ਘਰੇਲੂ ਕਲੇਸ਼: ਜੇਠ ਵੱਲੋਂ ਭਰਜਾਈ ਦਾ ਕਤਲ
ਮਾਨਵਜੋਤ ਭਿੰਡਰ
ਡਕਾਲਾ, 15 ਨਵੰਬਰ
ਇਥੇ ਪਿੰਡ ਬਠੋਈ ਕਲਾਂ ਵਿੱਚ ਗਹਿਣਿਆਂ ਕਾਰਨ ਪਏ ਕਲੇਸ਼ ਕਾਰਨ ਜੇਠ ਨੇ ਭਰਜਾਈ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਮਹਿਲਾ ਦੀ ਪਛਾਣ ਹੇਮਾ ਰਾਣੀ ਵਜੋਂ ਹੋਈ ਹੈ ਤੇ ਮੁਲਜ਼ਮ ਜੇਠ ਦੀ ਪਛਾਣ ਕਮਲਜੀਤ ਕੁਮਾਰ ਵੱਜੋਂ ਹੋਈ ਹੈ। ਮੁਲਜ਼ਮ ਨੇ ਬੀਤੇ ਦਿਨ ਘਰੇਲੂ ਝਗੜੇ ਦੌਰਾਨ ਮਹਿਲਾ ’ਤੇ ਚਾਕੂ ਨਾਲ ਵਾਰ ਕਰ ਦਿੱਤੇ। ਜ਼ਖਮੀ ਮਹਿਲਾ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਮਹਿਲਾ ਦੀ ਮੌਤ ਹੋ ਗਈ ਹੈ। ਅੱਜ ਪਿੰਡ ਬਠੋਈ ਕਲਾਂ ਵਿੱਚ ਹੀ ਮ੍ਰਿਤਕਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਥਾਣਾ ਪਸਿਆਣਾ ਵਿੱਚ ਮ੍ਰਿਤਕਾ ਦੇ ਪਤੀ ਵਿਕਰਮਜੀਤ ਕੁਮਾਰ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੀ ਜਠਾਣੀ ਬਬੀਤਾ ਰਾਣੀ, ਜੇਠ ਕਮਲਜੀਤ ਕੁਮਾਰ ਤੇ ਇੱਕ ਹੋਰ ਮਹਿਲਾ ਪਰਮਜੋਤ ਕੌਰ ਪਤਨੀ ਕੁੰਝ ਵਿਹਾਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਰਿਪੋਰਟ ਮੁਤਾਬਕ ਦੋਸ਼ੀਆਂ ਵੱਲੋਂ ਮੁੱਦਈ ਦੇ ਘਰ ਜਾ ਕੇ ਹਾਕੀ ਤੇ ਹੋਰ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਝਗੜੇ ਵਿੱਚ ਹੀ ਕਮਲਜੀਤ ਕੁਮਾਰ ਨੇ ਆਪਣੀ ਛੋਟੀ ਭਰਜਾਈ ਹੇਮਾ ਰਾਣੀ ਦੇ ਸੱਜੀ ਵੱਖੀ ਕੋਲ ਚਾਕੂ ਨਾਲ ਤਿੱਖਾ ਵਾਰ ਕਰ ਦਿੱਤਾ ਗਿਆ। ਜ਼ਿਆਦਾ ਖੂਨ ਵਗਣ ਕਾਰਨ ਹੇਮਾ ਰਾਣੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਅੱਜ ਦੇਰ ਸ਼ਾਮ ਮ੍ਰਿਤਕਾ ਦੇ ਪੇਕੇ ਪਰਿਵਾਰ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਹੋਇਆ। ਇਸ ਮਾਮਲੇ ’ਚ ਥਾਣਾ ਪਸਿਆਣਾ ਦੇ ਇੰਚਾਰਜ ਨੇ ਫੋਨ ’ਤੇ ਦੱਸਿਆ ਕਿ ਘਟਨਾ ਦੇ ਮੁੱਖ ਦੋਸ਼ੀ ਕਮਲਜੀਤ ਕੁਮਾਰ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਏਗਾ ਜਦੋਂ ਕਿ ਕੇਸ ’ਚ ਸ਼ਾਮਲ ਦੋਵੇਂ ਮਹਿਲਾਵਾਂ ਹਾਲੇ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।