਰ ਨਾਥ ਟੈਗੋਰ, ਮਹਾਤਮਾ ਗਾਂਧੀ, ਬੀਆਰ ਅੰਬੇਡਕਰ, ਰਾਮ ਮਨੋਹਰ ਲੋਹੀਆ ਅਤੇ ਹੋਰ ਚਿੰਤਕਾਂ ਨੇ ਕੀਤਾ। ਹਿੰਦੂ ਧਰਮ ਵਿਚਲੇ ਜਾਤੀਵਾਦ ਦੀ ਲੋਹ-ਜਕੜ ਤੋਂ ਬੀਆਰ ਅੰਬੇਡਕਰ ਏਨਾ ਨਿਰਾਸ਼ ਹੋਇਆ ਕਿ ਉਸ ਨੇ ਹਿੰਦੂ ਧਰਮ ਨੂੰ ਛੱਡ ਕੇ ਬੁੱਧ ਧਰਮ ਦੀ ਸ਼ਰਨ ਲਈ। ਆਪਣੇ ਮਸ਼ਹੂਰ ਲੇਖ ‘ਜਾਤ-ਪਾਤ ਦਾ ਵਿਨਾਸ਼’ (ਐਨਹਿਲੀਏਸ਼ਨ ਆਫ਼ ਕਾਸਟ-Annihilation of Caste) ਦੇ ਦੂਜੇ ਐਡੀਸ਼ਨ ਦੀ ਭੂਮਿਕਾ (1937) ਵਿਚ ਅੰਬੇਦਕਰ ਨੇ ਲਿਖਿਆ, ‘‘ਮੈਨੂੰ ਬਹੁਤ ਤਸੱਲੀ ਹੋਵੇਗੀ, ਜੇ ਮੈਂ ਹਿੰਦੂਆਂ ਨੂੰ ਇਹ ਮਹਿਸੂਸ ਕਰਾ ਸਕਾਂ ਕਿ ਉਹ ਭਾਰਤ ਦੇ ਬਿਮਾਰ ਲੋਕ ਹਨ ਅਤੇ ਉਨ੍ਹਾਂ ਦੀ ਬਿਮਾਰੀ ਬਾਕੀ ਦੇ ਹਿੰਦੋਸਤਾਨੀਆਂ ਦੀ ਸਿਹਤ ਅਤੇ ਖੁਸ਼ੀ ਲਈ ਖ਼ਤਰਾ ਹੈ।’’

ਦੂਸਰੀ ਉਦਾਹਰਨ ਰਾਮ ਮਨੋਹਰ ਲੋਹੀਆ ਦੀ ਲਈ ਜਾ ਸਕਦੀ ਹੈ ਜਿਸ ਨੇ ਭਾਰਤ ਵਿਚ ਜਾਤੀਵਾਦ ਦੇ ਮਹੱਤਵ ਨੂੰ ਪਛਾਣਿਆ ਅਤੇ ਹਿੰਦੀ ਦਾ ਭਰਪੂਰ ਪ੍ਰਚਾਰ ਕੀਤਾ। ਉਸ ਨੇ ਮਾਰਕਸਵਾਦ ਅਤੇ ਸਰਮਾਏਦਾਰੀ ਦੋਹਾਂ ਵਿਚਾਰਧਾਰਾਵਾਂ ਨੂੰ ਨਕਾਰਦਿਆਂ ਆਪਣੇ ਸਮਾਜਵਾਦੀ ਵਿਚਾਰਾਂ ਨੂੰ ਪ੍ਰਚਾਰਿਆ। ਲੋਹੀਆ ਨੇ ਲਿਖਿਆ, ‘‘ਧਰਮ ’ਚੋਂ ਜਾਤ-ਪਾਤ ਦੇ ਕੂੜਾ-ਕਰਕਟ ਦੀ ਸਫ਼ਾਈ ਕਰਨੀ ਪਵੇਗੀ।’’ ਲੋਹੀਆ ਨੇ ਭਾਰਤੀ ਸਮਾਜ ਨੂੰ ਬਿਲਕੁਲ ਉਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਯੋਗੇਂਦਰ ਯਾਦਵ ਜਿਹੇ ਚਿੰਤਕਾਂ ਦੀ ਭਾਸ਼ਾ ਵਿਚ ‘ਮੌਲਿਕ’ ਅਤੇ ‘ਭਾਰਤੀ’ ਕਿਹਾ ਜਾ ਸਕਦਾ ਹੈ। ਕੀ ਲੋਹੀਆ ਦੇ ਯਤਨ ਸਫ਼ਲ ਹੋਏ? ਲੋਹੀਆ ਦੇ ਪੈਰੋਕਾਰਾਂ ਵਿਚੋਂ ਜਾਰਜ ਫਰਨਾਂਡੇਜ਼ ਜਿਹੇ ਭਾਰਤੀ ਜਨਤਾ ਪਾਰਟੀ ਦੇ ਪਰਮ ਮਿੱਤਰ ਬਣੇ ਅਤੇ ਮੁਲਾਇਮ ਸਿੰਘ ਯਾਦਵ ਤੇ ਹੋਰ ਬਹੁਤ ਸਾਰੇ ਜਾਤੀਵਾਦੀ ਸਿਆਸਤ ਵਿਚ ਉਲਝ ਕੇ ਸੀਮਤ ਹੋ ਗਏ ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਹੀਆ ਦਾ ਯਤਨ ਬਿਲਕੁਲ ਅਕਾਰਥ ਰਿਹਾ।

ਸਾਰੀ ਅਸਫ਼ਲਤਾ ਦਾ ਦੋਸ਼ ਖੱਬੇ-ਪੱਖੀਆਂ ਅਤੇ ਧਰਮ ਨਿਰਪੱਖ ਲੋਕਾਂ ਦੇ ਸਿਰ ਮੜ੍ਹਨ ਤੋਂ ਪਹਿਲਾਂ ਕੁਝ ਹੋਰ ਨੁਕਤੇ ਵੀ ਵਿਚਾਰਨੇ ਚਾਹੀਦੇ ਹਨ। ਇਕ ਖ਼ਾਸ ਨੁਕਤਾ ਬਸਤੀਵਾਦ ਦੀ ਆਮਦ ਨਾਲ ਸਬੰਧਿਤ ਹੈ। ਬਸਤੀਵਾਦ ਦਾ ਤਰਕ ਮੂੰਹੋਂ-ਮੂੰਹ ਇਹ ਸੀ ਕਿ ਪੱਛਮੀ ਦੇਸ਼ ਭਾਰਤ ਅਤੇ ਪੂਰਬ ਦੇ ਦੇਸ਼ਾਂ ਨਾਲੋਂ ਸੱਭਿਅਕ ਤੌਰ ’ਤੇ ਵਿਕਸਿਤ ਸਨ ਅਤੇ ਇਸ ਲਈ ਯੂਰੋਪ ਵਾਸੀਆਂ ਦਾ ਇਨ੍ਹਾਂ ਦੇਸ਼ਾਂ ਦੇ ਲੋਕਾਂ ’ਤੇ ਰਾਜ ਕਰਨਾ ਬੜਾ ਕੁਦਰਤੀ ਅਤੇ ਸੁਭਾਵਿਕ ਸੀ। ਅੰਗਰੇਜ਼ਾਂ ਨੇ ਆਪਣੀਆਂ ਪਹਿਲੀਆਂ ਲਿਖਤਾਂ ਵਿਚ ਭਾਰਤੀਆਂ ਨੂੰ ਪਛੜੇ, ਆਪਸ ਵਿਚ ਵੰਡੇ ਹੋਏ, ਲੋਭੀ, ਸਵਾਰਥੀ, ਵਿਸ਼ਵਾਸਘਾਤੀ ਅਤੇ ਕਈ ਹੋਰ ਤਰ੍ਹਾਂ ਨਾਲ ਚਿਤਵਿਆ ਤੇ ਪ੍ਰਚਾਰਿਆ। ਭਾਰਤ ਦੇ ਲੋਕਾਂ ਨੂੰ ਇਸ ਦਾ ਜਵਾਬ ਦੇਣਾ ਪੈਣਾ ਸੀ। ਬੁਨਿਆਦੀ ਸਮੱਸਿਆ ਇਹ ਹੈ ਕਿ ਜਦ ਭਾਰਤ ਦੇ ਧਾਰਮਿਕ, ਸੱਭਿਆਚਾਰਕ ਅਤੇ ਸਿਆਸੀ ਆਗੂਆਂ ਨੇ ਇਹ ਜਵਾਬ ਦੇਣਾ ਸ਼ੁਰੂ ਕੀਤਾ ਤਾਂ ਉਸ ਪ੍ਰਾਜੈਕਟ ਵਿਚ ਇਹ ਗੱਲਾਂ ਉਭਾਰੀਆਂ ਗਈਆਂ: ਭਾਰਤੀ ਸੱਭਿਅਤਾ ਪੱਛਮੀ ਸੱਭਿਅਤਾਵਾਂ ਨਾਲੋਂ ਕਿਤੇ ਜ਼ਿਆਦਾ ਪੁਰਾਣੀ ਅਤੇ ਵਿਕਸਿਤ ਹੈ; ਪੁਰਾਤਨ ਸਮਿਆਂ ਵਿਚ ਭਾਰਤ ਵਿਚ ਵੇਦ, ਉਪਨਿਸ਼ਦ ਅਤੇ ਹੋਰ ਗ੍ਰੰਥ ਲਿਖੇ ਗਏ ਜਿਨ੍ਹਾਂ ਵਿਚ ਸੰਸਾਰ ਦਾ ਸਾਰਾ ਗਿਆਨ-ਵਿਗਿਆਨ, ਗਣਿਤ, ਤਾਰਾ-ਵਿਗਿਆਨ ਆਦਿ ਮੌਜੂਦ ਹਨ; ਭਾਰਤ ਪੱਛਮ ਤੋਂ ਰੂਹਾਨੀ ਪੱਧਰ ’ਤੇ ਕਿਤੇ ਜ਼ਿਆਦਾ ਅੱਗੇ ਹੈ; ਭਾਰਤ ਦਾ ਦਰਸ਼ਨ/ਫ਼ਿਲਾਸਫ਼ੀ ਉਚੇਰੇ ਰੂਹਾਨੀ ਸੰਸਾਰਾਂ ਵਿਚ ਵਿਚਰਨ ਵਾਲੀ ਹੈ ਜਦੋਂਕਿ ਪੱਛਮੀ ਸੱਭਿਅਤਾ ਸਿਰਫ਼ ਪਦਾਰਥਵਾਦੀ ਵਸਤਾਂ ਅਤੇ ਵਿਚਾਰਾਂ ਤਕ ਸੀਮਤ ਹੈ।

ਇਨ੍ਹਾਂ ਵਿਚੋਂ ਕੁਝ ਦਲੀਲਾਂ ਸਹੀ ਹਨ ਪਰ ਸਾਡੇ ਆਗੂਆਂ ਨੇ ਇਨ੍ਹਾਂ ਨੂੰ ਪ੍ਰਾਚੀਨ ਭਾਰਤ ਦੀ ਵੰਨ-ਸਵੰਨਤਾ ਵਿਚੋਂ ਖੋਜਣ ਦੀ ਬਜਾਏ ਇਸ ਨੂੰ ਸਨਾਤਨੀ ਹਿੰਦੂ ਧਰਮ ਦੇ ਸੋਮਿਆਂ ਵੇਦਾਂ, ਉਪਨਿਸ਼ਦਾਂ ਅਤੇ ਹੋਰ ਸਨਾਤਨੀ ਗ੍ਰੰਥਾਂ ਤਕ ਮਹਿਦੂਦ ਕਰ ਲਿਆ ਅਤੇ ਹੋਰ ਵਿਚਾਰਧਾਰਾਵਾਂ ਜਿਵੇਂ ਸਾਂਖ, ਚਾਰਵਾਕ, ਆਜੀਵਕ, ਬੁੱਧ ਧਰਮ ਆਦਿ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਗਿਆ। ਪ੍ਰਾਚੀਨ ਆਰੀਆ ਲੋਕਾਂ ਦੇ ਗੌਰਵ ਨੂੰ ਪ੍ਰਚਾਰਿਆ ਗਿਆ। ਉਹ ਮਹਾਨ ਇਨਕਲਾਬ, ਜਿਹੜਾ ਮੱਧਕਾਲੀਨ ਸਮਿਆਂ ਵਿਚ ਬਸੇਸ਼ਰ, ਕਬੀਰ, ਗੁਰੂ ਨਾਨਕ ਦੇਵ, ਭਗਤ ਨਾਮਦੇਵ, ਭਗਤ ਰਵਿਦਾਸ ਅਤੇ ਭਗਤੀ ਲਹਿਰ ਦੇ ਹੋਰ ਰਹਬਿਰਾਂ ਨੇ ਲਿਆਂਦਾ, ਨੂੰ ਬਿਲਕੁਲ ਵਿਸਾਰ ਦਿੱਤਾ ਗਿਆ। ਇਸੇ ਤਰ੍ਹਾਂ ਇਸਲਾਮ ਤੇ ਸੂਫ਼ੀਆਂ ਦੇ ਯੋਗਦਾਨ ਨੂੰ ਸਵੀਕਾਰਨ ਦੀ ਥਾਂ ਮੱਧਕਾਲੀਨ ਸਮਿਆਂ ਨੂੰ ਗ਼ੁਲਾਮੀ ਦਾ ਯੁੱਗ ਗਰਦਾਨਿਆ ਗਿਆ। ਖੱਬੇ-ਪੱਖੀਆਂ, ਉਦਾਰਵਾਦੀਆਂ ਅਤੇ ਧਰਮ ਨਿਰਪੱਖ ਸੋਚ ਦੇ ਹਾਮੀਆਂ ਦੀ ਅਸਫ਼ਲਤਾ ਦੀਆਂ ਜੜ੍ਹਾਂ ਇਸ ਪ੍ਰਾਜੈਕਟ ਦੀਆਂ ਖ਼ਾਮੀਆਂ ਵਿਚ ਪਈਆਂ ਹਨ। ਜੇਕਰ ਪੱਛਮ ਨੂੰ ਜਵਾਬ ਦੇਣ ਵਾਲੇ ਸਾਡੇ ਚਿੰਤਕ ਅਤੇ ਆਜ਼ਾਦੀ ਦੇ ਸੰਘਰਸ਼ ਦੇ ਆਗੂ ਆਪਣੇ ਚਿੰਤਨ ਦੀ ਬੁਨਿਆਦ ਪ੍ਰਾਚੀਨ ਭਾਰਤ ਦੀ ਵਿਚਾਰਧਾਰਾ ਦੀ ਥਾਂ ਮੱਧਕਾਲੀਨ ਭਾਰਤ ਵਿਚ ਵਿਕਸਿਤ ਹੋਈ ਬਸੇਸ਼ਰ-ਕਬੀਰ-ਨਾਨਕ-ਸੂਫ਼ੀ-ਸੁਲ੍ਹਾਕੁਲ ਚਿੰਤਨ ਧਾਰਾ ’ਤੇ ਰੱਖਦੇ ਤਾਂ ਉਨ੍ਹਾਂ ਦੇ ਆਜ਼ਾਦੀ ਦੇ ਸੰਘਰਸ਼ ਅਤੇ ਰਾਸ਼ਟਰ ਨਿਰਮਾਣ ਦੇ ਪ੍ਰਾਜੈਕਟ ਦੇ ਨਤੀਜੇ ਹੋਰ ਹੋਣੇ ਸਨ। ਭਾਰਤੀ ਚਿੰਤਨ ਦੀ ਅਜਿਹੀ ਪੜ੍ਹਤ ਕਾਰਨ ਹੀ ਟੈਗੋਰ ਦਾ ਪ੍ਰਾਜੈਕਟ ਵਿਸ਼ਾਲ ਅਤੇ ਜ਼ਿਆਦਾ ਮਾਨਵਵਾਦੀ ਹੈ।

ਧਰਮ ਦੀ ਪੁਨਰ-ਵਿਆਖਿਆ ਕਰਨ ਦਾ ਪ੍ਰਾਜੈਕਟ ਏਨਾ ਸੁਖੈਨ ਤੇ ਸਰਲ ਨਹੀਂ ਹੁੰਦਾ ਜਿੰਨਾ ਯੋਗੇਂਦਰ ਯਾਦਵ ਕਹਿਣ ਅਤੇ ਪੇਸ਼ ਕਰਨ ਦਾ ਯਤਨ ਕਰ ਰਿਹਾ ਹੈ। ਪੰਜਾਬ ਦੇ ਇਤਿਹਾਸ ਵਿਚ ਇਸ ਦੀ ਵੱਡੀ ਉਦਾਹਰਨ ਸ਼ਾਹ ਹੁਸੈਨ-ਸੁਲਤਾਨ ਬਾਹੂ-ਬੁੱਲ੍ਹੇ ਸ਼ਾਹ-ਵਾਰਿਸ ਸ਼ਾਹ ਅਤੇ ਹੋਰ ਸੂਫ਼ੀਆਂ ਅਤੇ ਕਿੱਸਾਕਾਰਾਂ ਦੇ ਪ੍ਰਾਜੈਕਟ ਵਿਚ ਦੇਖੀ ਜਾ ਸਕਦੀ ਹੈ। ਇਹ ਲੇਖਕ/ਚਿੰਤਕ ਇਸਲਾਮ ਦੀ ਪੁਨਰ-ਵਿਆਖਿਆ ਅਤੇ ਇਸ ਦੇ ਪੰਜਾਬੀਕਰਨ ਅਤੇ ਪੰਜਾਬ ਦੀ ਸੱਭਿਆਚਾਰਕ ਇਕਾਈ ਨੂੰ ਚਿਤਵਨ ਦਾ ਮਹਾਨ ਯਤਨ ਕਰਦੇ ਹਨ। ਲੇਖ ਦੀ ਸੀਮਾ ਕਾਰਨ ਸਿਰਫ਼ ਬੁੱਲ੍ਹੇ ਸ਼ਾਹ ਦੀ ਉਦਾਹਰਨ ਲਈ ਗਈ ਹੈ।

