ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਦਸੰਬਰ ਤੋਂ ਚਾਲੂ ਹੋਣਗੀਆਂ: ਵਜਿੈ ਸਾਂਪਲਾ
ਪੱਤਰ ਪ੍ਰੇਰਕ
ਫਗਵਾੜਾ, 10 ਨਵੰਬਰ
ਕੇਂਦਰੀ ਰਾਜ ਮੰਤਰੀ ਵਜਿੈ ਸਾਂਪਲਾ ਨੇ ਕਿਹਾ ਕਿ ਆਦਮਪੁਰ ਹਵਾਈ ਅੱਡੇ ਤੋਂ ਸਥਾਨਕ ਉਡਾਣਾਂ ਦਸੰਬਰ ਤੋਂ ਚਾਲੂ ਹੋ ਜਾਣਗੀਆਂ ਤਾਂ ਜੋ ਲੋਕਾਂ ਦਾ ਹਵਾਈ ਸਫ਼ਰ ਰਾਹੀਂ ਆਉਣਾ ਜਾਣਾ ਸੌਖਾ ਹੋ ਸਕੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੋਨਾ ਦੌਰਾਨ ਇਹ ਉਡਾਣਾਂ ਬੰਦ ਹੋ ਗਈਆਂ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਤੇ ਏਅਰਲਾਈਨ ਕੰਪਨੀਆਂ ਵਲੋਂ ਉਨ੍ਹਾਂ ਨੂੰ ਭੇਜੀ ਜਾਣਕਾਰੀ ’ਚ ਇਹ ਪ੍ਰਗਟਾਵਾ ਕੀਤਾ ਗਿਆ ਹੈ। ਪੰਜਾਬ ਦੀ ‘ਆਪ’ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਮਸ਼ੀਨੀਰੀ ’ਤੇ 50 ਤੋਂ 80 ਫ਼ੀਸਦੀ ਸਬਸਿਡੀ ਦੇਣ ਦੇ ਬਾਵਜੂਦ ਵੀ ਇਹ ਸਰਕਾਰ ਪੰਜਾਬ ਨੂੰ ਪ੍ਰਦੂਸ਼ਣ ਤੋਂ ਬਚਾਅ ਨਹੀਂ ਸਕੀ ਜਿਸ ਕਾਰਨ ਸੁਪਰੀਮ ਕੋਰਟ ਤੋਂ ਵੀ ਝਾੜ ਖਾਣੀ ਪਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਰਫ਼ ਹੋਰਡਿੰਗ ਬੋਰਡਾਂ ’ਤੇ ਆਪਣੀਆਂ ਫ਼ੋਟੋਆਂ ਲਗਾਉਣ ਦਾ ਸ਼ੌਕ ਰੱਖਦੇ ਹਨ, ਉਨ੍ਹਾਂ ਨੂੰ ਫ਼ੈਲ ਰਹੇ ਪ੍ਰਦੂਸ਼ਣ ਦੀ ਕੋਈ ਚਿੰਤਾ ਨਹੀਂ ਹੈ। ਪਾਣੀਆਂ ਦੇ ਮੁੱਦਿਆਂ ’ਤੇ ਵੀ ‘ਆਪ’ ਦਾ ਦੋਗਲਾ ਸਟੈਂਡ ਹੈ ਜਦਕਿ ਭਾਜਪਾ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਕੌਂਸਲਰ ਓਮ ਪ੍ਰਕਾਸ਼ ਬਿੱਟੂ ਸਮੇਤ ਕਈ ਆਗੂ ਸ਼ਾਮਿਲ ਸਨ।