ਬੁੱਲ੍ਹੇ ਸ਼ਾਹ ਦੇ ਚਿੰਤਨ ਅਤੇ ਕਲਾਮ ਵਿਚ ਇਸਲਾਮ ਦੀ ਪਰੰਪਰਾ ਵੀ ਮੌਜੂਦ ਹੈ ਅਤੇ ਕਾਜ਼ੀਆਂ, ਮੁਲਾਣਿਆਂ ਅਤੇ ਧਰਮ ਦੇ ਹੋਰ ਵਿਆਖਿਆਕਾਰਾਂ ਨਾਲ ਉਸ ਦਾ ਵਿਰੋਧ ਵੀ। ਉਹ ਪ੍ਰੇਮਮਈ ਸਮਾਜ/ਪ੍ਰੇਮ ਨਗਰ ਦਾ ਸੰਕਲਪ ਪੇਸ਼ ਕਰਦਾ ਹੈ। ਉਹ ਆਪਣੀਆਂ ਕਾਫ਼ੀਆਂ ਵਿਚਲੇ ਹਵਾਲੇ ਆਦਮ ਤੇ ਹਵਾ (ਯਹੂਦੀ, ਈਸਾਈ, ਇਸਲਾਮ ਧਰਮਾਂ ਅਨੁਸਾਰ ਦੁਨੀਆ ਦੇ ਪਹਿਲੇ ਮਰਦ ਅਤੇ ਔਰਤ) ਤੋਂ ਸ਼ੁਰੂ ਕਰ ਕੇ ਇਸ ਯਾਤਰਾ ਵਿਚ ਹਜ਼ਰਤ ਇਬਰਾਹੀਮ, ਹਜ਼ਰਤ ਅਯੂਬ, ਹਜ਼ਰਤ ਜ਼ਕਰੀਆ, ਹਜ਼ਰਤ ਯੂਸਫ਼, ਗੱਲ ਕੀ ਸਭ ਨੂੰ ਸ਼ਾਮਲ ਕਰਦਾ ਹੈ। ਉਹ ਵਾਰ ਵਾਰ ਕੁਰਾਨ ਸ਼ਰੀਫ਼ ਅਤੇ ਹਦੀਸ ਦੇ ਬੋਲ (‘ਕੁਨ ਫ਼ਯਕੂਨ’, ‘ਨਹਨੁ ਅਕਬਰ’, ‘ਫਸੁੰਮ ਵਜਹੁੱਲ੍ਹਾ‘, ‘ਫ਼ਨਫ਼ਖ਼ਤੁ ਫੀਹਿ’, ‘ਵਲਾਕਦ ਕੱਰਮਨਾ’, ‘ਅਸਤੁ ਬਿੱਰਬਿਕੁਮ’ ਅਤੇ ਹੋਰ ਬਹੁਤ ਸਾਰੇ) ਦੁਹਰਾਉਂਦਾ ਹੈ।

ਖ਼ਾਸ ਮੁਕਾਮ ਉੱਤੇ ਬੁੱਲ੍ਹੇ ਸ਼ਾਹ ਇਸ ਯਾਤਰਾ ਵਿਚ ਮਨਸੂਰ (ਜਿਸ ਨੂੰ ‘ਅਨਲਹੱਕ’ ‘ਮੈਂ ਹੀ ਰੱਬ ਹਾਂ’ ਦਾ ਨਾਅਰਾ ਲਗਾਉਣ ਕਾਰਨ ਸ਼ਹੀਦ ਕਰ ਦਿੱਤਾ ਗਿਆ) ਅਤੇ ਸਰਮਦ (ਜਿਸ ਨੂੰ ਔਰੰਗਜ਼ੇਬ ਦੇ ਹੁਕਮ ਨਾਲ ਕਤਲ ਕੀਤਾ ਗਿਆ) ਨੂੰ ਵੀ ਸ਼ਾਮਲ ਕਰ ਕੇ ਗੁਰੂ ਤੇਗ ਬਹਾਦਰ ਤਕ ਪਹੁੰਚਦਾ ਹੈ ਜਿਨ੍ਹਾਂ ਨੂੰ ਉਹ ਤੇਗ ਬਹਾਦਰ ਗਾਜ਼ੀ ਕਹਿੰਦਾ ਹੈ। ਪੰਜਾਬੀ ਸਮਾਜ ਦੀ ਪੁਨਰ-ਉਸਾਰੀ ਦੇ ਬੁੱਲ੍ਹੇ ਸ਼ਾਹ ਇਸ ਪ੍ਰਾਜੈਕਟ ਵਿਚ ਬ੍ਰਿੰਦਾਵਨ ਦੇ ਕਾਹਨ (‘‘ਮਨ ਅਟਕਿਆ ਸ਼ਾਮ ਸੁੰਦਰ ਸੂੰ,’’ ‘‘ਪਤੀਆਂ ਲਿਖੂੰਗੀ ਮੈਂ ਸ਼ਾਮ ਨੂੰ’’, ‘‘ਬੰਸੀ ਕਾਹਨ ਅਚਰਜ ਬਜਾਈ’’), ਅਯੁੱਧਿਆ ਦੇ ਰਾਮ (ਲੰਕਾ ਚੜ ਕੇ ਨਾਦ ਵਜਾਵੇ), ਗੁਰੂ ਨਾਨਕ ਦੇਵ ਜੀ (ਮੱਕੇ ਦਾ ਹਾਜੀ ਬਣ ਆਵੇ), ਗੁਰੂ ਗੋਰਖ (ਗੁਰੂ ਗੋਰਖ ਨੂੰ ਪੀਰ ਮਨਾਵੇ), ਹੀਰ-ਰਾਂਝੇ (ਇਕ ਰਾਂਝਾ ਮੈਨੂੰ ਲੋੜੀਂਦਾ) ਅਤੇ ਹੋਰਨਾਂ ਨੂੰ ਯਾਦ ਕਰਦਾ ਹੈ। ਉਹ ਉਸ ਮੁਕਾਮ ’ਤੇ ਪਹੁੰਚਦਾ ਹੈ ਜਿੱਥੇ ਉਹ ਕਹਿੰਦਾ ਹੈ, ‘‘ਭੱਠ ਨਮਾਜ਼ਾਂ ਚਿੱਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ’’, ‘‘ਬੁੱਲ੍ਹਿਆ ਕਾਜ਼ੀ ਰਾਜ਼ੀ ਰਿਸ਼ਵਤੇ, ਮੁੱਲਾਂ ਰਾਜ਼ੀ ਮੌਤ।’’ ‘‘ਠਾਕਰ ਦੁਆਰੇ ਠੱਗ ਬਸੇਂ, ਫਾਹੀ ਦੁਆਰ ਮਸੀਤ।’’ ਬੁੱਲ੍ਹੇ ਅਨੁਸਾਰ ਤਰਕ (reason) ਸਾਡੀ ਸੋਚ-ਸਮਝ ਨੂੰ ਦਿਸ਼ਾ ਦੇ ਸਕਦਾ ਅਤੇ ਸਾਨੂੰ ਅਦਬ ਸਿਖਾ ਸਕਦਾ ਹੈ, ‘‘ਐ ਸ਼ਾਹ ਅਕਲ ਤੂੰ ਆਇਆ ਕਰ, ਸਾਨੂੰ ਅਦਬ ਅਦਾਬ ਸਿਖਾਇਆ ਕਰ।’’ ਉਹ ਬਿਸਮਿੱਲ੍ਹਾ ਕਹਿ ਕੇ ਹੋਲੀ ਖੇਡਣ ਲਈ ਨਿੱਤਰਦਾ ਹੈ (ਹੋਰੀ ਖੇਲੂੰਗੀ ਕਹਿ ਬਿਸਮਿੱਲ੍ਹਾ) ਪਰ ਨਾਲ ਨਾਲ ਇਹ ਵੀ ਪਛਾਣਦਾ ਹੈ ‘‘ਲੋਗ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ।।’’ ਉਹ ਧਾਰਮਿਕ ਰਵਾਇਤਾਂ (ਜਿਵੇਂ ਰੋਜ਼ੇ ਰੱਖਣਾ) ਨੂੰ ਨਕਾਰਨ ਦੇ ਨਾਲ ਨਾਲ ਧਰਮ-ਗੁਰੂਆਂ ਤੋਂ ਮੂਲ ਪ੍ਰਸ਼ਨ ਵੀ ਪੁੱਛਦਾ ਹੈ, ‘‘ਹਾਬੀਲ ਕਾਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ।’’

ਪ੍ਰਸ਼ਨ ਇਹ ਹੈ ਕਿ ਕੀ ਬੁੱਲ੍ਹੇ ਸ਼ਾਹ ਦੀ ਸੋਚ ਅਤੇ ਇਸਲਾਮ ਦੀ ਪੁਨਰ-ਵਿਆਖਿਆ ਪੰਜਾਬੀ ਸਮਾਜ ਅਤੇ ਇਸਲਾਮ ਵਿਚ ਨਵੀਂ ਰੂਹ ਫੂਕਣ ਵਿਚ ਸਫ਼ਲ ਹੁੰਦੀ ਹੈ। ਇਸ ਦਾ ਉੱਤਰ ਹੈ ਕਿ ਇਹ ਸਫ਼ਲ ਵੀ ਹੁੰਦੀ ਹੈ ਅਤੇ ਅਸਫ਼ਲ ਵੀ। ਬੁੱਲ੍ਹੇ ਸ਼ਾਹ ਕਈ ਪੱਧਰਾਂ ’ਤੇ ਮੁੱਲਾਂ-ਮੁਲਾਣਿਆਂ, ਪੰਡਿਤਾਂ ਅਤੇ ਭਾਈਆਂ ਕੋਲ ਹਾਰ ਜਾਂਦਾ ਹੈ ਪਰ ਉਹ ਅੱਜ ਵੀ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਵਿਚ ਸਮਾਜਿਕ ਇਨਕਲਾਬ ਦਾ ਪ੍ਰਤੀਕ ਹੈ। ਸਦੀਆਂ ਤੋਂ ਉਸ ਦੇ ਉਠਾਏ ਸਵਾਲ ਲੋਕਾਂ ਦੇ ਮਨਾਂ ਵਿਚ ਤ੍ਰਿਸ਼ੰਕੂ ਬਣ ਕੇ ਲਟਕ ਰਹੇ ਤੇ ਉਨ੍ਹਾਂ ਨੂੰ ਊਰਜਿਤ ਕਰਦੇ ਹਨ। ਬੁੱਲ੍ਹੇ ਸ਼ਾਹ ਜਾਣਦਾ ਸੀ, ‘‘ਰੋ ਰੋ ਹਰਫ਼ ਪਛਾਣੀਦਾ।’’ ਨਵੀਂ ਸੋਚ ਨੂੰ ਸਵੀਕਾਰ ਹੋਣ ਤੇ ਕਰਨ ਵਿਚ ਬਹੁਤ ਸਮਾਂ ਲੱਗਦਾ। ਇਸੇ ਤਰ੍ਹਾਂ ਖੱਬੇ-ਪੱਖੀ, ਉਦਾਰਵਾਦੀ ਅਤੇ ਧਰਮ ਨਿਰਪੱਖਤਾ ਦੇ ਹਾਮੀਆਂ ਦੇ ਯਤਨਾਂ ਨੂੰ ਵੀ ਇਸੇ ਰੋਸ਼ਨੀ ਵਿਚ ਵੇਖਣਾ ਚਾਹੀਦਾ ਹੈ।

ਖੱਬੇ-ਪੱਖੀ ਚਿੰਤਕਾਂ, ਇਤਿਹਾਸਕਾਰਾਂ, ਸਮਾਜ ਸ਼ਾਸਤਰੀਆਂ ਅਤੇ ਹੋਰ ਵਿਦਵਾਨਾਂ ਨੂੰ ਆਪਣੀ ਖੋਜ ਤੇ ਲਿਖਤਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਬਹੁਤ ਵਾਰ ਇਹ ਲਿਖਤਾਂ ਸਵੈ-ਅਭਿਮਾਨ ਅਤੇ ਇਸ ਵਿਸ਼ਵਾਸ ਨਾਲ ਭਰੀਆਂ ਹੁੰਦੀਆਂ ਹਨ ਕਿ ਸਾਡੇ ਕੋਲ ਹੀ ਸਾਰਾ ਸੱਚ ਹੈ; ਦੂਸਰੇ ਪੱਖ ਦੀਆਂ ਦਲੀਲਾਂ, ਵਿਸ਼ਵਾਸਾਂ, ਸਮਾਜਿਕਤਾ ਆਦਿ ਨੂੰ ਸੰਵੇਦਨਸ਼ੀਲਤਾ ਨਾਲ ਸਮਝਿਆ ਨਹੀਂ ਜਾਂਦਾ।

ਖੱਬੇ-ਪੱਖੀਆਂ ਅਤੇ ਧਰਮ ਨਿਰਪੱਖਤਾ ਦੇ ਹਾਮੀਆਂ ਨੂੰ ਇਸ ਤਰਕ ਕਿ ਕਿਸੇ ਵੀ ਤਰ੍ਹਾਂ ਸੱਤਾ ’ਤੇ ਕਾਬਜ਼ ਹੋਣ ਨਾਲ ਮੁਸ਼ਕਿਲਾਂ ਹੱਲ ਹੋ ਸਕਦੀਆਂ ਹਨ, ਤੋਂ ਬਾਹਰ ਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਸਮਝ ਬਣਾਉਣੀ ਪੈਣੀ ਹੈ ਕਿ ਉਨ੍ਹਾਂ ਨੇ ਬਹੁਤ ਦੇਰ ਤਕ ਸੱਤਾ ਵਿਚ ਨਹੀਂ ਆਉਣਾ ਅਤੇ ਸੱਤਾ ਦੇ ਵਿਰੁੱਧ ਲੜਨਾ ਪੈਣਾ ਹੈ। ਇਸ ਲਈ ਉਨ੍ਹਾਂ ਦੀਆਂ ਦਲੀਲਾਂ ਅਤੇ ਸੰਘਰਸ਼ਾਂ ਦਾ ਆਧਾਰ ਨੈਤਿਕ ਅਤੇ ਲੋਕ-ਪੱਖੀ ਹੋਣਾ ਚਾਹੀਦਾ ਹੈ, ਸੱਤਾਮੁਖੀ ਨਹੀਂ। ਸੀਮਤ ਸੰਭਾਵਨਾਵਾਂ ਦੇ ਇਸ ਦੌਰ ਵਿਚ ਉਹ ਆਪਣੇ ਵਿਚਾਰਾਂ, ਅਮਲੀ ਜੀਵਨ ਅਤੇ ਸੰਘਰਸ਼ਾਂ ਰਾਹੀਂ ਸਿਰਫ਼ ਨੈਤਿਕ ਮਾਪਦੰਡ ਹੀ ਕਾਇਮ ਕਰ ਸਕਦੇ ਹਨ। ਇਹ ਕੋਈ ਆਸਾਨ ਕੰਮ ਨਹੀਂ; ਜ਼ਮੀਨੀ ਪੱਧਰ ’ਤੇ ਵਿਚਾਰਾਂ ਦੀ ਦੁਨੀਆ ਅਤੇ ਲੋਕਾਂ ਦੇ ਸੰਸਾਰ ਵਿਚ ਵਿਚਰਦਿਆਂ ਆਪਣੇ ਆਪ ਨਾਲ ਅਤੇ ਸਮੂਹਿਕ ਪੱਧਰ ’ਤੇ ਜ਼ਮੀਨੀ ਸੰਘਰਸ਼ ਕਰਨਾ ਖੱਬੇ-ਪੱਖੀਆਂ ਅਤੇ ਧਰਮ ਨਿਰਪੱਖ ਸੋਚ ਦੇ ਹਾਮੀਆਂ ਲਈ ਸਭ ਤੋਂ ਵੱਡੀ ਚੁਣੌਤੀ ਹੈ। (ਸਮਾਪਤ)

Advertisement
Tags :
ਟੂਟੀਤੰਤੁਰਬਾਬੁ॥